ਚੰਨੀ ਦੇ ਸ਼ਕਤੀ ਪ੍ਰਦਰਸ਼ਨ ਦਰਮਿਆਨ ਰਾਜਾ ਵੜਿੰਗ ਦੀ 'ਇਨਸਾਈਡ ਰਣਨੀਤੀ'
ਰਾਜਾ ਵੜਿੰਗ ਨੇ ਕਿਹਾ ਕਿ ਸੀਨੀਅਰ ਆਗੂਆਂ ਦੀ ਅਗਵਾਈ ਹੇਠ ਪਾਰਟੀ ਨੂੰ ਕਾਮਯਾਬੀ ਮਿਲੇਗੀ।


Published : July 5, 2026 at 10:39 AM IST
ਲੁਧਿਆਣਾ: ਪੰਜਾਬ ਕਾਂਗਰਸ ਵਿੱਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਦੇ ਦਰਮਿਆਨ ਹੁਣ ਸਿਆਸੀ ਸਰਗਰਮੀਆਂ ਵੀ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਹਨ। ਇੱਕ ਪਾਸੇ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਸਮਰਥਕਾਂ ਨਾਲ ਖੁੱਲ੍ਹ ਕੇ ਸ਼ਕਤੀ ਪ੍ਰਦਰਸ਼ਨ ਕਰ ਰਹੇ ਹਨ, ਜਦਕਿ ਦੂਜੇ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸੀਨੀਅਰ ਆਗੂਆਂ ਨਾਲ ਮੁਲਾਕਾਤਾਂ ਕਰਕੇ ਅੰਦਰਖਾਤੇ ਆਪਣਾ ਸਿਆਸੀ ਆਧਾਰ ਮਜ਼ਬੂਤ ਕਰਨ ਵਿੱਚ ਜੁਟੇ ਹੋਏ ਨਜ਼ਰ ਆ ਰਹੇ ਹਨ। ਇਸੇ ਕੜੀ ਤਹਿਤ ਸ਼ਨੀਵਾਰ ਸ਼ਾਮ ਰਾਜਾ ਵੜਿੰਗ ਨੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨਾਲ ਖੰਨਾ ਦੇ ਪਿੰਡ ਕੌੜੀ ਸਥਿਤ ਉਨ੍ਹਾਂ ਦੀ ਫੈਕਟਰੀ ਵਿੱਚ ਬੰਦ ਕਮਰਾ ਮੀਟਿੰਗ ਕੀਤੀ।
ਚੰਨੀ ਦੀ ਮੀਟਿੰਗ ਨੂੰ ਦੱਸਿਆ ਪਾਰਟੀ ਵਿਰੋਧੀ !
ਕਰੀਬ 45 ਮਿੰਟ ਚੱਲੀ ਇਸ ਮੀਟਿੰਗ ਦੌਰਾਨ ਰਾਜਾ ਵੜਿੰਗ ਨਾਲ ਕੈਪਟਨ ਸੰਦੀਪ ਸਿੰਘ ਸੰਧੂ ਵੀ ਪਹੁੰਚੇ, ਪਰ ਬੰਦ ਕਮਰੇ ਵਿੱਚ ਗੱਲਬਾਤ ਸਿਰਫ਼ ਰਾਜਾ ਵੜਿੰਗ ਅਤੇ ਸ਼ਮਸ਼ੇਰ ਸਿੰਘ ਦੂਲੋ ਵਿਚਾਲੇ ਹੀ ਹੋਈ। ਸੰਦੀਪ ਸੰਧੂ ਬਾਹਰ ਹੀ ਰਹੇ। ਰਿਪੋਰਟਾਂ ਮੁਤਾਬਕ ਦੋਵੇਂ ਆਗੂਆਂ ਨੇ ਪਾਰਟੀ ਦੇ ਮੌਜੂਦਾ ਹਾਲਾਤ, ਸੰਗਠਨ ਨੂੰ ਮਜ਼ਬੂਤ ਕਰਨ ਅਤੇ ਆਉਣ ਵਾਲੇ ਸਮੇਂ ਦੀ ਸਿਆਸੀ ਰਣਨੀਤੀ 'ਤੇ ਵਿਸਥਾਰ ਨਾਲ ਚਰਚਾ ਕੀਤੀ। ਪੰਜਾਬ ਕਾਂਗਰਸ ਵਿੱਚ ਚੱਲ ਰਹੇ ਘਟਨਾਕ੍ਰਮ ਦੇ ਦਰਮਿਆਨ ਇਸ ਮੀਟਿੰਗ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਇਹ ਵੀ ਚਰਚਾ ਹੈ ਕਿ ਦੂਲੋ ਨੇ ਰਾਜਾ ਵੜਿੰਗ ਸਾਹਮਣੇ ਚੰਨੀ ਵੱਲੋਂ ਬੁਲਾਈ ਗਈ ਮੀਟਿੰਗ ਨੂੰ ਪਾਰਟੀ ਵਿਰੋਧੀ ਕਰਾਰ ਦਿੰਦਿਆਂ ਅਜਿਹੇ ਆਗੂਆਂ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਵੀ ਕੀਤੀ।
ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਸ਼ਮਸ਼ੇਰ ਸਿੰਘ ਦੂਲੋ ਆਪਣੇ ਆਪ ਵਿੱਚ ਇੱਕ ਸੰਸਥਾ ਹਨ। ਉਨ੍ਹਾਂ ਕਿਹਾ ਕਿ 'ਦੂਲੋ ਨੇ ਪਾਰਟੀ ਦੇ ਸਭ ਤੋਂ ਔਖੇ ਦੌਰ ਵਿੱਚ ਵੀ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਅਹਿਮ ਭੂਮਿਕਾ ਨਿਭਾਈ ਅਤੇ ਉਹ ਉਨ੍ਹਾਂ ਦੇ ਲੰਬੇ ਸਿਆਸੀ ਤਜ਼ਰਬੇ ਤੋਂ ਸਿੱਖਣ ਲਈ ਹੀ ਮਿਲਣ ਆਏ ਸਨ। ਇਹ ਮੁਲਾਕਾਤ ਬਹੁਤ ਹੀ ਸਕਾਰਾਤਮਕ ਮਾਹੌਲ ਵਿੱਚ ਹੋਈ ਅਤੇ ਪਾਰਟੀ ਅੰਦਰ ਜੋ ਵੀ ਮਤਭੇਦ ਹਨ, ਉਹ ਜਲਦੀ ਖ਼ਤਮ ਹੋ ਜਾਣਗੇ।' ਉਨ੍ਹਾਂ ਭਰੋਸਾ ਜਤਾਇਆ ਕਿ ਆਉਣ ਵਾਲੇ ਸਮੇਂ ਵਿੱਚ ਸਾਰੇ ਕਾਂਗਰਸੀ ਆਗੂ ਇੱਕ ਮੰਚ 'ਤੇ ਨਜ਼ਰ ਆਉਣਗੇ ਅਤੇ ਪੰਜਾਬ ਦੇ ਹਿੱਤਾਂ ਲਈ ਇਕੱਠੇ ਹੋ ਕੇ ਕੰਮ ਕਰਨਗੇ।
ਚਰਨਜੀਤ ਚੰਨੀ 'ਤੇ ਵੱਡੇ ਸਵਾਲ
ਸਿਆਸੀ ਪੱਖੋਂ ਇਹ ਮੁਲਾਕਾਤ ਇਸ ਲਈ ਵੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਸ਼ਮਸ਼ੇਰ ਸਿੰਘ ਦੂਲੋ ਲੰਬੇ ਸਮੇਂ ਤੋਂ ਪਾਰਟੀ ਅੰਦਰ ਬੇਬਾਕੀ ਨਾਲ ਆਪਣੀ ਰਾਇ ਰੱਖਣ ਵਾਲੇ ਆਗੂਆਂ ਵਿੱਚ ਸ਼ਾਮਲ ਰਹੇ ਹਨ। ਉਨ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਵੀ ਖੁੱਲ੍ਹ ਕੇ ਮੋਰਚਾ ਖੋਲ੍ਹਿਆ ਸੀ। ਇਸ ਤੋਂ ਬਾਅਦ ਉਨ੍ਹਾਂ ਕਈ ਮੌਕਿਆਂ 'ਤੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਦੇ ਫ਼ੈਸਲੇ 'ਤੇ ਵੀ ਸਵਾਲ ਚੁੱਕੇ। ਦੂਲੋ ਦਾ ਕਹਿਣਾ ਰਿਹਾ ਹੈ ਕਿ 'ਚੰਨੀ ਦੂਜੀ ਪਾਰਟੀ ਤੋਂ ਕਾਂਗਰਸ ਵਿੱਚ ਆਏ ਸਨ ਅਤੇ ਕਾਂਗਰਸ ਨੇ ਉਨ੍ਹਾਂ ਨੂੰ ਉਮੀਦ ਤੋਂ ਕਾਫ਼ੀ ਵੱਧ ਸਨਮਾਨ ਅਤੇ ਵੱਡਾ ਅਹੁਦਾ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਚੰਨੀ ਦੇ ਮੁੱਖ ਮੰਤਰੀ ਕਾਰਜਕਾਲ ਅਤੇ ਉਨ੍ਹਾਂ ਦੀ ਕਾਰਜਸ਼ੈਲੀ 'ਤੇ ਵੀ ਸਮੇਂ-ਸਮੇਂ 'ਤੇ ਜਨਤਕ ਤੌਰ 'ਤੇ ਸਵਾਲ ਖੜ੍ਹੇ ਕੀਤੇ ਸਨ।'
ਅਜਿਹੇ ਵਿੱਚ ਚੰਨੀ ਨਾਲ ਮਤਭੇਦ ਰੱਖਣ ਵਾਲੇ ਸੀਨੀਅਰ ਆਗੂ ਸ਼ਮਸ਼ੇਰ ਸਿੰਘ ਦੂਲੋ ਨਾਲ ਰਾਜਾ ਵੜਿੰਗ ਦੀ ਇਹ ਮੁਲਾਕਾਤ ਕਈ ਸਿਆਸੀ ਸੰਦੇਸ਼ ਦੇ ਰਹੀ ਹੈ। ਸਿਆਸੀ ਹਲਕਿਆਂ ਵਿੱਚ ਇਸ ਦੇ ਵੱਖ-ਵੱਖ ਅਰਥ ਕੱਢੇ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਜਿੱਥੇ ਇੱਕ ਪਾਸੇ ਚੰਨੀ ਆਪਣੇ ਸਮਰਥਕਾਂ ਰਾਹੀਂ ਖੁੱਲ੍ਹ ਕੇ ਸ਼ਕਤੀ ਪ੍ਰਦਰਸ਼ਨ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਰਾਜਾ ਵੜਿੰਗ ਬਿਨਾਂ ਕਿਸੇ ਸ਼ੋਰ-ਸ਼ਰਾਬੇ ਦੇ ਸੀਨੀਅਰ ਆਗੂਆਂ ਨਾਲ ਤਾਲਮੇਲ ਵਧਾ ਕੇ ਸੰਗਠਨ ਅੰਦਰ ਆਪਣਾ ਸਮਰਥਨ ਮਜ਼ਬੂਤ ਕਰਨ ਦੀ ਰਣਨੀਤੀ 'ਤੇ ਕੰਮ ਕਰ ਰਹੇ ਹਨ।
ਸੀਨੀਅਰ ਆਗੂਆਂ ਨਾਲ ਮੁਲਾਕਾਤ 'ਤੇ ਵੜਿੰਗ ਦਾ ਬਿਆਨ
ਹਾਲਾਂਕਿ, ਮੀਟਿੰਗ ਦੇ ਏਜੰਡੇ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਅਤੇ ਰਾਜਾ ਵੜਿੰਗ ਨੇ ਇਸ ਨੂੰ ਇੱਕ ਸੀਨੀਅਰ ਆਗੂ ਨਾਲ ਸ਼ਿਸ਼ਟਾਚਾਰ ਅਤੇ ਮਾਰਗਦਰਸ਼ਨ ਲਈ ਹੋਈ ਮੁਲਾਕਾਤ ਕਰਾਰ ਦਿੱਤਾ। ਅਜਿਹੇ ਵਿੱਚ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਇਸ ਮੀਟਿੰਗ ਦਾ ਮਕਸਦ ਕਿਸੇ ਖ਼ਾਸ ਧੜੇ ਨੂੰ ਮਜ਼ਬੂਤ ਕਰਨਾ ਸੀ। ਪਰ ਮੌਜੂਦਾ ਸਿਆਸੀ ਹਾਲਾਤਾਂ ਵਿੱਚ ਇਸ ਮੁਲਾਕਾਤ ਨੇ ਪੰਜਾਬ ਕਾਂਗਰਸ ਅੰਦਰ ਚੱਲ ਰਹੀ ਸਿਆਸੀ ਹਲਚਲ ਨੂੰ ਨਵੀਂ ਚਰਚਾ ਜ਼ਰੂਰ ਦੇ ਦਿੱਤੀ ਹੈ।
ਆਸਟ੍ਰੇਲੀਆ ਦੌਰੇ ਤੋਂ ਪਹਿਲਾਂ PM ਮੋਦੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੈਲਬੌਰਨ ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਹੜ੍ਹ ਰੋਕਣ ਦੀ ਨਵੀਂ ਤਕਨੀਕ: ਕੀ ਹੈ ਜੀਓਟਿਊਬ ? ਪੰਜਾਬ ਵਿੱਚ ਸਤਲੁਜ ਦਰਿਆ ਦੇ ਕੰਢੇ ਕੀਤਾ ਜਾ ਰਹੇ ਹਨ ਪੱਕੇ
ਚੰਡੀਗੜ੍ਹ ਇਮਾਰਤ ਹਾਦਸਾ: ਮਲਬੇ ਹੇਠ ਫਸੇ ਦੋ ਨੌਜਵਾਨਾਂ ਨੂੰ ਦੇਰ ਰਾਤ ਕੱਢਿਆ ਬਾਹਰ, ਯੂਪੀ ਦੇ ਦੋ ਲੋਕਾਂ ਦੀ ਮੌਤ

