ETV Bharat / state

ਸਾਡੀ ਵਾਰੀ ਮੁੱਕੀ ਸਰਕਾਰ ਦੀ ਸਿਆਹੀ ! ਹਜ਼ਾਰਾਂ ਕੋਰੋਨਾ ਮ੍ਰਿਤਕਾਂ ਦਾ ਸਸਕਾਰ ਕਰਨ ਵਾਲਿਆਂ ਦੀ ਸਰਕਾਰ ਨੂੰ ਫਰਿਆਦ

ਬੀਤੇ ਦਿਨ ਹੋਈ ਕੈਬਨਿਟ ਮੀਟਿੰਗ 'ਚ ਕੋਰੋਨਾ ਯੋਧਿਆਂ ਨੂੰ ਲੈਕੇ ਸਰਕਾਰ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਪੜ੍ਹੋ ਖ਼ਬਰ...

Corona Warriors Demand
ਕੋਰੋਨਾ ਯੋਧਿਆਂ ਦੀ ਪੁਕਾਰ (Etv Bharat)
author img

By ETV Bharat Punjabi Team

Published : February 27, 2026 at 2:08 PM IST

4 Min Read
Choose ETV Bharat

ਲੁਧਿਆਣਾ: ਪੰਜਾਬ ਕੈਬਨਿਟ ਵੱਲੋਂ ਬੀਤੇ ਦਿਨੀ ਇਹ ਫੈਸਲਾ ਲਿਆ ਗਿਆ ਹੈ ਕਿ ਜਿਨ੍ਹਾਂ ਕੋਰੋਨਾ ਵਲੰਟੀਅਰਾਂ ਵੱਲੋਂ ਉਸ ਸਮੇਂ ਲਵਾਰਿਸ ਲਾਸ਼ਾਂ ਦੇ ਸਸਕਾਰ ਕੀਤੇ ਗਏ ਅਤੇ ਲੋਕਾਂ ਦੀ ਮਦਦ ਕੀਤੀ ਗਈ ਉਹਨਾਂ ਨੂੰ ਨੌਕਰੀਆਂ ਦੇ ਵਿੱਚ ਤਰਜੀਹ ਦੇਣ ਦਾ ਫੈਸਲਾ ਲਿਆ ਗਿਆ ਹੈ। ਕੈਬਿਨਟ ਮੀਟਿੰਗ ਤੋਂ ਬਾਅਦ ਕੈਬਨਿਟ ਮੰਤਰੀ ਹਰਪਾਲ ਚੀਮਾ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਕਿਹਾ ਗਿਆ ਕਿ ਜਿਨ੍ਹਾਂ ਨੇ ਇੱਕ ਸਾਲ ਤੋਂ ਵਧੇਰੇ ਸੇਵਾ ਕੀਤੀ, ਉਹਨਾਂ ਨੂੰ ਨੌਕਰੀ ਲਈ 10 ਨੰਬਰ ਜਦੋਂ ਕਿ ਇੱਕ ਸਾਲ ਤੋਂ ਘੱਟ ਵਾਲਿਆਂ ਨੂੰ ਪੰਜ ਨੰਬਰ ਦਿੱਤੇ ਜਾਣਗੇ। ਇਸ ਤੋਂ ਇਲਾਵਾ 300 ਤੋਂ ਵਧੇਰੇ ਸੀ ਗਰੁੱਪ ਦੀਆਂ ਨਵੀਆਂ ਅਸਾਮੀਆਂ ਵੀ ਕੱਢੀਆਂ ਗਈਆਂ ਹਨ, ਜਿਨ੍ਹਾਂ ਵਿੱਚ ਫਾਰਮਰਸਿਸਟ ਸਟਾਫ਼ ਨਰਸ, ਪੈਰਾਮੈਡੀਕਲ ਸਟਾਫ਼ ਆਦਿ ਦੀ ਭਰਤੀ ਹੋਵੇਗੀ। ਉਥੇ ਹੀ ਪੰਜਾਬ ਦੇ ਕਈ ਅਜਿਹੇ ਕੋਰੋਨਾ ਵਲੰਟੀਅਰ ਹਨ ਜਿਨ੍ਹਾਂ ਨੇ ਆਪਣੀ ਜਾਨ ਜੋਖ਼ਮ 'ਚ ਪਾ ਕੇ ਉਸ ਵੇਲੇ ਸੇਵਾ ਤਾਂ ਕੀਤੀ ਪਰ ਸਰਕਾਰਾਂ ਵੱਲੋਂ ਹੀ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ।

ਸਰਕਾਰ ਕਰ ਰਹੀ ਨਜ਼ਰਅੰਦਾਜ਼

ਲੁਧਿਆਣਾ ਦੇ ਕੋਰੋਨਾ ਵਾਰੀਅਰ ਦੇ ਵਿੱਚ ਕੇਸ਼ਵ ਮਨਦੀਪ ਗੁੱਡੂ ਦੀ ਟੀਮ ਦੇ ਵਿੱਚ ਲੱਗਭਗ 12 ਮੈਂਬਰ ਹਨ। ਜਿਨ੍ਹਾਂ ਨੇ ਕੋਰੋਨਾ ਦੇ ਸਮੇਂ 2145 ਦੇ ਕਰੀਬ ਅੰਤਿਮ ਸਸਕਾਰ ਕੀਤੇ। ਅਜਿਹਾ ਵੇਲੇ ਜਦੋਂ ਕੋਈ ਆਪਣੇ ਮਾਂ-ਬਾਪ, ਭੈਣ-ਭਰਾ, ਪੁੱਤ ਦਾ ਸਸਕਾਰ ਕਰਨ ਨੂੰ ਰਾਜ਼ੀ ਨਹੀਂ ਸੀ ਤਾਂ ਉਸ ਵੇਲੇ ਅੰਤਿਮ ਰਸਮਾਂ ਇਸ ਟੀਮ ਵੱਲੋਂ ਨਿਭਾਈਆਂ ਗਈਆਂ। ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਮਨਦੀਪ ਕੇਸ਼ਵ ਗੁੱਡੂ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਨੇ ਕਿਹਾ ਕਿ "ਬੜੇ ਹੀ ਦੁੱਖ ਦੀ ਗੱਲ ਹੈ ਕਿ ਉਹਨਾਂ ਵੱਲੋਂ ਉਸ ਵੇਲੇ ਲੋਕਾਂ ਦਾ ਸਾਥ ਦਿੱਤਾ, ਜਦੋਂ ਸਮਾਜ ਵਿੱਚ ਇੱਕ ਦੂਜੇ ਦੀ ਮਦਦ ਕਰਨ ਤੋਂ ਲੋਕ ਮੁੱਕਰ ਗਏ ਸਨ। ਕੋਈ ਕਿਸੇ ਦੀ ਲਾਸ਼ ਨੂੰ ਹੱਥ ਨਹੀਂ ਲਾਉਂਦਾ ਸੀ, ਲੱਕੜੀਆਂ ਵਾਲਾ ਲੱਕੜੀ ਨਹੀਂ ਸੁੱਟਦਾ ਸੀ। ਪੰਡਿਤ ਜੀ ਅੰਤਿਮ ਰਸਮਾਂ ਨਹੀਂ ਕਰਦੇ ਸਨ। ਪਰਿਵਾਰ ਦੇ ਮੈਂਬਰ ਮ੍ਰਿਤਕ ਦੀ ਅਸਥੀਆਂ ਤੱਕ ਨਹੀਂ ਲੈਣ ਆਉਂਦੇ ਸਨ। ਉਦੋਂ ਉਹਨਾਂ ਨੇ ਰੋਜ਼ਾਨਾ 70 ਤੋਂ ਵਧੇਰੇ ਸਸਕਾਰ ਕੀਤੇ। ਉਹ ਵੀ ਪੀਪੀਪੀ ਕਿੱਟਾਂ ਪਾ ਕੇ ਜਿੰਨਾ ਨੂੰ ਗਰਮੀ ਵਿੱਚ ਪਾਉਣਾ ਮੁਸ਼ਕਿਲ ਸੀ। ਉਸ ਤੋਂ ਬਾਅਦ ਬਲ਼ਦੀ ਹੋਈ ਚਿਖਾ ਦੇ ਅੱਗੇ ਖੜਨਾ। ਉਹ ਸਮਾਂ ਉਹਨਾਂ ਨੂੰ ਮੁੜ ਤੋਂ ਯਾਦ ਕਰਵਾ ਦਿੰਦਾ ਹੈ ਜਦੋਂ ਸਰਕਾਰ ਅਜਿਹੇ ਫੈਸਲੇ ਲੈਂਦੀ ਹੈ ਅਤੇ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੰਦੀ ਹੈ।"

ਕੋਰੋਨਾ ਵਾਰੀਅਰ ਆਪਣਾ ਪੱਖ ਰੱਖਦੇ ਹੋਏ (Etv Bharat)

ਡੀਸੀ ਰੇਟ 'ਤੇ ਕੀਤਾ ਭਰਤੀ

ਮਨਦੀਪ ਅਤੇ ਉਸ ਦੇ ਸਾਥੀਆਂ ਨੇ ਦੱਸਿਆ ਕਿ "ਲਗਾਤਾਰ ਕਈ ਸਾਲ ਕੰਮ ਕੀਤਾ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ, ਉਸ ਵੇਲੇ ਲੁਧਿਆਣਾ ਪੱਛਮੀ ਤੋਂ ਮੰਤਰੀ ਵੱਲੋਂ ਉਹਨਾਂ ਨੂੰ ਆਰਜੀ ਤੌਰ 'ਤੇ ਨਗਰ ਨਿਗਮ ਲੁਧਿਆਣਾ ਦੇ ਵਿੱਚ ਡੀਸੀ ਰੇਟ 'ਤੇ ਕੱਚੇ ਮੁਲਾਜ਼ਮ ਭਰਤੀ ਕਰ ਦਿੱਤਾ ਗਿਆ। ਉਸ ਤੋਂ ਬਾਅਦ ਸਾਲ 2023 ਦੇ ਵਿੱਚ ਜਦੋਂ ਨਗਰ ਨਿਗਮ ਦੇ ਕਈ ਮੁਲਾਜ਼ਮਾਂ ਨੂੰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਰੈਗੂਲਰ ਕੀਤਾ ਗਿਆ, ਉਦੋਂ ਵੀ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਉਸ ਤੋਂ ਬਾਅਦ ਹੁਣ 2026 ਦੇ ਵਿੱਚ ਜਦੋਂ ਹੁਣ ਪੰਜਾਬ ਕੈਬਿਨਟ ਨੇ ਕੋਰੋਨਾ ਵਾਰੀਅਰ ਦੇ ਲਈ ਇੱਕ ਵੱਡਾ ਐਲਾਨ ਕੀਤਾ ਹੈ ਤਾਂ ਉਦੋਂ ਵੀ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ।"

ਸਰਕਾਰ ਨੂੰ ਕੀਤੀ ਅਪੀਲ

ਇਸ ਨੂੰ ਲੈ ਕੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਲੁਧਿਆਣਾ ਪੱਛਮੀ ਦੇ ਮੰਤਰੀ ਸੰਜੀਵ ਅਰੋੜਾ ਵੀ ਲੋਕਲ ਬਾਡੀ ਵਿਭਾਗ ਨਾਲ ਸੰਬੰਧਿਤ ਹਨ, ਉਹਨਾਂ ਨੂੰ ਜ਼ਰੂਰ ਸਾਡੀ ਗੱਲ ਸਰਕਾਰ ਤੱਕ ਪਹੁੰਚਾਉਣੀ ਚਾਹੀਦੀ ਹੈ। ਕੋਰੋਨਾ ਵਲੰਟੀਅਰਾਂ ਨੇ ਕਿਹਾ ਕਿ ਹਾਲਾਂਕਿ ਅਸੀਂ ਕੰਮ ਤਾਂ ਕਰ ਰਹੇ ਹਾਂ ਪਰ ਸਾਡੇ ਖਰਚੇ ਨਹੀਂ ਚੱਲਦੇ, ਅਸੀਂ ਆਪਣੀਆਂ ਜਾਨਾਂ ਮੁਸ਼ਕਿਲ 'ਚ ਪਾ ਕੇ ਲੋਕਾਂ ਦੀ ਸੇਵਾ ਕੀਤੀ ਪਰ ਸਾਨੂੰ ਹੀ ਸਮੇਂ ਦੀਆਂ ਸਰਕਾਰਾਂ ਵੱਲੋਂ ਅਣਗੋਲਿਆ ਕਰ ਦਿੱਤਾ ਗਿਆ।

Corona Warriors Demand
ਸਮਾਜ ਸੇਵਾ ਦੌਰਾਨ ਕੋਰੋਨਾ ਵਾਰੀਅਰ (Etv Bharat)

ਸਾਡੇ ਸਭ ਦੇ ਆਪਣੇ ਕਾਰੋਬਾਰ ਸਨ, ਅਸੀਂ ਉਸ ਸਮੇਂ ਲੋਕਾਂ ਦੀ ਸੇਵਾ 'ਚ ਆਏ ਜਦੋਂ ਆਪਣੇ ਹੀ ਆਪਣਿਆਂ ਤੋਂ ਦੂਰ ਹੋ ਰਹੇ ਸਨ ਤੇ ਉਨ੍ਹਾਂ ਦੀ ਅੰਤਿਮ ਰਸਮਾਂ ਤੱਕ ਨਹੀਂ ਕਰ ਰਹੇ ਸਨ। ਸਾਨੂੰ ਕਾਂਗਰਸ ਸਰਕਾਰ ਦੌਰਾਨ ਨਗਰ ਨਿਗਮ ਲੁਧਿਆਣਾ 'ਚ ਨੌਕਰੀ ਮਿਲੀ ਪਰ ਸਾਨੂੰ ਨਹੀਂ ਪਤਾ ਸੀ ਕਿ ਸਾਡੀ ਭਰਤੀ ਡੀਸੀ ਰੇਟ 'ਤੇ ਕੀਤੀ ਗਈ ਹੈ। ਸਾਨੂੰ ਸਰਕਾਰਾਂ ਵੱਲੋਂ ਨਜ਼ਰਅੰਦਾਜ਼ ਕੀਤਾ ਗਿਆ ਹੈ ਤੇ ਸਾਡੀ ਅਪੀਲ ਹੈ ਕਿ ਮੰਤਰੀ ਸੰਜੀਵ ਅਰੋੜਾ ਸਰਕਾਰ ਤੱਕ ਸਾਡੀ ਗੱਲ ਲੈਕੇ ਜਾਣਗੇ। -ਕੇਸ਼ਵ ਮਨਦੀਪ ਗੁੱਡੂ, ਕੋਰੋਨਾ ਵਾਰੀਅਰ

Corona Warriors Demand
ਕੋਰੋਨਾ ਵਾਰੀਅਰਾਂ ਦੀ ਤਸਵੀਰ (Etv Bharat)

ਸੇਵਾ 'ਚ ਆਪਣੇ ਕਾਰੋਬਾਰ ਛੱਡੇ

ਟੀਮ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ "ਸਾਨੂੰ ਪਤਾ ਹੀ ਨਹੀਂ ਸੀ ਕਿ ਸਾਨੂੰ ਡੀਸੀ ਰੇਟ 'ਤੇ ਰੱਖਿਆ ਗਿਆ ਹੈ ਕਿਉਂਕਿ ਸਾਡੇ ਆਪਣੇ ਕਾਰੋਬਾਰ ਸਨ। ਜਦੋਂ ਅਸੀਂ ਸਸਕਾਰ ਕਰਨੇ ਸ਼ੁਰੂ ਕਰ ਦਿੱਤੇ ਤਾਂ ਲੋਕਾਂ ਨੇ ਸਾਡੇ ਤੋਂ ਮੂੰਹ ਮੋੜ ਲਿਆ, ਕੋਈ ਸਾਡੇ ਰੈਸਟੋਰੈਂਟ ਦੇ ਵਿੱਚ ਆ ਕੇ ਰਾਜ਼ੀ ਨਹੀਂ ਸੀ, ਕੋਈ ਸਾਡੇ ਨਾਲ ਸੰਬੰਧ ਨਹੀਂ ਰੱਖਣਾ ਚਾਹੁੰਦਾ ਸੀ। ਅਸੀਂ ਖੁਦ ਕਈ ਵਾਰ ਕੋਰੋਨਾ ਦੇ ਸ਼ਿਕਾਰ ਹੋਏ ਤੇ ਮੌਤ ਦੇ ਮੂੰਹ ਚੋਂ ਵਾਪਿਸ ਆਏ ਪਰ ਇਸ ਦੇ ਬਾਵਜੂਦ ਸੇਵਾ ਕਰਦੇ ਰਹੇ।"

Corona Warriors Demand
ਕੋਰੋਨਾ ਵਾਰੀਅਰ ਲਾਸ਼ ਦਾ ਅੰਤਿਮ ਸਸਕਾਰ ਕਰਦੇ ਹੋਏ (Etv Bharat)

ਸਾਡੇ ਵੱਲ ਕਿਸੇ ਵੀ ਸਰਕਾਰ ਵੇਲੇ ਧਿਆਨ ਨਹੀਂ ਦਿੱਤਾ ਗਿਆ। ਅਸੀਂ ਪਿਛਲੇ ਸੱਤ ਸਾਲ ਤੋਂ ਨੌਕਰੀਆਂ ਕਰ ਰਹੇ ਹਾਂ ਪਰ ਸਾਨੂੰ ਰੈਗੂਲਰ ਤੱਕ ਨਹੀਂ ਕੀਤਾ ਜਾ ਰਿਹਾ। ਕਈ ਵਾਰ ਅਸੀਂ ਮਰਦੇ-ਮਰਦੇ ਬਚੇ, ਆਪਣੇ ਪਰਿਵਾਰਾਂ ਤੋਂ ਦੂਰ ਰਹਿੰਦੇ ਸੀ, ਚਾਰ-ਚਾਰ ਮਹੀਨੇ ਆਪਣੇ ਪਰਿਵਾਰ ਨਾਲ ਮਿਲ ਨਹੀਂ ਪਾਉਂਦੇ ਸਨ। ਅੰਤਿਮ ਰਸਮਾਂ ਤੱਕ ਲੋਕਾਂ ਦੀਆਂ ਅਸੀਂ ਨਿਭਾਉਂਦੇ ਸੀ। -ਕੇਸ਼ਵ ਮਨਦੀਪ ਗੁੱਡੂ, ਕੋਰੋਨਾ ਵਾਰੀਅਰ

ਸਰਕਾਰ ਨੂੰ ਰੈਗੂਲਰ ਕਰਨਾ ਚਾਹੀਦਾ

ਇਸ ਦੌਰਾਨ ਅਸੀਂ ਲੁਧਿਆਣਾ ਨਗਰ ਨਿਗਮ ਦੇ ਵਿੱਚ ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸ਼ੇਖੋਂ ਨਾਲ ਵੀ ਗੱਲਬਾਤ ਕੀਤੀ, ਜਿਨ੍ਹਾਂ ਨੇ ਕਿਹਾ ਕਿ "ਗੁੱਡੂ ਮਨਦੀਪ ਅਤੇ ਉਸ ਦੀ ਟੀਮ ਮੇਰੇ ਨਾਲ ਲਗਾਤਾਰ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ। ਉਹਨਾਂ ਨੇ ਸਿਰਫ ਕੋਰੋਨਾ ਦੇ ਵੇਲੇ ਹੀ ਨਹੀਂ ਸਗੋਂ ਹੋਰ ਵੀ ਕਈ ਵੱਡੇ ਕੰਮ ਕੀਤੇ ਹਨ। ਭਾਵੇਂ ਉਹ ਸਿੱਧਵਾਂ ਕਨਾਲ ਦੀ ਸਫਾਈ ਦਾ ਕੰਮ ਹੋਵੇ, ਭਾਵੇਂ ਉਹ ਕੂੜਾ ਸੁੱਟਣ ਵਾਲਿਆਂ ਦੇ ਚਲਾਨ ਦੇ ਕੰਮ ਹੋਣ, ਭਾਵੇਂ ਹੋਰ ਸਮਾਜ ਸੇਵਾ ਹੋਵੇ, ਭਾਵੇਂ ਰੁੱਖ ਲਾਉਣ ਦੇ ਕੰਮ ਹੋਣ, ਹਰ ਕੰਮ ਦੇ ਵਿੱਚ ਉਹਨਾਂ ਨੇ ਨਗਰ ਨਿਗਮ ਦਾ ਸਾਥ ਨਿਭਾਇਆ ਹੈ। ਉਹਨਾਂ ਨੇ ਸਾਡੇ ਨਾਲ ਇੱਕ ਟੀਮ ਵਾਂਗੂ ਕੰਮ ਕੀਤਾ ਹੈ, ਘੱਟੋ-ਘੱਟ ਸਰਕਾਰ ਨੂੰ ਉਹਨਾਂ ਨੂੰ ਜ਼ਰੂਰ ਰੈਗੂਲਰ ਕਰਨਾ ਚਾਹੀਦਾ ਹੈ।" ਜਸਦੇਵ ਸਿੰਘ ਸ਼ੇਖੋਂ ਨੇ ਕਿਹਾ ਕਿ ਉਹਨਾਂ ਦੀ ਮਿਹਨਤ ਬਹੁਤ ਵੱਡੀ ਹੈ ਤੇ 2000 ਤੋਂ ਵਧੇਰੇ ਉਹਨਾਂ ਨੇ ਕੋਰੋਨਾ ਮ੍ਰਿਤਕਾਂ ਦੇ ਸਸਕਾਰ ਕੀਤੇ ਹਨ, ਉਹ ਮ੍ਰਿਤਕ ਜਿਨ੍ਹਾਂ ਨੂੰ ਉਹਨਾਂ ਦੇ ਪਰਿਵਾਰ ਵਾਲੇ ਵੀ ਹੱਥ ਨਹੀਂ ਲਾਉਂਦੇ ਸਨ।

Corona Warriors Demand
ਕੋਰੋਨਾ ਵਾਰੀਅਰ ਸੇਵਾ ਕਰਦੇ ਹੋਏ (Etv Bharat)