ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ੀ ਦਾ ਹੋਵੇ 'ਲਾਈਵ ਟੈਲੀਕਾਸਟ', ਮੁੱਖ ਮੰਤਰੀ ਮਾਨ ਨੇ ਕਹੀ ਵੱਡੀ ਗੱਲ
ਮੁੱਖ ਮੰਤਰੀ ਮਾਨ ਨੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ 15 ਜਨਵਰੀ ਨੂੰ ਮੇਰੀ ਪੇਸ਼ੀ ਦਾ ਲਾਈਵ ਟੈਲੀਕਾਸਟ ਕੀਤਾ ਜਾਵੇ।


Published : January 8, 2026 at 12:34 PM IST
ਚੰਡੀਗੜ੍ਹ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਿਆਨਬਾਜ਼ੀਆਂ ਅਤੇ ਕਈ ਹੋਰ ਮੁੱਦਿਆਂ ਨੂੰ ਲੈਕੇ ਤਲਬ ਕੀਤਾ ਗਿਆ ਹੈ। 15 ਜਨਵਰੀ ਨੂੰ ਮੁੱਖ ਮੰਤਰੀ ਮਾਨ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ ਹੋਣ ਵਾਲੀ ਹੈ। ਇਸ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਥੇਦਾਰ ਕੁਲਦੀਪ ਗੜਗੱਜ ਨੂੰ ਅਪੀਲ ਕੀਤੀ ਹੈ ਅਤੇ ਕਿਹਾ ਕਿ 'ਮੇਰੇ ਸਪੱਸ਼ਟੀਕਰਨ ਦਾ ਸਾਰੇ ਚੈਨਲਾਂ ਉੱਤੇ ਲਾਈਵ ਟੈਲੀਕਾਸਟ ਕੀਤਾ ਜਾਵੇ। ਇਸ ਸਬੰਧੀ ਮੈਂ ਸਾਰੇ ਸਬੂਤ ਪੇਸ਼ ਕਰਾਂਗਾ।
"ਸਾਰੇ ਸਬੂਤ ਲੈਕੇ ਆਵਾਂਗਾ"
ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਦੇ ਨੂੰ ਅਪੀਲ ਕੀਤੀ ਹੈ। ਉਨਾਂ ਲਿਖਿਆ ਕਿ "ਪੂਰੀ ਦੁਨੀਆ ਵਿੱਚੋਂ ਮੈਨੂੰ ਸੁਨੇਹੇ ਆ ਰਹੇ ਨੇ ਕਿ 15 ਜਨਵਰੀ ਨੂੰ ਜਦੋਂ ਸੰਗਤ ਵੱਲੋਂ ਗੋਲਕ ਦਾ ਹਿਸਾਬ- ਕਿਤਾਬ ਲੈ ਕੇ ਜਾਵਾਂਗੇ। ਸਾਰੇ ਚੈਨਲਾਂ ਉੱਤੇ live telecast ਹੋਣਾ ਚਾਹੀਦੈ। ਮੈਂ ਵੀ ਦੁਨੀਆਂ ਭਰ ਦੀ ਸੰਗਤ ਦੀ ਭਾਵਨਾ ਨੂੰ ਸਮਝਦੇ ਹੋਏ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਸਪੱਸ਼ਟੀਕਰਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇ ਤਾਂ ਕਿ ਸੰਗਤ ਪਲ-ਪਲ ਅਤੇ ਪੈਸੇ-ਪੈਸੇ ਦੇ ਹਿਸਾਬ ਨਾਲ ਜੁੜੀਆਂ ਰਹਿਣ। ਮਿਲਦੇ ਹਾਂ ਜੀ 15 ਜਨਵਰੀ ਨੂੰ, ਸਬੂਤਾਂ ਸਮੇਤ।"
ਪੂਰੀ ਦੁਨੀਆ ਚੋਂ ਮੈਨੂੰ ਸੁਨੇਹੇ ਆ ਰਹੇ ਨੇ ਕਿ 15 ਜਨਵਰੀ ਨੂੰ ਜਦੋਂ ਸੰਗਤ ਵੱਲੋਂ ਗੋਲਕ ਦਾ ਹਿਸਾਬ- ਕਿਤਾਬ ਲੈ ਕੇ ਜਾਵਾਂਗੇ..ਸਾਰੇ ਚੈਨਲਾਂ ਤੇ live telecast ਹੋਣਾ ਚਾਹੀਦੈ..ਮੈਂ ਵੀ ਦੁਨੀਆਂ ਭਰ ਦੀ ਸੰਗਤ ਦੀ ਭਾਵਨਾ ਨੂੰ ਸਮਝਦੇ ਹੋਏ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਸਪੱਸ਼ਟੀਕਰਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇ ਤਾਂ ਕਿ…
— Bhagwant Mann (@BhagwantMann) January 8, 2026
ਮੁੱਖ ਮੰਤਰੀ ਨੂੰ ਇਸ ਕਾਰਨ ਕੀਤਾ ਗਿਆ ਤਲਬ
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰੂ ਕੀ ਗੋਲਕ ਨੂੰ ਲੈਕੇ ਕੀਤੇ ਜਾ ਰਹੇ ਬਿਆਨਾਂ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੇ ਨਾਰਾਜ਼ਗੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਦੀ ਗੋਲਕ ਬਾਰੇ ਟਿੱਪਣੀਆਂ ਕਰਨਾ ਮਰਿਅਦਾ ਦੇ ਖਿਲਾਫ ਹੈ। ਇਹ ਸਾਡੇ ਗੁਰੂਆਂ ਦੇ ਦਸਵੰਧ ਦੇ ਸਿਧਾਂਤ ਨਾਲ ਸਬੰਧਤ ਹਨ, ਇਤਰਾਜ਼ਯੋਗ ਸਨ। ਜਥੇਦਾਰ ਨੇ ਬਰਗਾੜੀ ਅਤੇ ਮੌੜ ਬੇਅਦਬੀ ਅਤੇ ਬੰਬ ਧਮਾਕੇ ਦੇ ਮਾਮਲਿਆਂ ਵਿੱਚ ਕਾਰਵਾਈ ਨਾ ਹੋਣ 'ਤੇ ਵੀ ਨਾਰਾਜ਼ਗੀ ਪ੍ਰਗਟ ਕੀਤੀ। ਇਸ ਤੋਂ ਇਲਾਵਾ ਜਥੇਦਾਰ ਨੇ ਇੱਕ ਵੀਡੀਓ 'ਤੇ ਇਤਰਾਜ਼ ਪ੍ਰਗਟ ਕੀਤਾ ਜਿਸ ਵਿੱਚ ਮੁੱਖ ਮੰਤਰੀ ਮਾਨ ਨੂੰ ਗੁਰੂ ਸਾਹਿਬਾਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਇਤਰਾਜ਼ਯੋਗ ਵਿਵਹਾਰ ਕਰਦੇ ਦਿਖਾਇਆ ਗਿਆ ਹੈ। ਮਾਨ ਨੂੰ 15 ਜਨਵਰੀ ਨੂੰ ਅਕਾਲ ਤਖ਼ਤ ਸਕੱਤਰੇਤ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਹੈ।
'ਮੁੱਖ ਮੰਤਰੀ ਨਾਲ ਜੁੜੀ ਵਿਵਾਦਿਤ ਵੀਡੀਓ ਦਾ ਮੁੱਦਾ'
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਸੀ ਕਿ 'ਮੁੱਖ ਮੰਤਰੀ ਨਾਲ ਜੁੜੀ ਇੱਕ ਵਿਵਾਦਿਤ ਵੀਡੀਓ ਸਬੰਧੀ ਸ਼ਿਕਾਇਤਾਂ ਅਕਾਲ ਤਖਤ ਸਾਹਿਬ ਕੋਲ ਪਹੁੰਚੀਆਂ ਹਨ। ਜਿਸ ਦੀ ਜਾਂਚ ਕਰਵਾਈ ਜਾਵੇਗੀ। ਇਸ ਸਾਰੇ ਪ੍ਰਸੰਗ ਨੂੰ ਦੇਖਦਿਆਂ ਮੁੱਖ ਮੰਤਰੀ ਨੂੰ ਨਿੱਜੀ ਤੌਰ ’ਤੇ 15 ਜਨਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿੱਚ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਲਈ ਸੱਦਿਆ ਗਿਆ ਹੈ।' ਜਥੇਦਾਰ ਸਾਹਿਬ ਨੇ ਸਪੱਸ਼ਟ ਕੀਤਾ ਕਿ ਅਕਾਲ ਤਖਤ ਸਾਹਿਬ ਕਿਸੇ ਰਾਜਨੀਤਿਕ ਦਬਾਅ ਅਧੀਨ ਨਹੀਂ, ਸਗੋਂ ਸਿੱਖ ਸਿਧਾਂਤਾਂ ਅਤੇ ਮਰਿਆਦਾ ਦੇ ਅਧੀਨ ਕੰਮ ਕਰਦਾ ਹੈ ਅਤੇ ਉਸ ਦੀ ਮਾਣ-ਮਰਿਆਦਾ ਦੀ ਰੱਖਿਆ ਕਰਨੀ ਪੰਥ ਦਾ ਫ਼ਰਜ਼ ਹੈ।

