ਨਵੇਂ ਸਾਲ 'ਤੇ ਕਿਸ ਤਰ੍ਹਾਂ ਦਾ ਰਹੇਗਾ ਮੌਸਮ ਤੇ ਕਿਵੇਂ ਹੋਵੇਗੀ ਸ਼ੁਰੂਆਤ, ਜਾਣੋ
ਲਗਾਤਾਰ ਪਾਰਾ ਹੇਠਾਂ ਆਉਣ ਨਾਲ ਸੂਬੇ 'ਚ ਠੰਢ ਵੱਧਦੀ ਜਾ ਰਹੀ ਤੇ ਨਾਲ ਹੀ ਧੁੰਦ ਦਾ ਕਹਿਰ ਵੀ ਦੇਖਣ ਨੂੰ ਮਿਲ ਰਿਹਾ ਹੈ।


Published : December 31, 2025 at 9:10 AM IST
ਚੰਡੀਗੜ੍ਹ: ਪੰਜਾਬ ਵਿੱਚ ਤਾਪਮਾਨ ਲਗਾਤਾਰ ਹੇਠਾਂ ਜਾ ਰਿਹਾ ਹੈ, ਜਿਸ ਕਾਰਨ ਸੂਬੇ 'ਚ ਠੰਢ ਵੱਧਣੀ ਸ਼ੁਰੂ ਹੋ ਗਈ ਹੈ। ਆਉਣ ਵਾਲੇ ਦਿਨਾਂ ਦੇ ਅੰਦਰ ਪੰਜਾਬ ਅਤੇ ਚੰਡੀਗੜ੍ਹ ਵਿੱਚ ਕੜਾਕੇ ਦੀ ਠੰਢ ਪੈਣ ਵਾਲੀ ਹੈ। ਜਿਸ ਦੇ ਚੱਲਦਿਆਂ ਮੌਸਮ ਵਿਭਾਗ ਵੱਲੋਂ ਆਉਂਦੇ ਦਿਨਾਂ ਦੇ ਵਿੱਚ ਸੰਘਣੀ ਧੁੰਦ ਅਤੇ ਹਲਕੀ ਬਾਰਿਸ਼ ਦਾ ਯੈਲੋ ਅਲਰਟ ਪੰਜਾਬ ਦੇ ਕਈ ਹਿੱਸਿਆਂ ਲਈ ਜਾਰੀ ਕੀਤਾ ਗਿਆ ਹੈ। ਉਥੇ ਹੀ ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਅਤੇ ਭਲਕੇ ਮੀਂਹ ਪੈਣ ਦੀ ਸੰਭਾਵਨਾ ਹੈ। ਇਹ ਬਦਲਾਅ ਪੱਛਮੀ ਡਿਸਟਰਬੈਂਸ ਦੇ ਪਹਾੜੀ ਇਲਾਕਿਆਂ 'ਚ ਪਹੁੰਚਣ ਕਾਰਨ ਹੋਇਆ ਹੈ। ਪੰਜਾਬ ਦੇ ਕਈ ਖੇਤਰਾਂ ਵਿੱਚ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ ਤੱਕ ਪਹੁੰਚ ਗਈ, ਜਿਸ ਨਾਲ ਹਵਾਈ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ। ਚੰਡੀਗੜ੍ਹ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ ’ਤੇ ਕਈ ਉਡਾਣਾਂ ਦੇਰੀ ਨਾਲ ਵੀ ਪੁੱਜੀਆਂ।
Observed #Maximum #Temperature over #Punjab, #Haryana & #Chandigarh dated 30-12-2025 pic.twitter.com/Vr3zus50Po
— IMD Chandigarh (@IMD_Chandigarh) December 30, 2025
ਗੁਰਦਾਸਪੁਰ ਰਿਹਾ ਸਭ ਤੋਂ ਠੰਢਾ
ਪੰਜਾਬ 'ਚ ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਘੱਟੋ-ਘੱਟ ਤਾਪਮਾਨ 'ਚ 1.5 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਫਿਲਹਾਲ ਤਾਪਮਾਨ ਆਮ ਨਾਲੋਂ 2.2 ਡਿਗਰੀ ਵੱਧ ਹੈ। ਸਭ ਤੋਂ ਘੱਟ ਤਾਪਮਾਨ ਗੁਰਦਾਸਪੁਰ ਵਿੱਚ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਸ਼ਹੀਦ ਭਗਤ ਸਿੰਘ ਨਗਰ 'ਚ 5.8 ਡਿਗਰੀ ਸੈਲਸੀਅਸ, ਫਰੀਦਕੋਟ 'ਚ 6.4 ਡਿਗਰੀ ਸੈਲਸੀਅਸ, ਬਠਿੰਡਾ ਅਤੇ ਹੁਸ਼ਿਆਰਪੁਰ 'ਚ 6.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਪਠਾਨਕੋਟ 'ਚ ਘੱਟੋ-ਘੱਟ ਤਾਪਮਾਨ 10.3 ਡਿਗਰੀ ਸੈਲਸੀਅਸ ਰਿਹਾ।
ਗੁਆਂਢੀ ਸੂਬੇ 'ਚ ਬਰਫਬਾਰੀ
ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਜ਼ਿਲ੍ਹੇ ਦੀਆਂ ਉੱਚੀਆਂ ਚੋਟੀਆਂ 'ਤੇ ਮੰਗਲਵਾਰ ਸ਼ਾਮ ਤੋਂ ਬਰਫਬਾਰੀ ਸ਼ੁਰੂ ਹੋ ਗਈ ਹੈ। ਜ਼ਿਲੇ ਦੇ ਉੱਚੇ ਇਲਾਕਿਆਂ 'ਚ ਬਰਫਬਾਰੀ ਦੇਖ ਕੇ ਕਿਸਾਨਾਂ, ਬਾਗਬਾਨਾਂ ਦੇ ਨਾਲ-ਨਾਲ ਸੈਲਾਨੀਆਂ ਦੇ ਚਿਹਰਿਆਂ 'ਤੇ ਰੌਣਕ ਆ ਗਈ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਅੱਜ ਅਤੇ ਕੱਲ੍ਹ ਚੰਗੀ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ। ਚੰਬਾ, ਕਾਂਗੜਾ, ਕੁੱਲੂ, ਕਿਨੌਰ ਅਤੇ ਲਾਹੌਲ ਸਪਿਤੀ ਦੀਆਂ ਉੱਚੀਆਂ ਚੋਟੀਆਂ 'ਤੇ ਅਗਲੇ 72 ਘੰਟਿਆਂ ਤੱਕ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸੇ ਤਰ੍ਹਾਂ ਸ਼ਿਮਲਾ, ਸੋਲਨ ਅਤੇ ਸਿਰਮੌਰ ਸਮੇਤ ਸੂਬੇ ਦੇ ਹੋਰ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।
WEATHER WARNING AND RAINFALL MAP #PUNJAB #HARYANA DATED 30-12-2025 pic.twitter.com/8E8nxbzRGQ
— IMD Chandigarh (@IMD_Chandigarh) December 30, 2025
ਦੋ ਦਿਨ ਮੀਂਹ ਦੀ ਸੰਭਾਵਨਾ
ਮੌਸਮ ਵਿਭਾਗ ਅਨੁਸਾਰ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਸ੍ਰੀ ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਮੋਹਾਲੀ 'ਚ ਕੁਝ ਥਾਵਾਂ 'ਤੇ ਸੰਘਣੀ ਧੁੰਦ ਪੈ ਸਕਦੀ ਹੈ। ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ ਅਤੇ ਬਠਿੰਡਾ 'ਚ ਵੱਖ-ਵੱਖ ਥਾਵਾਂ 'ਤੇ ਹਨ੍ਹੇਰੀ ਅਤੇ ਤੂਫ਼ਾਨ ਦੀ ਸੰਭਾਵਨਾ ਹੈ। ਇਨ੍ਹਾਂ ਇਲਾਕਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਮੋਗਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ ਅਤੇ ਪਟਿਆਲਾ 'ਚ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਸ਼ੀਤ ਲਹਿਰ ਦਾ ਯੈਲੋ ਅਲਰਟ
ਮੌਸਮ ਵਿਭਾਗ ਨੇ ਤਿੰਨ ਦਿਨਾਂ ਤੱਕ ਚੱਲਣ ਵਾਲੀ ਸ਼ੀਤ ਲਹਿਰ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਅੱਜ ਕੁੱਲੂ, ਮੰਡੀ ਅਤੇ ਸ਼ਿਮਲਾ ਜ਼ਿਲ੍ਹਿਆਂ ਵਿੱਚ ਇਹ ਚਿਤਾਵਨੀ ਦਿੱਤੀ ਗਈ ਹੈ, ਜਦਕਿ ਕੱਲ੍ਹ ਲਈ ਊਨਾ, ਬਿਲਾਸਪੁਰ, ਹਮੀਰਪੁਰ, ਕਾਂਗੜਾ, ਮੰਡੀ, ਕੁੱਲੂ ਜ਼ਿਲ੍ਹਿਆਂ ਵਿੱਚ ਵੀ ਇਹ ਚਿਤਾਵਨੀ ਦਿੱਤੀ ਗਈ ਹੈ। ਭਲਕੇ ਸੋਲਨ ਅਤੇ ਸਿਰਮੌਰ ਵਿੱਚ ਤੂਫਾਨ ਆਉਣ ਦੀ ਸੰਭਾਵਨਾ ਹੈ। 5 ਜਨਵਰੀ ਨੂੰ ਫਿਰ ਤੋਂ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਜ਼ਿਆਦਾਤਰ ਹਿੱਸਿਆਂ 'ਚ ਹਲਕੀ ਬਾਰਿਸ਼ ਅਤੇ ਬਰਫਬਾਰੀ ਹੋਵੇਗੀ। 3 ਅਤੇ 4 ਜਨਵਰੀ ਨੂੰ ਮੌਸਮ ਸਾਫ਼ ਰਹੇਗਾ। 5 ਜਨਵਰੀ ਨੂੰ ਪੱਛਮੀ ਗੜਬੜੀ ਦੇ ਫਿਰ ਤੋਂ ਸਰਗਰਮ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਉੱਚਾਈ ਵਾਲੇ ਇਲਾਕਿਆਂ ਵਿੱਚ ਫਿਰ ਤੋਂ ਹਲਕੀ ਬਰਫ਼ਬਾਰੀ ਹੋ ਸਕਦੀ ਹੈ।
Observed #Minimum #Temperature over #Punjab, #Haryana & #Chandigarh dated 30-12-2025 pic.twitter.com/j7uuO9KkV3
— IMD Chandigarh (@IMD_Chandigarh) December 30, 2025
ਪੰਜਾਬ ਦੇ ਮੁੱਖ ਸ਼ਹਿਰਾਂ ਦਾ ਤਾਪਮਾਨ
ਇਸ ਦੇ ਨਾਲ ਹੀ ਪੰਜਾਬ ਦੇ ਅੱਜ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਸੂਬੇ 'ਚ ਸਾਫ਼ ਮੌਸਮ ਰਹਿਣ ਦੀ ਉਮੀਦ ਹੈ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ 'ਚ 17 ਤੋਂ 6 ਡਿਗਰੀ ਤੱਕ ਤਾਪਮਾਨ ਰਹਿਣ ਦੀ ਸੰਭਾਵਨਾ ਹੈ। ਜਲੰਧਰ 'ਚ 19 ਡਿਗਰੀ ਤੋਂ 6 ਡਿਗਰੀ ਤਾਪਮਾਨ ਰਹਿ ਸਕਦਾ ਹੈ। ਪਟਿਆਲਾ 'ਚ 18 ਤੋਂ 6 ਡਿਗਰੀ ਤਾਪਮਾਨ ਦਰਜ ਕੀਤਾ ਜਾ ਸਕਦਾ ਹੈ। ਲੁਧਿਆਣਾ 'ਚ 19 ਤੋਂ 7 ਡਿਗਰੀ ਤਾਪਮਾਨ ਰਹਿਣ ਦੀ ਸੰਭਾਵਨਾ ਹੈ ਅਤੇ ਮੋਹਾਲੀ 'ਚ ਤਾਪਮਾਨ 16 ਡਿਗਰੀ ਤੋਂ 5 ਡਿਗਰੀ ਤੱਕ ਰਹਿ ਸਕਦਾ ਹੈ।
ਦਿੱਲੀ-ਐਨਸੀਆਰ ਦਾ ਮੌਸਮ
ਰਾਜਧਾਨੀ ਦਿੱਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਸਥਿਤੀ ਬਹੁਤ ਚਿੰਤਾਜਨਕ ਹੈ। ਸੜਕਾਂ 'ਤੇ ਸੰਘਣੀ ਧੁੰਦ ਹੈ, ਸ਼ਾਮ ਤੋਂ ਸਵੇਰ ਤੱਕ ਤੇਜ਼ ਹੋਣ ਵਾਲੀ ਠੰਢ ਅਤੇ ਪ੍ਰਦੂਸ਼ਿਤ ਹਵਾ ਨੇ ਆਮ ਲੋਕਾਂ ਦਾ ਜੀਵਨ ਬਹੁਤ ਮੁਸ਼ਕਿਲ ਬਣਾ ਦਿੱਤਾ ਹੈ। ਮੰਗਲਵਾਰ ਨੂੰ ਦਿੱਲੀ ਵਿੱਚ ਵੀ ਸੰਘਣੀ ਧੁੰਦ ਦੇਖੀ ਗਈ। ਹਾਲਾਂਕਿ, ਦਿਨ ਚੜ੍ਹਦੇ ਹੀ ਧੁੰਦ ਸਾਫ਼ ਹੋ ਗਈ। ਸਵੇਰੇ 10 ਵਜੇ ਤੋਂ ਬਾਅਦ ਜ਼ਿਆਦਾਤਰ ਖੇਤਰਾਂ ਵਿੱਚ ਸੂਰਜ ਚਮਕਿਆ, ਜਿਸ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ ਵਾਧਾ ਹੋਇਆ। ਸਫਦਰਜੰਗ ਵਿੱਚ ਵੱਧ ਤੋਂ ਵੱਧ ਤਾਪਮਾਨ 21.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 1.1 ਡਿਗਰੀ ਸੈਲਸੀਅਸ ਵੱਧ ਹੈ। ਘੱਟੋ-ਘੱਟ ਤਾਪਮਾਨ 9.4 ਡਿਗਰੀ ਸੈਲਸੀਅਸ, ਆਮ ਨਾਲੋਂ 2.6 ਡਿਗਰੀ ਸੈਲਸੀਅਸ ਵੱਧ ਹੈ। ਮੌਸਮ ਵਿਭਾਗ ਨੇ ਬੁੱਧਵਾਰ ਸਵੇਰੇ ਦਿੱਲੀ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਦਰਮਿਆਨੀ ਧੁੰਦ ਅਤੇ ਕੁਝ ਇਲਾਕਿਆਂ ਵਿੱਚ ਸੰਘਣੀ ਧੁੰਦ ਲਈ ਪੀਲਾ ਅਲਰਟ ਜਾਰੀ ਕੀਤਾ ਹੈ। ਘੱਟੋ-ਘੱਟ ਤਾਪਮਾਨ 7 ਤੋਂ 9 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 21 ਤੋਂ 23 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ।

