ETV Bharat / state

ਚੱਲੇ 'ਪੀਲੇ ਪੰਜੇ' ਮਗਰੋਂ ਕਾਂਗਰਸ ਪਹੁੰਚੀ ਰਾਜਪਾਲ ਦੇ ਦਰਬਾਰ, ਮਾਨ ਸਰਕਾਰ 'ਤੇ ਗੁੰਡਾਗਰਦੀ ਦੇ ਗੰਭੀਰ ਇਲਜ਼ਾਮ

ਖਹਿਰਾ ਦੇ ਘਰ 'ਤੇ ਚੱਲੇ 'ਪੀਲੇ ਪੰਜੇ' ਮਗਰੋਂ ਕਾਂਗਰਸ ਨੇ ਰਾਜਪਾਲ ਕੋਲ ਮਾਨ ਸਰਕਾਰ 'ਤੇ ਗੁੰਡਾਗਰਦੀ ਦੇ ਗੰਭੀਰ ਇਲਜ਼ਾਮ ਲਾਏ ਹਨ।

CONGRESS PARTY MEETS THE GOVERNOR
ਚੱਲੇ 'ਪੀਲੇ ਪੰਜੇ' ਮਗਰੋਂ ਕਾਂਗਰਸ ਪਹੁੰਚੀ ਰਾਜਪਾਲ ਦੇ ਦਰਬਾਰ (Etv Bharat)
author img

By ETV Bharat Punjabi Team

Published : February 25, 2026 at 9:39 PM IST

2 Min Read
Choose ETV Bharat

ਚੰਡੀਗੜ੍ਹ: ਪੰਜਾਬ ਦੀ ਰਾਜਨੀਤੀ ਹਮੇਸ਼ਾ ਹੀ ਗਰਮਾ-ਗਰਮ ਬਹਿਸਾਂ ਦਾ ਕੇਂਦਰ ਰਹੀ ਹੈ ਪਰ ਹਾਲ ਹੀ ਵਿੱਚ ਵਾਪਰੀ ਇਸ ਘਟਨਾ ਨੇ ਸਿਆਸੀ ਪਾਰੇ ਨੂੰ ਹੋਰ ਵੀ ਸਿਖਰਾਂ 'ਤੇ ਪਹੁੰਚਾ ਦਿੱਤਾ ਹੈ। ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਨਿੱਜੀ ਜਾਇਦਾਦ 'ਤੇ ਬੁਲਡੋਜ਼ਰ ਚੱਲਣ ਤੋਂ ਬਾਅਦ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਭੜਕ ਉੱਠੀ ਹੈ।

ਮਾਨ ਸਰਕਾਰ 'ਤੇ ਗੁੰਡਾਗਰਦੀ ਦੇ ਗੰਭੀਰ ਇਲਜ਼ਾਮ (Etv Bharat)



ਰਾਜਪਾਲ ਨਾਲ ਕਾਂਗਰਸੀ ਵਫ਼ਦ ਦੀ ਅਹਿਮ ਮੁਲਾਕਾਤ

ਪੰਜਾਬ ਸਰਕਾਰ ਦੀ ਇਸ ਕਾਰਵਾਈ ਦੇ ਵਿਰੋਧ ਵਿੱਚ ਅੱਜ ਪੰਜਾਬ ਕਾਂਗਰਸ ਦਾ ਇੱਕ ਵਫ਼ਦ, ਜਿਸ ਵਿੱਚ ਸੁਖਪਾਲ ਸਿੰਘ ਖਹਿਰਾ ਵੀ ਸ਼ਾਮਲ ਸਨ, ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਿਆ। ਇਸ ਮੁਲਾਕਾਤ ਦਾ ਮੁੱਖ ਮਕਸਦ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ਦੀ ਸ਼ਿਕਾਇਤ ਕਰਨਾ ਸੀ। ਹਲਕਾ ਭੁਲੱਥ ਵਿੱਚ ਖਹਿਰਾ ਦੀ ਨਿੱਜੀ ਪ੍ਰਾਪਰਟੀ ਉੱਤੇ ਪੀਲਾ ਪੰਜਾ (ਬੁਲਡੋਜ਼ਰ) ਚਲਾਉਣ ਦੀ ਘਟਨਾ ਨੇ ਵਿਰੋਧੀ ਧਿਰ ਨੂੰ ਸਰਕਾਰ ਖ਼ਿਲਾਫ਼ ਇੱਕਜੁੱਟ ਕਰ ਦਿੱਤਾ ਹੈ।

ਰਾਜਾ ਵੜਿੰਗ ਦੇ ਤਿੱਖੇ ਹਮਲੇ: "ਇਹ ਸਿੱਧੀ ਗੁੰਡਾਗਰਦੀ ਹੈ"

ਰਾਜਪਾਲ ਨਾਲ ਮੁਲਾਕਾਤ ਮਗਰੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ 'ਤੇ ਵੱਡੇ ਇਲਜ਼ਾਮ ਲਾਏ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਇਲਜ਼ਾਮ ਲਾਇਆ ਕਿ ਪੁਲਿਸ ਅਤੇ ਅਧਿਕਾਰੀਆਂ ਨੇ ਬਿਨਾਂ ਦੱਸੇ-ਪੁੱਛੇ (ਬਿਨਾਂ ਨੋਟਿਸ ਦਿੱਤੇ) ਸੁਖਪਾਲ ਖਹਿਰਾ ਦੇ ਘਰ ਦਾ ਗੇਟ ਅਤੇ ਕੰਧ ਤੋੜ ਦਿੱਤੀ ਹੈ।

ਕਿਸੇ ਵੀ ਲੋਕਤੰਤਰੀ ਢਾਂਚੇ ਵਿੱਚ ਕਾਨੂੰਨ ਦੀ ਪ੍ਰਕਿਰਿਆ ਦਾ ਪਾਲਣ ਕਰਨਾ ਲਾਜ਼ਮੀ ਹੁੰਦਾ ਹੈ। ਇਸੇ ਗੱਲ ਦਾ ਹਵਾਲਾ ਦਿੰਦਿਆਂ ਰਾਜਾ ਵੜਿੰਗ ਨੇ ਕਿਹਾ ਕਿ, 'ਪੰਜਾਬ ਦੇ ਲੋਕਾਂ ਨੇ ਦੇਖਿਆ ਹੈ ਕਿ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਗੁੰਡਾਗਰਦੀ ਕੀਤੀ ਗਈ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਪੁਲਿਸ ਨੂੰ ਕਾਰਵਾਈ ਕਰਨ ਤੋਂ ਪਹਿਲਾਂ ਬਕਾਇਦਾ ਨੋਟਿਸ ਦੇਣਾ ਚਾਹੀਦਾ ਸੀ ਅਤੇ ਇਸ ਤਰ੍ਹਾਂ ਬਿਨਾਂ ਨੋਟਿਸ ਕਿਸੇ ਵਿਅਕਤੀ ਦਾ ਘਰ ਢਾਹੁਣਾ ਪੂਰੀ ਤਰ੍ਹਾਂ ਨਾਲ ਧੱਕੇਸ਼ਾਹੀ ਹੈ।"

"ਗੈਂਗਸਟਰਾਂ ਲਈ ਵੀ ਇੰਨੀ ਪੁਲਿਸ ਨਹੀਂ ਆਉਂਦੀ"

ਸੁਖਪਾਲ ਸਿੰਘ ਖਹਿਰਾ ਨੇ ਸਰਕਾਰ ਦੀ ਇਸ ਕਾਰਵਾਈ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਲਾਰੈਂਸ ਬਿਸ਼ਨੋਈ ਵਰਗੇ ਵੱਡੇ ਗੈਂਗਸਟਰ ਨੂੰ ਫੜਨ ਲਈ ਵੀ ਸ਼ਾਇਦ ਇੰਨਾ ਪੁਲਿਸ ਦਾ ਅਮਲਾ ਇਕੱਠਾ ਨਹੀਂ ਕੀਤਾ ਜਾਂਦਾ ਹੋਵੇਗਾ, ਜਿੰਨੇ ਪੁਲਿਸ ਮੁਲਾਜ਼ਮ ਉਨ੍ਹਾਂ ਦਾ ਘਰ ਢਾਹੁਣ ਲਈ ਇਕੱਠੇ ਹੋ ਗਏ ਸਨ। ਖਹਿਰਾ ਨੇ ਦੱਸਿਆ ਕਿ 500 ਪੁਲਸ ਮੁਲਾਜ਼ਮਾਂ ਦੀ ਫੋਰਸ ਲੈ ਕੇ ਐੱਸ. ਐੱਸ. ਪੀ. (SSP) ਖ਼ੁਦ ਉਨ੍ਹਾਂ ਦੇ ਘਰ ਆਇਆ ਸੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਧੱਕੇ ਨਾਲ ਜਿਹੜਾ ਗੇਟ ਤੋੜਿਆ ਹੈ, ਜੇਕਰ ਉਨ੍ਹਾਂ ਨੂੰ ਪਹਿਲਾਂ ਕਿਹਾ ਜਾਂਦਾ ਤਾਂ ਉਹ ਖ਼ੁਦ ਹੀ ਉਸ ਗੇਟ ਨੂੰ ਤੋੜ ਦਿੰਦੇ।

"ਪੰਜਾਬ ਹੁਣ ਪੁਲਿਸ ਰਾਜ ਵਿੱਚ ਤਬਦੀਲ"

ਖਹਿਰਾ ਨੇ ਮੌਜੂਦਾ ਹਾਲਾਤਾਂ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਅੱਜ ਪੰਜਾਬ ਨੂੰ ਇੱਕ "ਪੁਲਿਸ ਰਾਜ" ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਪੁਲਿਸ 'ਤੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਵਰਦੀਆਂ ਵਿੱਚ ਅਪਰਾਧੀਆਂ ਵਾਂਗ ਕੰਮ ਕਰ ਰਹੇ ਹਨ। ਉਨ੍ਹਾਂ ਨੇ ਸਿੱਧੇ ਤੌਰ 'ਤੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਵਿੰਨ੍ਹਦਿਆਂ ਇਲਜ਼ਾਮ ਲਾਇਆ ਕਿ ਮੁੱਖ ਮੰਤਰੀ ਖ਼ੁਦ ਪੁਲਿਸ ਤੋਂ ਇਹ ਧੱਕੇਸ਼ਾਹੀ ਕਰਵਾ ਰਹੇ ਹਨ।