ਧਨੌਲਾ ਨਗਰ ਕੌਂਸਲ 'ਤੇ ‘ਆਪ’ ਦਾ ਕਬਜ਼ਾ: ਰਿਕਾਰਡ ਵੋਟਾਂ ਨਾਲ ਜਿੱਤੇ ਧਰਮਿੰਦਰ ਧੰਨਾ ਬਣੇ ਨਵੇਂ ਪ੍ਰਧਾਨ
ਧਨੌਲਾ ਨਗਰ ਕੌਂਸਲ ਦੇ ਕੁੱਲ 13 ਵਾਰਡਾਂ ਵਿੱਚੋਂ ਆਮ ਆਦਮੀ ਪਾਰਟੀ ਦੇ 8 ਉਮੀਦਵਾਰਾਂ ਨੇ ਵੱਡੀ ਜਿੱਤ ਹਾਸਿਲ ਕੀਤੀ ਸੀ।


Published : July 6, 2026 at 7:00 PM IST
ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਨਗਰ ਕੌਂਸਲ ਧਨੌਲਾ ਨੂੰ ਉਸ ਵੇਲੇ ਆਮ ਆਦਮੀ ਪਾਰਟੀ ਦਾ ਪ੍ਰਧਾਨ ਮਿਲ ਗਿਆ, ਜਦੋਂ ਵਾਰਡ ਨੰਬਰ 12 ਤੋਂ ਜੇਤੂ ਕੌਂਸਲਰ ਧਰਮਿੰਦਰ ਸਿੰਘ ਧੰਨਾ ਨੂੰ ਨਗਰ ਕੌਂਸਲ ਧਨੌਲਾ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਸਬੰਧੀ ਕਰਵਾਏ ਗਏ ਵਿਸ਼ੇਸ਼ ਸਮਾਗਮ ਵਿੱਚ ਸੰਗਰੂਰ ਤੋਂ ‘ਆਪ’ ਸਾਂਸਦ ਗੁਰਮੀਤ ਸਿੰਘ ਮੀਤ ਹੇਅਰ ਅਤੇ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਸਮੇਤ ਸਮੁੱਚੀ ਆਪ ਲੀਡਰਸ਼ਿਪ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਨਵ-ਨਿਯੁਕਤ ਪ੍ਰਧਾਨ ਦਾ ਮੂੰਹ ਮਿੱਠਾ ਕਰਵਾ ਕੇ ਕੁਰਸੀ 'ਤੇ ਬਿਠਾਇਆ।
ਆਮ ਆਦਮੀ ਪਾਰਟੀ ਦੇ 8 ਉਮੀਦਵਾਰਾਂ ਨੇ ਵੱਡੀ ਜਿੱਤ ਹਾਸਿਲ ਕੀਤੀ
ਦੱਸਣਯੋਗ ਹੈ ਕਿ ਧਨੌਲਾ ਨਗਰ ਕੌਂਸਲ ਦੇ ਕੁੱਲ 13 ਵਾਰਡਾਂ ਵਿੱਚੋਂ ਆਮ ਆਦਮੀ ਪਾਰਟੀ ਦੇ 8 ਉਮੀਦਵਾਰਾਂ ਨੇ ਵੱਡੀ ਜਿੱਤ ਹਾਸਿਲ ਕੀਤੀ ਸੀ, ਜਦਕਿ 5 ਉਮੀਦਵਾਰ ਆਜ਼ਾਦ ਜਿੱਤੇ ਸਨ। ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦਾ ਕੋਈ ਵੀ ਉਮੀਦਵਾਰ ਇੱਥੇ ਖਾਤਾ ਨਹੀਂ ਖੋਲ੍ਹ ਸਕਿਆ। ਨਵੇਂ ਪ੍ਰਧਾਨ ਧਰਮਿੰਦਰ ਸਿੰਘ ਧੰਨਾ ਆਪਣੇ ਵਾਰਡ ਵਿੱਚੋਂ ਸਭ ਤੋਂ ਵੱਧ 547 ਵੋਟਾਂ ਦੀ ਲੀਡ ਨਾਲ ਜੇਤੂ ਰਹੇ ਸਨ। ਸਾਂਸਦ ਮੀਤ ਹੇਅਰ ਨੇ ਧਨੌਲਾ ਦੇ ਸਰਵਪੱਖੀ ਵਿਕਾਸ ਅਤੇ ਹਸਪਤਾਲ 'ਚ ਡਾਕਟਰਾਂ ਦੇ ਪ੍ਰਬੰਧ ਦਾ ਭਰੋਸਾ ਦਿੱਤਾ ਗਿਆ ਹੈ।
'ਧਨੌਲਾ ਦੇ ਵਿਕਾਸ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਜਾਵੇ'
ਸਾਂਸਦ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ "ਪੰਜਾਬ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਲਈ ਕਰੋੜਾਂ ਰੁਪਏ ਭੇਜੇ ਜਾ ਰਹੇ ਹਨ ਅਤੇ ਧਨੌਲਾ ਦੇ ਵਿਕਾਸ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਜਾਵੇਗੀ। ਧਨੌਲਾ ਦੇ ਸਰਕਾਰੀ ਹਸਪਤਾਲ ਦੇ ਹਾਲਾਤ 'ਤੇ ਬੋਲਦਿਆਂ ਉਨ੍ਹਾਂ ਭਰੋਸਾ ਦਿੱਤਾ ਕਿ ਜਲਦ ਹੀ ਉੱਥੇ ਡਾਕਟਰਾਂ ਦਾ ਪ੍ਰਬੰਧ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇਗੀ ਅਤੇ ਪਸ਼ੂ ਮੇਲਿਆਂ ਦੇ ਪ੍ਰਬੰਧਾਂ ਦਾ ਮਸਲਾ ਵੀ ਕਾਨੂੰਨੀ ਤੌਰ 'ਤੇ ਜਲਦ ਹੱਲ ਕਰ ਲਿਆ ਜਾਵੇਗਾ।"
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ‘ਲੋਕ ਮਿਲਣੀਆਂ’ 'ਤੇ ਵਿਰੋਧੀਆਂ ਦੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਮੀਤ ਹੇਅਰ ਨੇ ਕਿਹਾ ਕਿ ਸਰਕਾਰ ਦੇ ਵਿਕਾਸ ਕਾਰਜਾਂ ਅਤੇ ਲੋਕਾਂ ਦੇ ਪਿਆਰ ਤੋਂ ਵਿਰੋਧੀ ਘਬਰਾ ਗਏ ਹਨ। ਉਨ੍ਹਾਂ ਕਾਂਗਰਸ 'ਤੇ ਤਨਜ਼ ਕੱਸਦਿਆਂ ਕਿਹਾ ਕਿ ਕਾਂਗਰਸ ਦਾ ‘ਕਾਟੋ-ਕਲੇਸ਼’ ਸਭ ਦੇ ਸਾਹਮਣੇ ਹੈ ਅਤੇ ਪੰਜਾਬ ਵਿੱਚ ਭਾਜਪਾ ਦਾ ਕੋਈ ਆਧਾਰ ਨਹੀਂ ਹੈ, ਉਹ ਸਿਰਫ਼ ਡਰਾਮੇਬਾਜ਼ੀ ਕਰ ਰਹੀ ਹੈ। ਉਨ੍ਹਾਂ ਸਿੱਖਿਆ, ਸਿਹਤ, ਰੁਜ਼ਗਾਰ ਅਤੇ ਔਰਤਾਂ ਨੂੰ ਮਿਲ ਰਹੀ ਵਿੱਤੀ ਸਹਾਇਤਾ (1000 ਅਤੇ 1500 ਰੁਪਏ) ਵਰਗੀਆਂ ਭਲਾਈ ਸਕੀਮਾਂ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ।
ਨਵ-ਨਿਯੁਕਤ ਪ੍ਰਧਾਨ ਧਰਮਿੰਦਰ ਸਿੰਘ ਧੰਨਾ ਨੇ ਸਾਂਸਦ ਮੀਤ ਹੇਅਰ, ਸਮੁੱਚੀ ਲੀਡਰਸ਼ਿਪ, ਕੌਂਸਲਰਾਂ ਅਤੇ ਧਨੌਲਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਿਲੀ ਹੋਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਧਨੌਲਾ ਨੂੰ ਨੰਬਰ ਇੱਕ ਸ਼ਹਿਰ ਬਣਾਉਣ ਲਈ ਹਮੇਸ਼ਾ ਬਚਨਵੰਦ ਰਹਿਣਗੇ। ਇਸ ਮੌਕੇ ਸ਼ਹਿਰ ਵਾਸੀ ਗੁਰਨਾਮ ਸਿੰਘ ਸਮੇਤ ਹੋਰਨਾਂ ਪਤਵੰਤਿਆਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਮੀਦ ਜਤਾਈ ਕਿ ਹੁਣ ਧਨੌਲਾ ਦਾ ਵਿਕਾਸ ਸੁਚੱਜੇ ਢੰਗ ਨਾਲ ਹੋ ਸਕੇਗਾ।

