ETV Bharat / state

ਮਨੁੱਖ ਅਤੇ ਪੰਛੀਆਂ ਲਈ ਖ਼ਤਰਾ ਬਣੀ ਚਾਇਨਾ ਡੋਰ, ਬੈਂਨ ਦੇ ਬਾਵਜੂਦ ਲਗਾਤਾਰ ਵਾਪਰ ਰਹੇ ਹਨ ਹਾਦਸੇ

ਚਾਇਨਾ ਡੋਰ ਬਣੀ ਮੌਤ ਦੀ ਡੋਰ, ਪੰਛੀਆਂ ਅਤੇ ਮਨੁੱਖਾਂ ਲਈ ਖ਼ਤਰਾ, ਹੁਣ ਤਕ ਕਈ ਹਾਦਸੇ ਵਾਪਰੇ...

LETS DEVELOP A PASSION FOR KITE FLYING
ਚਾਇਨਾ ਡੋਰ ਨਾਲ ਪੰਜਾਬ ਵਿੱਚ ਮੌਤਾਂ (Etv Bharat)
author img

By ETV Bharat Punjabi Team

Published : January 7, 2026 at 5:29 PM IST

6 Min Read
Choose ETV Bharat

ਬਠਿੰਡਾ: ਭਾਵੇਂ ਬਸੰਤ ਪੰਚਮੀ ਦੇ ਤਿਉਹਾਰ ਵਿੱਚ ਹਾਲੇ ਥੋੜੇ ਦਿਨ ਬਾਕੀ ਹਨ ਪਰ ਇਸ ਤੋਂ ਪਹਿਲਾਂ ਹੀ ਦੇਸ਼ ਭਰ ਦੇ ਵਿੱਚ ਬੈਨ ਚਾਈਨਾ ਡੋਰ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਆਏ ਦਿਨ ਸੜਕਾਂ ਉੱਤੇ ਮੌਤ ਬਣ ਹਵਾ ਵਿੱਚ ਉਡਾਰੀਆਂ ਮਾਰਦੀ ਚਾਈਨਾ ਡੋਰ ਕਿਸੇ ਨਾ ਕਿਸੇ ਹਾਦਸੇ ਨੂੰ ਅੰਜਾਮ ਦੇ ਰਹੀ ਹੈ। ਸ਼ਹਿਰਾਂ ਅਤੇ ਪਿੰਡਾਂ ’ਚ ਪਤੰਗਬਾਜ਼ੀ ਦੇ ਸ਼ੌਕ ਨਾਲ ਜੁੜੀ ਚਾਇਨਾ ਡੋਰ ਅੱਜ ਮੌਤ ਦਾ ਕਾਰਨ ਬਣਦੀ ਜਾ ਰਹੀ ਹੈ। ਪਾਬੰਦੀ ਹੋਣ ਦੇ ਬਾਵਜੂਦ ਇਹ ਘਾਤਕ ਡੋਰ ਗੁਪਤ ਤਰੀਕੇ ਨਾਲ ਵੇਚੀ ਅਤੇ ਵਰਤੀ ਜਾ ਰਹੀ ਹੈ, ਜਿਸ ਕਾਰਨ ਹੁਣ ਤਕ ਕਈ ਦਰਦਨਾਕ ਹਾਦਸੇ ਵਾਪਰ ਚੁੱਕੇ ਹਨ। ਇਹ ਡੋਰ ਸਿਰਫ਼ ਮਨੁੱਖਾਂ ਲਈ ਹੀ ਨਹੀਂ, ਸਗੋਂ ਬੇਜ਼ਬਾਨ ਪੰਛੀਆਂ ਲਈ ਵੀ ਵੱਡਾ ਖਤਰਾ ਸਾਬਿਤ ਹੋ ਰਹੀ ਹੈ। ਪੰਜਾਬ ਵਿੱਚ ਚਾਈਨਾ ਡੋਰ ਕਾਰਨ ਸਾਲ 2025 ਵਿੱਚ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੈਂਕੜੇ ਲੋਕ ਜਖ਼ਮੀ ਹੋਏ ਸਨ ਅਤੇ ਕਈਆਂ ਲਈ ਇਹ ਡੋਰ ਡੂੰਘੇ ਜਖ਼ਮ ਦੇ ਕੇ ਗਈ ਹੈ।

ਮਨੁੱਖ ਅਤੇ ਪੰਛੀਆਂ ਲਈ ਖਤਰਾ ਬਣੀ ਚਾਇਨਾ ਡੋਰ (Etv Bharat)

2025 ਤੋਂ ਹੁਣ ਤੱਕ 256 ਲੋਕਾਂ ਨੂੰ ਕੀਤਾ ਗ੍ਰਿਫਤਾਰ

ਪੰਜਾਬ ਪੁਲਿਸ ਵੱਲੋਂ ਚਾਈਨਾ ਡੋਰ ਖਿਲਾਫ ਵੱਡੀ ਮੁਹਿੰਮ ਤਹਿਤ ਸਾਲ 2025 ਤੋਂ ਹੁਣ ਤੱਕ 256 ਲੋਕਾਂ ਨੂੰ ਚਾਈਨਾ ਡੋਰ ਸਣੇ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਸਿਰਫ ਜਨਵਰੀ 2026 ਵਿੱਚ ਹੀ ਚਾਈਨਾ ਡੋਰ ਕਾਰਨ 2 ਵੱਡੇ ਹਾਦਸੇ ਵਾਪਰੇ ਹਨ, ਜਿਨ੍ਹਾਂ ਵਿੱਚ ਇੱਕ 4 ਸਾਲ ਦੇ ਬੱਚੇ ਦਾ ਮੂੰਹ ਚਾਇਨਾ ਡੋਰ ਕਾਰਨ ਬੁਰੀ ਤਰ੍ਹਾਂ ਕੱਟਿਆ ਗਿਆ ਸੀ ਅਤੇ ਇਸ ਬੱਚੇ ਦੇ ਮੂੰਹ ਤੇ 100 ਤੋਂ ਉੱਪਰ ਟਾਂਕੇ ਲੱਗੇ ਸਨ। ਇਸੇ ਤਰ੍ਹਾਂ ਅੰਮ੍ਰਿਤਸਰ ਵਿਖੇ ਇੱਕ 29 ਸਾਲਾਂ ਨੌਜਵਾਨ ਚਾਈਨਾ ਡੋਰ ਦਾ ਸ਼ਿਕਾਰ ਹੋਇਆ ਅਤੇ ਉਸ ਦੇ ਨੱਕ ਡਾਕਟਰਾਂ ਨੂੰ ਉੱਪਰ 20 ਤੋਂ ਉੱਪਰ ਟਾਂਕੇ ਲਗਾਉਣੇ ਪਏ ਸਨ।

'ਮੈਂ ਰੱਬ ਅੱਗੇ ਇੱਕੋ ਅਰਦਾਸ ਕਰ ਰਿਹਾ ਸੀ ਕਿ ਮੇਰੀ ਜਾਨ ਬਚ ਜਾਵੇ'

ਬਠਿੰਡਾ ਵਿੱਚ ਸਾਲ 2025 ਦੌਰਾਨ 26 ਜਨਵਰੀ ਵਾਲੇ ਦਿਨ ਆਪਣਾ ਇਹ ਕੰਮ ਕਾਰ ਕਰਨ ਲਈ ਸੜਕ ਉੱਤੇ ਜਾ ਰਹੇ ਨੌਜਵਾਨ ਟੋਨੀ ਦੇ ਗਲ ਵਿੱਚ ਬੁਰੀ ਤਰ੍ਹਾਂ ਚਾਈਨਾ ਡੋਰ ਫਿਰ ਗਈ ਸੀ। ਜਿਸ ਕਾਰਨ ਟੋਨੀ ਦੀ ਫੂਡ ਪਾਈਪ ਨੂੰ ਛੱਡ ਕੇ ਬਾਕੀ ਸਾਰੀਆਂ ਨਾੜਾਂ ਕੱਟੀਆਂ ਗਈਆਂ, ਹਾਲਤ ਗੰਭੀਰ ਹੋਣ ਕਾਰਨ ਟੋਨੀ ਨੂੰ ਬਠਿੰਡਾ ਦੇ ਏਮਸ ਹਸਪਤਾਲ ਰੈਫਰ ਕਰਨਾ ਪਿਆ ਸੀ। ਟੋਨੀ ਨੇ ਦੱਸਿਆ ਕਿ "ਪਰਮਾਤਮਾ ਦਾ ਸ਼ੂਕਰ ਹੈ ਕਿ ਅੱਜ ਮੈਂ ਠੀਕ ਠਾਕ ਕੰਮ ਕਰ ਰਿਹਾ ਹੈ ਪਰ ਇੱਕ ਵਾਰ ਅਜਿਹਾ ਲੱਗਿਆ ਕਿ ਉਹ ਬੱਸ ਆਖਰੀ ਸਾਹਾਂ ਉੱਤੇ ਹਾਂ ਕਿਉਂਕਿ ਡਾਕਟਰਾਂ ਵੱਲੋਂ ਹਾਲਤ ਨੂੰ ਵੇਖਦੇ ਹੋਏ ਇੱਕ ਵਾਰ ਜਵਾਬ ਦੇ ਦਿੱਤਾ ਗਿਆ ਸੀ, ਪਰ ਹੌਲੀ-ਹੌਲੀ ਏਮਸ ਡਾਕਟਰਾਂ ਵੱਲੋਂ ਉਸ ਦੀਆਂ ਕੱਟੀਆਂ ਗਈਆਂ ਨਾੜਾਂ ਨੂੰ ਜੋੜਿਆ ਗਿਆ ਅਤੇ ਕਰੀਬ ਡੇਢ ਮਹੀਨਾ ਉਸ ਨੂੰ ਆਪਣੇ ਘਰ ਰੈਸਟ ਕਰਨ ਲਈ ਕਿਹਾ ਗਿਆ।" ਇਸ ਤੋਂ ਇਲਾਵਾ ਉਸ ਦਾ 70 ਤੋਂ 80 ਹਜ਼ਾਰ ਰੁਪਿਆ ਇਲਾਜ ਉੱਪਰ ਲੱਗ ਗਿਆ।

"ਚਾਈਨਾ ਡੋਰ ਕਾਰਨ ਮੇਰੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਕਰਨ ਤੋਂ ਰੋਕਣਾ ਚਾਹੀਦਾ ਹੈ ਅਤੇ ਇਸ ਦੀ ਖਰੀਦ ਵੇਚ ਕਰਨ ਵਾਲਿਆਂ ਖਿਲਾਫ ਪੁਲਿਸ ਨੂੰ ਸੂਚਨਾ ਦੇਣੀ ਚਾਹੀਦੀ ਹੈ ਕਿਉਂਕਿ ਇਹ ਚਾਈਨਾ ਡੋਰ ਮੌਤ ਦਾ ਦੂਸਰਾ ਨਾਮ ਹੈ ਕਿਉਂਕਿ ਇਹ ਇਕੱਲੇ ਮਨੁੱਖ ਲਈ ਨਹੀਂ ਪਸ਼ੂ ਪੰਛੀਆਂ ਅਤੇ ਹੋਰਨਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ"- ਟੋਨੀ, ਪੀੜਤ

'ਲੋਕ ਸੀਜ਼ਨ ਤੋਂ ਪਹਿਲਾਂ ਹੀ ਸਟੋਰ ਕਰਨਾ ਸ਼ੁਰੂ ਕਰ ਦਿੰਦੇ ਹਨ ਚਾਇਨਾ ਡੋਰ'

ਨੌਜਵਾਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂ ਮਹੇਸ਼ਵਰੀ ਨੇ ਕਿਹਾ ਕਿ ਪੰਜਾਬ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਬਣਾਇਆ ਜਾਂਦਾ ਹੈ, ਪਰ ਪਿਛਲ੍ਹੇ ਕੁਝ ਸਾਲਾਂ ਤੋਂ ਚਾਈਨਾ ਡੋਰ ਵੱਲੋਂ ਇਹ ਤਿਉਹਾਰ ਫਿੱਕਾ ਕਰ ਦਿੱਤਾ ਗਿਆ ਹੈ। ਹਰ ਸਾਲ ਵੱਡੀ ਗਿਣਤੀ ਵਿੱਚ ਚਾਈਨਾ ਡੋਰ ਕਾਰਨ ਹਾਦਸੇ ਵਾਪਰ ਰਹੇ ਹਨ ਅਤੇ ਕਈ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਭਾਵੇਂ ਪੁਲਿਸ ਪ੍ਰਸ਼ਾਸਨ ਵੱਲੋਂ ਸਖਤੀ ਦੇ ਦਾਵੇ ਕੀਤੇ ਜਾਂਦੇ ਹਨ ਅਤੇ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਨੌਨ ਵੇਲੇਵਲ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਂਦਾ ਹੈ ਪਰ ਲੋਕ ਥੋੜੇ ਮੁਨਾਫੇ ਲਈ ਚਾਈਨਾ ਡੋਰ ਨੂੰ ਮਈ ਜੂਨ ਜੁਲਾਈ ਦੇ ਮਹੀਨਿਆਂ ਵਿੱਚ ਹੀ ਸਟੋਰ ਕਰਨਾ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ 200 ਤੋਂ 300 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਹੋਲ ਸੇਲ ਵਿੱਚੋਂ ਚਾਈਨਾ ਡੋਰ ਖਰੀਦ ਕਰਕੇ ਇਸ ਨੂੰ ਬਾਜ਼ਾਰ ਵਿੱਚ 800 ਤੋਂ ਲੈ ਕੇ 1500 ਤੱਕ ਵੇਚਿਆ ਜਾਂਦਾ ਹੈ ਅਤੇ ਇਸ ਕੰਮ ਵਿੱਚ ਅੱਜ ਕੱਲ੍ਹ ਛੋਟੇ-ਛੋਟੇ ਦੁਕਾਨਦਾਰ ਵੀ ਸ਼ਾਮਿਲ ਹੋ ਰਹੇ ਹਨ।

"ਚਾਇਨਾ ਡੋਰ 'ਤੇ ਪਾਬੰਦੀ ਲੱਗ ਗਈ ਪਰ ਜੇਕਰ ਪੁਲਿਸ ਇਸ ਉਪਰ ਸਖਤਾਈ ਕਰ ਦੇਵੇ, ਦੋ ਚਾਰ ਨੂੰ ਫੜ੍ਹ ਕੇ ਦਿਨ ਚ ਤਾਰੇ ਦਿਖਾਏ ਹੋਣ, ਜੋ ਇਸ ਡੋਰ ਨਾਲ ਪਤੰਗ ਉਡਾਉਂਦੇ ਹਨ ਉਨ੍ਹਾਂ ਦੇ ਘਰਦਿਆਂ ਤੇ ਪਰਚਾ ਦਿੱਤਾ ਹੋਵੇ, ਚਾਇਨਾ ਡੋਰ ਬੰਦ ਕਿਵੇਂ ਨਾ ਹੋਜੇ, ਪਰ ਪੁਲਿਸ ਦਾ ਮੂਡ ਨਹੀਂ ਹੈ ਕੰਮ ਕਰਨ ਦਾ।"- ਸੋਨੂ ਮਹੇਸ਼ਵਰੀ, ਸਮਾਜ ਸੇਵੀ

'ਰਾਹਗੀਰਾਂ ਨੂੰ ਵੀ ਚਾਹੀਦਾ ਹੈ ਕਿ ਬੰਦ ਗਲੇ ਦੇ ਕੱਪੜੇ ਪਾਉਣ'

ਜਿਨ੍ਹਾਂ ਵੱਲੋਂ ਆਪਣੇ ਥੋੜੇ ਜਿਹੇ ਮੁਨਾਫੇ ਲਈ ਚਾਈਨਾ ਡੋਰ ਚੋਰੀ ਛਪੋਰੀਓ ਵੇਚੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਨਾਲ ਪਤੰਗ ਆਉਣ ਤੋਂ ਗੁਰੇਜ਼ ਕਰਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ "ਰਾਹਗੀਰਾਂ ਨੂੰ ਵੀ ਚਾਹੀਦਾ ਹੈ ਕਿ ਬੰਦ ਗਲੇ ਦੇ ਕੱਪੜੇ ਪਾਉਣ ਕਿਉਂਕਿ ਮੌਤ ਦੀ ਇਹ ਡੋਰ ਕਦੋਂ ਗਲ ਵਿੱਚ ਫਸ ਜਾਵੇ ਪਤਾ ਨਹੀਂ ਅਤੇ ਤੇਜ਼ ਵਾਹਨ ਚਲਾਉਣ ਤੋਂ ਗੁਰੇਜ਼ ਕੀਤਾ ਜਾਵੇ ਤਾਂ ਜੋ ਡੋਰ ਗਲ ਵਿੱਚ ਪੈਣ ਤੇ ਸਮੇਂ ਸਿਰ ਵਾਹਨ ਨੂੰ ਰੋਕਿਆ ਜਾ ਸਕੇ।"

'ਪਹਿਲਾਂ ਪਤੰਗਬਾਜ਼ੀ ਦਾ ਚਾਅ ਹੁੰਦਾ ਸੀ ਪਰ ਹੁਣ ਦਿਲਾਂ 'ਚ ਖੌਫ'

ਉਨ੍ਹਾਂ ਕਿਹਾ ਕਿ ਲੋਕ ਕਹਿੰਦੇ ਨੇ ਕਿ ਚਾਇਨਾ ਡੋਰ ਦੁਕਾਨਾਂ 'ਤੇ ਸ਼ਰੇਆਮ ਵਿਕਦੀ ਹੈ ਪ੍ਰਸ਼ਾਸ਼ਨ ਨਿਕੰਮਾ ਹੈ ਪਰ ਮੈਂ ਕਹਿੰਦਾ ਹਾਂ ਕਿ ਸਾਡੀ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਹੈ, ਸਾਰਾ ਕੰਮ ਪ੍ਰਸ਼ਾਸ਼ਨ ਹੀ ਕਰੇ? ਖਰੀਦਦੇ ਤਾਂ ਅਪਾਂ ਹੀ ਹਾਂ ਇਹ ਤਾਂ ਹੀ ਵਿਕ ਰਹੀ ਹੈ। ਕੋਈ ਸਮਾਂ ਹੁੰਦਾ ਸੀ ਜਦੋਂ ਪਤੰਗਬਾਜ਼ੀ ਦਾ ਚਾਆ ਹੁੰਦਾ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਜਿਵੇਂ-ਜਿਵੇਂ ਪਤੰਗਬਾਜ਼ੀ ਦਾ ਸੀਜ਼ਨ ਨੇੜੇ ਆਉਂਦਾ ਹੈ ਤਾਂ ਲੋਕਾਂ ਵਿੱਚ ਦਹਿਤਸ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਕਿਉਂਕਿ ਬਾਹਰ ਸਕੂਟਰਾਂ ਵਗੈਰਾ ਤੇ ਕੰਮਾਂ ਤੇ ਜਾਣ ਵਾਲਿਆਂ ਲਈ ਇਹ ਮੌਤ ਦਾ ਕਾਰਨ ਬਣ ਸਕਦਾ ਹੈ।

'ਪੰਛੀ ਵਿਚਾਰੇ ਭੁੱਖੇ ਪਿਆਸੇ ਤੜਫ-ੜਫ ਕੇ ਮਰ ਜਾਂਦੇ ਨੇ'

ਐਨੀਮਲ ਲਵਰ ਸੋਸਾਇਟੀ ਨਾਲ ਜੁੜੇ ਹੋਏ ਸੰਜੀਵ ਗੋਇਲ ਨੇ ਦੱਸਿਆ ਕਿ "ਚਾਈਨਾ ਡੋਰ ਇਕੱਲੇ ਮਨੁੱਖ ਨੂੰ ਹੀ ਪ੍ਰਭਾਵਿਤ ਨਹੀਂ ਕਰਦੀ, ਬਲਕਿ ਪਸ਼ੂ ਪੰਛੀਆਂ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ, ਕਿਉਂਕਿ ਕਈ ਵਾਰ ਪੰਛੀ ਵੀ ਇਸ ਦੀ ਲਪੇਟ ਵਿੱਚ ਆ ਜਾਂਦੇ ਹਨ। ਜਿਸ ਕਾਰਨ ਉਹ ਦਰੱਖਤਾਂ ਖੰਭਿਆਂ ਉੱਤੇ ਅਕਸਰ ਹੀ ਟੰਗੇ ਹੋਏ ਨਜ਼ਰ ਆਉਂਦੇ ਹਨ ਜੇਕਰ ਇਹ ਆਮ ਮਨੁੱਖ ਦੀ ਨਜ਼ਰ ਪੈ ਜਾਣ ਤਾਂ ਉਨ੍ਹਾਂ ਵੱਲੋਂ ਇਨ੍ਹਾਂ ਦੀ ਜ਼ਿੰਦਗੀ ਨੂੰ ਬਚਾ ਲਿਆ ਜਾਂਦਾ ਹੈ ਪਰ ਜੇਕਰ ਸਮਾਂ ਰਹਿੰਦਿਆਂ ਪਤਾ ਨਾ ਲੱਗੇ ਤਾਂ ਇਹ ਭੁੱਖੇ ਪਿਆਸੇ ਹੀ ਚਾਈਨਾ ਡੋਰ ਕਾਰਨ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ।"

'ਥੋੜੇ ਜਿਹੇ ਮੁਨਾਫੇ ਲਈ ਲੋਕਾਂ ਦੀ ਜ਼ਿੰਦਗੀ ਨਾਲ ਖੇਡਦੇ ਹਨ ਲੋਕ'

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਸਖ਼ਤ ਤੋਂ ਸਖ਼ਤ ਕਦਮ ਚੁੱਕੇ ਜਾਣ। ਭਾਵੇਂ ਇਸ ਡੋਰ ਦਾ ਨਾਮ ਚਾਈਨਾ ਡੋਰ ਹੈ ਪਰ ਇਹ ਭਾਰਤ ਵਿੱਚ ਹੀ ਤਿਆਰ ਕੀਤੀ ਜਾ ਰਹੀ ਹੈ। ਪਲਾਸਟਿਕ ਦੀ ਇਸ ਡੋਰ ਕਾਰਨ ਆਏ ਦਿਨ ਵੱਡੇ ਹਾਦਸੇ ਵਾਪਰਦੇ ਹਨ ਅਤੇ ਕਈ ਵਾਰ ਇਸ ਡੋਰ ਵਿੱਚ ਕਰੰਟ ਵੀ ਆ ਜਾਂਦਾ ਹੈ, ਜਿਸ ਕਾਰਨ ਪਤੰਗ ਉਡਾਉਣ ਵਾਲਿਆਂ ਦੀ ਜਾਨ ਵੀ ਖਤਰੇ ਵਿੱਚ ਪੈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਸਟੋਰ ਕੀਤੀ ਗਈ ਚਾਈਨਾ ਡੋਰ ਨੂੰ ਬਸੰਤ ਪੰਚਮੀ ਨੇੜੇ ਕਈ ਕਈ ਗੁਣਾ ਰੇਟਾਂ 'ਤੇ ਵੇਚਿਆ ਜਾਂਦਾ ਹੈ ਲੋਕ ਆਪਣੇ ਥੋੜੇ ਜਿਹੇ ਮੁਨਾਫੇ ਲਈ ਲੋਕਾਂ ਦੀ ਜ਼ਿੰਦਗੀ ਨਾਲ ਖੇਡਦੇ ਹਨ।

ਆਮ ਲੋਕ ਵੀ ਦੇਣ ਪੁਲਿਸ ਦਾ ਸਾਥ

ਅਜਿਹੇ ਵਿੱਚ ਇਕੱਲਾ ਪੁਲਿਸ ਪ੍ਰਸ਼ਾਸਨ ਚਾਈਨਾ ਡੋਰ ਖਿਲਾਫ ਕਾਰਵਾਈ ਕਰਦਾ ਨਜ਼ਰ ਆਉਂਦਾ ਹੈ ਪਰ ਆਮ ਲੋਕ ਚਾਈਨਾ ਡੋਰ ਨੂੰ ਰੋਕਣ ਲਈ ਸਹਿਯੋਗ ਦਿੰਦੇ ਨਜ਼ਰ ਨਹੀਂ ਆਉਂਦੇ। ਉਨ੍ਹਾਂ ਕਿਹਾ ਕਿ ਆਪਣੇ ਥੋੜੇ ਜਿਹੇ ਸਮੇਂ ਦੇ ਸਵਾਦ ਲਈ ਚਾਈਨਾ ਡੋਰ ਦੀ ਵਰਤੋ ਨਾ ਕਰੋ, ਇਹ ਮਨੁੱਖ ਦੇ ਨਾਲ-ਨਾਲ ਆਮ ਪਸ਼ੂ ਪੰਛੀਆਂ ਲਈ ਵੀ ਬਹੁਤ ਖਤਰਨਾਕ ਹੈ ਅਤੇ ਕਿਸੇ ਨੂੰ ਕੋਈ ਹੱਕ ਨਹੀਂ ਕਿ ਉਹ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਕਰੇ। ਉਨ੍ਹਾਂ ਕਿਹਾ ਕਿ ਹੁਣ ਤੱਕ ਬਠਿੰਡਾ ਪੁਲਿਸ ਵੱਲੋਂ ਪਿਛਲੇ 14 ਸਾਲਾਂ ਵਿੱਚ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ 123 ਕੇਸ ਦਰਜ ਕੀਤੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਹੋਰ ਸਖ਼ਤ ਤੋਂ ਸਖਤ ਖਤਮ ਚੁੱਕਣ ਦੀ ਲੋੜ ਹੈ।

ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਚਾਇਨਾ ਡੋਰ ਸਿਰਫ਼ ਇਕ ਡੋਰ ਨਹੀਂ, ਸਗੋਂ ਇਕ ਖਾਮੋਸ਼ ਕਾਤਲ ਬਣ ਚੁੱਕੀ ਹੈ। ਜਦ ਤਕ ਹਰ ਨਾਗਰਿਕ ਆਪਣੀ ਜ਼ਿੰਮੇਵਾਰੀ ਨਹੀਂ ਸਮਝੇਗਾ, ਤਦ ਤਕ ਨਾ ਤਾਂ ਮਨੁੱਖਾਂ ਦੀਆਂ ਜਾਨਾਂ ਸੁਰੱਖਿਅਤ ਰਹਿ ਸਕਣਗੀਆਂ ਤੇ ਨਾ ਹੀ ਬੇਜ਼ਬਾਨ ਪੰਛੀਆਂ ਨੂੰ ਇਸ ਕਹਿਰ ਤੋਂ ਬਚਾਇਆ ਜਾ ਸਕੇਗਾ।