ETV Bharat / state

ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਾਡਾ ਟਕਰਾਅ ਕਰਵਾਉਣ ਦੀ ਕੋਸ਼ਿਸ਼, ਹਰਮੀਤ ਸਿੰਘ ਕਾਲਕਾ ਦਾ ਬਿਆਨ

ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਪਹੁੰਚੇ।

Kalka big statement
ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਾਡਾ ਟਕਰਾਅ ਕਰਵਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ :ਕਾਲਕੳ (Etv Bharat)
author img

By ETV Bharat Punjabi Team

Published : February 27, 2026 at 8:02 PM IST

3 Min Read
Choose ETV Bharat

ਅੰਮ੍ਰਿਤਸਰ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਆਪਣੀ ਟੀਮ ਸਮੇਤ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਸਨਮੁਖ ਹੋਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਮੀਤ ਸਿੰਘ ਕਾਲਕਾ ਨੇ ਕਿਹਾ 'ਗਿਆਨੀ ਰਘਬੀਰ ਸਿੰਘ ਵਰਗੀ ਸ਼ਖਸੀਅਤ, ਜਿਨ੍ਹਾਂ ਨੇ ਪੂਰੀ ਜ਼ਿੰਦਗੀ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੀ ਨਿਡਰ ਹੋ ਕੇ ਸੇਵਾ ਕੀਤੀ ਹੈ, ਉਨ੍ਹਾਂ ਦਾ ਨਾਮ ਇਤਿਹਾਸ ਵਿੱਚ ਪਹਿਲਾਂ ਹੀ ਦਰਜ ਹੋ ਚੁੱਕਾ ਹੈ।'

ਹਰਮੀਤ ਸਿੰਘ ਕਾਲਕਾ,ਪ੍ਰਧਾਨ,DSGMC (Etv Bharat)

'ਰੁਝਾਨ ਕੌਮ ਲਈ ਚਿੰਤਾ ਦਾ ਵਿਸ਼ਾ'

2 ਦਸੰਬਰ ਨੂੰ ਸ੍ਰੀ੍ ਅਕਾਲ ਤਖ਼ਤ ਸਾਹਿਬ ਉੱਤੇ ਵਾਪਰੀ ਘਟਨਾ ਵੀ ਇਤਿਹਾਸ ਦਾ ਹਿੱਸਾ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ 'ਅਜਿਹੀ ਸ਼ਖ਼ਸੀਅਤ ਨੂੰ ਜਿੱਥੇ ਵੀ ਮਾਣ-ਸਤਿਕਾਰ ਮਿਲਦਾ ਹੈ,ਖੁਸ਼ਦਿਲੀ ਨਾਲ ਸਵੀਕਾਰ ਕਰਨਾ ਚਾਹੀਦਾ ਹੈ। ਇਹ ਛੋਟੀਆਂ ਗੱਲਾਂ ਹਨ ਕਿ ਕਿਸੇ ਗੁਰਦੁਆਰੇ ਵਿੱਚ ਉਨ੍ਹਾਂ ਨੂੰ ਸੇਵਾ ਦਿੱਤੀ ਜਾਂਦੀ ਹੈ ਜਾਂ ਨਹੀਂ। ਅੱਜ ਸਮੁੱਚਾ ਪੰਥ ਉਨ੍ਹਾਂ ਨਾਲ ਖੜ੍ਹਾ ਹੈ ਕਿਉਂਕਿ ਉਨ੍ਹਾਂ ਵੱਲੋਂ ਕੀਤੇ ਗਏ ਖੁਲਾਸਿਆਂ ਬਾਰੇ ਸ਼੍ਰੋਮਣੀ ਕਮੇਟੀ ਨੂੰ ਜਵਾਬ ਦੇਣਾ ਹੀ ਪਵੇਗਾ। ਹਰਮੀਤ ਸਿੰਘ ਕਾਲਕਾ ਨੇ ਜਥੇਦਾਰਾਂ ਨਾਲ ਹੋ ਰਹੇ ਵਿਵਹਾਰ ਨੂੰ ਕੌਮ ਲਈ ਦੁਖਦਾਈ ਦੱਸਿਆ। ਉਨ੍ਹਾਂ ਕਿਹਾ ਕਿ 'ਅਕਸਰ ਦੇਖਿਆ ਗਿਆ ਹੈ ਕਿ ਜਦੋਂ ਵੀ ਕੋਈ ਜਥੇਦਾਰ ਆਪਣੇ ਅਧਿਕਾਰਾਂ ਦੀ ਗੱਲ ਕਰਦਾ ਹੈ ਤਾਂ ਉਸ ਦੀ ਕਿਰਦਾਰਕੁਸ਼ੀ ਕਰਕੇ ਉਸ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਹੈ। ਇਹ ਰੁਝਾਨ ਕੌਮ ਲਈ ਚਿੰਤਾ ਦਾ ਵਿਸ਼ਾ ਹੈ।'

ਕਾਲਕਾ ਨੇ ਕਿਹਾ ਕਿ 'ਵੱਖ-ਵੱਖ ਧਿਰਾਂ ਦੇ ਵੱਖ-ਵੱਖ ਵਿਚਾਰ ਹਨ। ਕੁਝ ਲੋਕ ਇਹ ਫੈਸਲੇ ਬਾਦਲਾਂ ਨਾਲ ਜੋੜਦੇ ਹਨ, ਜਦਕਿ ਕੁਝ ਕਹਿੰਦੇ ਹਨ ਕਿ ਇਹ ਜਥੇਦਾਰਾਂ ਦੇ ਆਪਣੇ ਫੈਸਲੇ ਸਨ। ਜਦੋਂ ਕਿ ਇਹ ਮਾਮਲਾ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਮੀਰੀ-ਪੀਰੀ ਦੀ ਪਰੰਪਰਾ ਨਾਲ ਜੁੜੀ ਹੋਈ ਹਿੰਮਤ ਦਾ ਪ੍ਰਤੀਕ ਸੀ।'

'ਗਲਤਫਹਿਮੀਆਂ ਜਾਣਬੁੱਝ ਕੇ ਪੈਦਾ ਕੀਤੀਆਂ'

ਦਿੱਲੀ ਗੁਰਦੁਆਰਾ ਕਮੇਟੀ ਦੀ 25 ਅਕਤੂਬਰ ਨੂੰ ਹੋਈ ਮੀਟਿੰਗ ਬਾਰੇ ਗੱਲ ਕਰਦਿਆਂ ਕਾਲਕਾ ਨੇ ਦੱਸਿਆ ਕਿ ਇਸ ਵਿੱਚ ਗੁਰਦੁਆਰਿਆਂ ਅੰਦਰ ਹੋਈਆਂ ਗ਼ਲਤੀਆਂ ਅਤੇ ਆਰਥਿਕ ਬੇਨਿਯਮੀਆਂ ਦੀ ਜਾਂਚ ਦੀ ਮੰਗ ਉੱਠੀ ਸੀ। ਐਕਟ ਮੁਤਾਬਕ ਕੋਈ ਵੀ ਵਿਅਕਤੀ ਆਪਣੇ ਪਰਿਵਾਰ ਨਾਲ ਵਪਾਰ ਨਹੀਂ ਕਰ ਸਕਦਾ। ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਆਇਆ ਇੱਕ ਪੱਤਰ ਸ਼ੱਕ ਪੈਦਾ ਕਰਦਾ ਹੈ ਕਿਉਂਕਿ ਉਹ ਅਰਦਾਸ ਤੋਂ ਬਾਅਦ ਮੌਕੇ ‘ਤੇ ਪਹੁੰਚਾਇਆ ਗਿਆ। ਸੰਪਰਕ ਨਾ ਹੋਣ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ ਕਿ 'ਅੱਜਕੱਲ੍ਹ ਈਮੇਲ, ਫ਼ੋਨ ਅਤੇ ਹੋਰ ਕਈ ਸਾਧਨ ਮੌਜੂਦ ਹਨ, ਇਸ ਲਈ ਲੱਗਦਾ ਹੈ ਕਿ ਕੁਝ ਗਲਤਫਹਿਮੀਆਂ ਜਾਣਬੁੱਝ ਕੇ ਪੈਦਾ ਕੀਤੀਆਂ ਜਾ ਰਹੀਆਂ ਹਨ।'

ਕੇਜਰੀਵਾਲ 'ਤੇ ਜਵਾਬ

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮਾਮਲੇ ‘ਤੇ ਕਾਲਕਾ ਨੇ ਕਿਹਾ ਕਿ 'ਬਿਨਾਂ ਪੂਰੇ ਸਬੂਤਾਂ ਦੇ ਕਿਸੇ ਉੱਤੇ ਇਲਜ਼ਾਮ ਲਗਾਉਣਾ ਠੀਕ ਨਹੀਂ ਅਤੇ ਅਦਾਲਤੀ ਪ੍ਰਕਿਰਿਆ ਪੂਰੀ ਹੋਣੀ ਚਾਹੀਦੀ ਹੈ। ਹਰ ਸੰਸਥਾ ਅਤੇ ਧਾਰਮਿਕ ਸਥਾਨ ਦੀ ਆਪਣੀ ਮਰਿਆਦਾ ਹੁੰਦੀ ਹੈ। ਕਿਸੇ ਵੀ ਇਲਜ਼ਾਮ ਦੀ ਨਿਰਪੱਖ ਜਾਂਚ ਹੋਣੀ ਲਾਜ਼ਮੀ ਹੈ ਤਾਂ ਜੋ ਸੰਸਥਾਵਾਂ ਦੀ ਇੱਜ਼ਤ ਅਤੇ ਮਰਿਆਦਾ ਕਾਇਮ ਰਹੇ।'

ਗਿਆਨੀ ਗੜਗੱਜ ਨੇ ਕੀਤੀ ਟਿਪੱਣੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਲੋਕਤੰਤਰ ਅਤੇ ਕਾਨੂੰਨ ਦੇ ਰਾਜ ਬਾਰੇ ਅਹੰਕਾਰਪੂਰਕ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ 'ਲੋਕਤੰਤਰ ਵਿੱਚ ਕਾਨੂੰਨ ਦਾ ਰਾਜ ਹੁੰਦਾ ਹੈ ਅਤੇ ਜੇ ਕੋਈ ਅਪਰਾਧ ਕਰਦਾ ਹੈ ਤਾਂ ਉਸ ਨੂੰ ਸਜ਼ਾ ਦੇਣ ਦਾ ਅਧਿਕਾਰ ਸਿਰਫ਼ ਅਦਾਲਤਾਂ ਕੋਲ ਹੈ। ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਜੇ ਪੁਲਿਸ ਨੂੰ ਬੇਹਦ ਅਧਿਕਾਰ ਦੇ ਦਿੱਤੇ ਜਾਣ ਅਤੇ ਉਹ ਆਪ ਹੀ ਫੈਸਲੇ ਕਰਨ ਲੱਗ ਪਏ ਤਾਂ ਆਮ ਲੋਕਾਂ ਦੀ ਜ਼ਿੰਦਗੀ ਮੁਸ਼ਕਲ ਹੋ ਜਾਂਦੀ ਹੈ। ਇਸ ਲਈ ਹਰ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਉਹ ਵੀ ਪੂਰੀ ਤਰ੍ਹਾਂ ਨਿਰਪੱਖ। ਉਨ੍ਹਾਂ ਸਪਸ਼ਟ ਕੀਤਾ ਕਿ ਕੱਲ੍ਹ ਹੋਈ ਕਾਰਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੰਦਰੂਨੀ ਮਸਲਾ ਸੀ, ਪਰ ਜਿੱਥੇ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਗੱਲ ਆਉਂਦੀ ਹੈ, ਉੱਥੇ ਹਰ ਸਿੱਖ ਸੰਸਥਾ ਨੂੰ ਮਰਿਆਦਾ ਅਨੁਸਾਰ ਚੱਲਣਾ ਲਾਜ਼ਮੀ ਹੈ।'