'ਜਿਨ੍ਹਾਂ ਦੇ ਬੇਅਦਬੀਆਂ 'ਚ ਨਾਂ ਆਉਂਦੇ, ਉਹੀ ਕਹਿ ਰਹੇ ਅਸੀਂ ਕਨੂੰਨ ਨਹੀਂ ਮੰਨਣਾ' ਮੁੱਖ ਮੰਤਰੀ ਮਾਨ ਦਾ ਵੱਡਾ ਬਿਆਨ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿਨ੍ਹਾਂ ਦੇ ਬੇਅਦਬੀਆਂ 'ਚ ਨਾਂ ਆਉਂਦੇ ਹਨ ਉਹੀ ਲੋਕ ਕਹਿ ਰਹੇ ਹਨ ਕਿ ਅਸੀਂ ਇਹ ਕਨੂੰਨ ਨਹੀਂ ਮੰਨਦੇ।


Published : May 7, 2026 at 4:40 PM IST
ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 'ਸ਼ੁਕਰਾਨਾ ਯਾਤਰਾ' ਦੌਰਾਨ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ, ਜਿੱਥੇ ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਬੇਅਦਬੀ ਕਾਨੂੰਨ ਨੂੰ ਲੈਕੇ ਵੱਡਾ ਬਿਆਨ ਦਿੱਤਾ।
'ਨਹੀਂ ਬਚ ਸਕੇਗਾ ਬੇਅਦਬੀ ਕਰਨ ਵਾਲਾ'
ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ "ਪੰਜਾਬ ਵਿਧਾਨ ਸਭਾ ਵੱਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਬਣਾਏ ਗਏ ਸਖ਼ਤ ਕਾਨੂੰਨ ਤੋਂ ਬਾਅਦ ਅਸੀਂ ਸ਼ੁਕਰਾਨਾ ਯਾਤਰਾ ‘ਤੇ ਨਿਕਲੇ ਹਾਂ। 13 ਅਪ੍ਰੈਲ 2026 ਨੂੰ ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀ ਵਿਰੁੱਧ ਐਕਟ ਵਿੱਚ ਸੋਧ ਕਰਕੇ ਸਖ਼ਤ ਧਾਰਾਵਾਂ ਜੋੜੀਆਂ ਗਈਆਂ ਹਨ, ਜਿਸ ਨਾਲ ਹੁਣ ਕੋਈ ਵੀ ਵਿਅਕਤੀ “ਮਾਨਸਿਕ ਰੋਗੀ” ਜਾਂ “ਦਿਮਾਗੀ ਤੌਰ ‘ਤੇ ਪਰੇਸ਼ਾਨ” ਹੋਣ ਦਾ ਬਹਾਨਾ ਲਾ ਕੇ ਬਚ ਨਹੀਂ ਸਕੇਗਾ। ਜੇਕਰ ਕੋਈ ਵਿਅਕਤੀ ਅਜਿਹੇ ਮਾਮਲੇ 'ਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਦੇ ਗਾਰਡੀਅਨ ਜਾਂ ਕਸਟੋਡੀਅਨ ਦੀ ਜ਼ਿੰਮੇਵਾਰੀ ਵੀ ਤੈਅ ਹੋਵੇਗੀ। ਇਸ ਕਾਨੂੰਨ ਨੂੰ ਲੈ ਕੇ ਪੂਰੀ ਦੁਨੀਆ ਦੀ ਸਿੱਖ ਸੰਗਤ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਕਰੋੜਾਂ ਦਿਲਾਂ ਨੂੰ ਠੰਡ ਪਈ ਹੈ।"
ਵਿਰੋਧੀਆਂ ਨੂੰ ਨਹੀਂ ਰਾਸ ਆ ਰਿਹਾ ਕਾਨੂੰਨ
ਮੁੱਖ ਮੰਤਰੀ ਮਾਨ ਨੇ ਕਿਹਾ ਕਿ 'ਪਿਛਲੇ ਕਈ ਸਾਲਾਂ ਦੌਰਾਨ ਹਰ ਕੁਝ ਦਿਨਾਂ ਬਾਅਦ ਬੇਅਦਬੀ ਦੀਆਂ ਖਬਰਾਂ ਆਉਂਦੀਆਂ ਰਹੀਆਂ, ਜਿਸ ਕਾਰਨ ਸਿੱਖ ਸੰਗਤ ਦੇ ਮਨ ਦੁਖੀ ਸਨ। ਇਸ ਲਈ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਕਿ ਜੇ ਅਸੀਂ ਆਪਣੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਅਤੇ ਸੁਰੱਖਿਆ ਯਕੀਨੀ ਨਹੀਂ ਕਰ ਸਕਦੇ ਤਾਂ ਬਾਹਰੋਂ ਕੀ ਉਮੀਦ ਕਰਾਂਗੇ। ਨਵੇਂ ਕਾਨੂੰਨ ਅਨੁਸਾਰ ਬੇਅਦਬੀ ਕਰਨ ਵਾਲਿਆਂ ਨੂੰ 10 ਸਾਲ ਤੋਂ ਲੈ ਕੇ “ਉਮਰ ਕੈਦ, ਟਿਲ ਡੈਥ” ਤੱਕ ਦੀ ਸਜ਼ਾ ਹੋ ਸਕਦੀ ਹੈ। ਇਹ ਕਾਨੂੰਨ ਦੇਸ਼ ਦੇ ਮੰਨੇ-ਪਰਮੰਨੇ ਸਿੱਖ ਅਤੇ ਕਾਨੂੰਨੀ ਮਾਹਿਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਤਿਆਰ ਕੀਤਾ ਗਿਆ ਹੈ ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕਾਨੂੰਨੀ ਕਮੀ ਨਾ ਰਹਿ ਜਾਵੇ।'
ਇਸ ਮੌਕੇ ਗੱਲ ਕਰਦਿਆਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ 'ਤੇ ਮਾਨ ਨੇ ਕਿਹਾ ਕਿ 'ਸਪੀਕਰ ਸੰਧਵਾਂ ਭਲਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਪੱਖ ਰੱਖਣਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬੇਅਦਬੀ ਵਿਰੁੱਧ ਕਾਨੂੰਨ ਇਕੱਲੇ ਸਪੀਕਰ ਨੇ ਨਹੀਂ, ਸਗੋਂ ਪੂਰੀ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਪਾਸ ਕੀਤਾ ਸੀ।'
ਅੱਜ 'ਸ਼ੁਕਰਾਨਾ ਯਾਤਰਾ' ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਸੀਸ ਨਿਵਾਇਆ ਅਤੇ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦੀ ਸੇਵਾ ਸਫਲ ਹੋਣ 'ਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ।
— Bhagwant Mann (@BhagwantMann) May 7, 2026
ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ… pic.twitter.com/oHG3Q2YSWo
SGPC ‘ਤੇ ਚੁੱਕੇ ਸਵਾਲ
ਮੁੱਖ ਮੰਤਰੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ‘ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ 'ਜਿਹੜੇ ਲੋਕ ਪਹਿਲਾਂ ਖੁਦ ਬੇਅਦਬੀ ਵਿਰੁੱਧ ਕਾਨੂੰਨ ਬਣਾਉਣ ਦੀ ਮੰਗ ਕਰਦੇ ਰਹੇ, ਉਹ ਅੱਜ ਇਸ ਦਾ ਵਿਰੋਧ ਕਰ ਰਹੇ ਹਨ। SGPC ਦੀਆਂ ਚੋਣਾਂ ਨੂੰ 14 ਸਾਲ ਹੋ ਚੁੱਕੇ ਹਨ ਅਤੇ ਹੁਣ ਇਹ ਸੰਸਥਾ ਸੰਵਿਧਾਨਕ ਰੂਪ ਵਿੱਚ ਲੋਕਾਂ ਦੀ ਅਸਲ ਨੁਮਾਇੰਦਗੀ ਨਹੀਂ ਕਰਦੀ। ਇਸ ਲਈ ਸਭ ਨੂੰ ਪਤਾ ਹੈ ਕਿ ਕੌਣ ਕੀ ਬੋਲ ਰਿਹਾ ਹੈ।'
ਪੰਜਾਬ ਗੁਰੂਆਂ ਦੇ ਨਾਮ ‘ਤੇ ਵੱਸਦਾ ਹੈ ਅਤੇ ਉਹ ਇਸੇ ਗੱਲ ਦਾ ਸ਼ੁਕਰਾਨਾ ਕਰਨ ਲਈ ਦਰਬਾਰ ਸਾਹਿਬ ਆਏ ਹਨ। ਉਨ੍ਹਾਂ ਦੱਸਿਆ ਕਿ ਸ਼ੁਕਰਾਨਾ ਯਾਤਰਾ ਦੌਰਾਨ ਉਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਦਮਦਮਾ ਸਾਹਿਬ, ਸ੍ਰੀ ਫਤਿਹਗੜ੍ਹ ਸਾਹਿਬ ਅਤੇ ਦੁੱਖ ਨਿਵਾਰਨ ਸਾਹਿਬ ਵਿਖੇ ਵੀ ਨਤਮਸਤਕ ਹੋਣਗੇ ਅਤੇ ਵਾਹਿਗੁਰੂ ਕੋਲੋਂ ਪੰਜਾਬ ਦੀ ਸੇਵਾ ਕਰਨ ਲਈ ਬਲ ਬਖ਼ਸ਼ਣ ਦੀ ਅਰਦਾਸ ਕਰਨਗੇ।

