ਸੋਨੇ ਦੇ ਵਪਾਰੀ ‘ਤੇ ਜਾਨਲੇਵਾ ਹਮਲਾ, ਬਾਈਕ ਨੂੰ ਟੱਕਰ ਮਾਰ ਕੇ ਲੁੱਟਿਆ ਸੋਨਾ, ਵੇਖੋ ਸੀਸੀਟੀਵੀ
ਸੋਨੇ ਦਾ ਕਾਰੋਬਾਰ ਕਰਨ ਵਾਲੇ ਮੁਖਤਿਆਰ ਸਿੰਘ ‘ਤੇ ਦਿਨ ਦਿਹਾੜੇ ਜਾਨਲੇਵਾ ਹਮਲਾ ਕੀਤਾ ਗਿਆ। ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ।

Published : January 9, 2026 at 7:57 PM IST
ਅੰਮ੍ਰਿਤਸਰ: ਅੰਮ੍ਰਿਤਸਰ ਦੇ ਟਾਹਲੀ ਵਾਲਾ ਬਾਜ਼ਾਰ ‘ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ। ਜਦੋਂ ਸੋਨੇ ਦਾ ਕਾਰੋਬਾਰ ਕਰਨ ਵਾਲੇ ਮੁਖਤਿਆਰ ਸਿੰਘ ਉਰਫ਼ ਮੁਖਾ ‘ਤੇ ਦਿਨ ਦਿਹਾੜੇ ਜਾਨਲੇਵਾ ਹਮਲਾ ਕੀਤਾ ਗਿਆ। ਘਟਨਾ ਦੇ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਏ ਹਨ। ਰਿਪੋਰਟਾਂ ਅਨੁਸਾਰ, ਇਹ ਘਟਨਾ ਅੰਮ੍ਰਿਤਸਰ ਦੇ ਨਿਊ ਫਲਾਵਰ ਸਕੂਲ ਦੇ ਨੇੜੇ ਵਾਪਰੀ। ਵੀਡੀਓ ਵਿੱਚ ਹਮਲੇ ਦੀਆਂ ਸੀਸੀਟੀਵੀ ਤਸਵੀਰਾਂ ਕੈਦ ਹੋਈਆਂ ਹਨ। ਪੀੜਤ, ਮੁਖਤਿਆਰ ਸਿੰਘ, ਅੰਤਰਯਾਮੀ ਕਲੋਨੀ ਦਾ ਨਿਵਾਸੀ ਦੱਸਿਆ ਜਾ ਰਿਹਾ ਹੈ।
ਯੋਜਨਾ ਬੱਧ ਸੀ ਹਮਲਾ
ਉੱਥੇ ਹੀ ਪੀੜਤ ਦੇ ਪਰਿਵਾਰਕ ਮੈਂਬਰ ਪ੍ਰਦੀਪ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਲਜ਼ਾਮ ਲਗਾਇਆ ਕਿਹਾ ਕਿ "ਇਹ ਹਮਲਾ ਪੂਰੀ ਤਰ੍ਹਾਂ ਯੋਜਨਾ ਬਣਾ ਕੇ ਕੀਤਾ ਗਿਆ ਸੀ। ਮੁਖਤਿਆਰ ਸਿੰਘ ਇੱਕ ਇਮਾਨਦਾਰ ਅਤੇ ਭਲਾ ਕਰਨ ਵਾਲਾ ਵਪਾਰੀ ਹੈ, ਜਿਸ ਦੀ ਤਰੱਕੀ ਤੋਂ ਈਰਖਾ ਕਰਕੇ ਇਹ ਹਮਲਾ ਕੀਤਾ ਗਿਆ।"
ਪ੍ਰਦੀਪ ਸਿੰਘ ਨੇ ਦੱਸਿਆ ਕਿ ਵਿੱਕੀ ਕੰਡਾ, ਜੋ ਕਿ ਸਾਬਕਾ ਕੌਂਸਲਰ ਹੈ ਉਹ ਅਕਸਰ ਪੀੜਤ ਕੋਲੋਂ ਪੈਸਿਆਂ ਦੀ ਮੰਗ ਕਰਦਾ ਸੀ ਅਤੇ ਇਨਕਾਰ ਕਰਨ ‘ਤੇ ਉਸ ਨੇ ਰੰਜਿਸ਼ ਪਾਲ ਲਈ। ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਹਮਲੇ ਤੋਂ ਬਾਅਦ ਵੀ ਪੁਲਿਸ ਦੇਰੀ ਨਾਲ ਮੌਕੇ ‘ਤੇ ਪਹੁੰਚੀ, ਜਿਸ ਕਾਰਨ ਪੀੜਤ ਦੀ ਹਾਲਤ ਹੋਰ ਗੰਭੀਰ ਹੋ ਗਈ।
"ਇਸ ਘਟਨਾ ਦੀ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ, ਜੋ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਨੌਜਵਾਨਾਂ ਦਾ ਇੱਕ ਸਮੂਹ ਇੱਕ ਕਾਲੇ ਵਾਹਨ ਵਿੱਚ ਆਉਂਦਾ ਹੈ ਅਤੇ ਤੁਰੰਤ ਇੱਕ ਮੋਟਰਸਾਈਕਲ ਸਵਾਰ 'ਤੇ ਹਮਲਾ ਕਰਦਾ ਹੈ। ਟੱਕਰ ਲੱਗਣ 'ਤੇ, ਮੋਟਰਸਾਈਕਲ ਸਵਾਰ ਸੜਕ 'ਤੇ ਡਿੱਗ ਪੈਂਦਾ ਹੈ ਅਤੇ ਹਮਲਾਵਰ ਹਥਿਆਰਾਂ ਨਾਲ ਪੀੜਤ ਦਾ ਪਿੱਛਾ ਕਰਦੇ ਦਿਖਾਈ ਦਿੰਦੇ ਹਨ।" - ਬਲਜਿੰਦਰ ਸਿੰਘ, ਥਾਣਾ ਬੀ ਡਿਵੀਜ਼ਨ ਦੇ ਪੁਲਿਸ ਅਧਿਕਾਰੀ
ਪਹਿਲਾਂ ਹੋ ਚੁੱਕੀ ਸੀ ਤਕਰਾਰ
ਪੁਲਿਸ ਅਧਿਕਾਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ, 'ਮੁਖਤਿਆਰ ਸਿੰਘ ਟਾਹਲੀ ਵਾਲਾ ਬਾਜ਼ਾਰ ਵਿੱਚ ਸੋਨੇ ਦਾ ਵਪਾਰ ਕਰਦਾ ਹੈ ਅਤੇ ਉਸ ਦੀ ਪਹਿਲਾਂ ਅਮਰਜੀਤ ਸਿੰਘ ਅਤੇ ਵਿਕੀ ਕੰਡਾ ਨਾਲ ਤਕਰਾਰ ਹੋ ਚੁੱਕੀ ਸੀ, ਜਿਸ ਨੂੰ ਉਸ ਸਮੇਂ ਬਜ਼ਾਰ ਦੇ ਮੋਹਤਬਰ ਲੋਕਾਂ ਨੇ ਦਖ਼ਲ ਦੇ ਕੇ ਰਾਜ਼ੀਨਾਮੇ ਨਾਲ ਨਿਪਟਾ ਦਿੱਤਾ ਸੀ ਪਰ ਅੱਜ ਜਦੋਂ ਮੁਖਤਿਆਰ ਸਿੰਘ ਆਪਣੀ ਬੁਲੇਟ ਮੋਟਰਸਾਈਕਲ ‘ਤੇ ਕਿਤੇ ਜਾ ਰਿਹਾ ਸੀ ਤਾਂ ਅਮਰਜੀਤ ਸਿੰਘ ਅਤੇ ਵਿਕੀ ਕੰਡਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਨੂੰ ਕਾਰ ਨਾਲ ਟੱਕਰ ਮਾਰੀ। ਮੋਟਰਸਾਈਕਲ ਤੋਂ ਡਿੱਗਣ ਤੋਂ ਬਾਅਦ ਮੁਖਤਿਆਰ ਸਿੰਘ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ।
ਮਾਮਲੇ ਦੀ ਜਾਂਚ ਸ਼ੁਰੂ
ਘਟਨਾ ਵਿੱਚ ਮੁਖਤਿਆਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸਾਰੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਜੋ ਵੀ ਮੁਲਜ਼ਮ ਪਾਇਆ ਗਿਆ, ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟੀ ਹੋਈ ਹੈ ਅਤੇ ਸੀਸੀਟੀਵੀ ਸਬੂਤਾਂ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਛਾਣ ਕਰਕੇ ਗ੍ਰਿਫ਼ਤਾਰੀ ਦੀ ਕਾਰਵਾਈ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ।

