'ਬੇਅਦਬੀ ਕਾਨੂੰਨ ਨਹੀਂ ਹੋਵੇਗਾ ਵਾਪਸ',ਜਥੇਦਾਰ ਦੇ ਅਲਟੀਮੇਟਮ ਮਗਰੋਂ ਸੀਐੱਮ ਮਾਨ ਦਾ ਐਲਾਨ
ਬਰਨਾਲਾ ਪਹੁੰਚੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਬੇਅਦਬੀ ਦਾ ਕਾਨੂੰਨ ਕਿਸੇ ਵੀ ਹਾਲਤ ਵਿੱਚ ਵਾਪਸ ਨਾ ਲੈਣ ਦਾ ਕੀਤਾ ਐਲਾਨ।

Published : May 8, 2026 at 8:00 PM IST
ਬਰਨਾਲਾ/ਸੰਗਰੂਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਬਣਾਏ ਗਏ ਸਖ਼ਤ ਕਾਨੂੰਨ ਦੇ ਸਬੰਧ ਵਿੱਚ ਆਯੋਜਿਤ 'ਸ਼ੁਕਰਾਨਾ ਯਾਤਰਾ' ਦਾ ਕਾਫ਼ਿਲਾ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ੁੱਕਰਵਾਰ ਨੂੰ ਬਰਨਾਲਾ ਪਹੁੰਚੇ ਹਨ। ਕਸਬਾ ਧਨੌਲਾ ਵਿਖੇ ਪੜਾਅ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਬੇਅਦਬੀ ਦੀਆਂ ਘਟਨਾਵਾਂ 'ਤੇ ਪਿਛਲੀਆਂ ਸਰਕਾਰਾਂ ਦੀ ਢਿੱਲ ਅਤੇ ਮੌਜੂਦਾ ਸਰਕਾਰ ਦੀ ਸਖ਼ਤੀ 'ਤੇ ਖੁੱਲ੍ਹ ਕੇ ਗੱਲ ਕੀਤੀ। ਇਸ ਦੌਰਾਨ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਬੇਅਦਬੀ ਕਾਨੂੰਨ ਦੇ ਮਾਮਲੇ ਵਿੱਚ ਤਲਬ ਕੀਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਕਾਨੂੰਨ ਨੂੰ ਕਿਸੇ ਵੀ ਹਾਲਤ ਵਾਪਸ ਨਾ ਕਰਨ ਦਾ ਐਲਾਨ ਕੀਤਾ।
'ਸਹੀ ਅਤੇ ਸਖ਼ਤ ਕਾਨੂੰਨ'
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਲੰਬੇ ਸਮੇਂ ਤੋਂ ਸ਼ਰਾਰਤੀ ਅਨਸਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਰਹੇ ਹਨ ਪਰ ਸਹੀ ਅਤੇ ਸਖ਼ਤ ਕਾਨੂੰਨ ਨਾ ਹੋਣ ਕਾਰਨ ਉਹ ਬਚ ਨਿਕਲਦੇ ਸਨ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਜਿਹਾ ਮਜ਼ਬੂਤ ਕਾਨੂੰਨ ਤਿਆਰ ਕੀਤਾ ਹੈ, ਜਿਸ ਤਹਿਤ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਕਿਸੇ ਵੀ ਸ਼ਖ਼ਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
'ਇਸ ਕਾਨੂੰਨ ਨੂੰ ਹੁਣ ਕੋਈ ਵੀ ਚੁਣੌਤੀ ਦੇ ਕੇ ਰੱਦ ਨਹੀਂ ਕਰਵਾ ਸਕਦਾ'
ਮੁੱਖ ਮੰਤਰੀ ਨੇ ਕਿਹਾ ਕਿ "ਇਸ ਕਾਨੂੰਨ ਨੂੰ ਹੁਣ ਕੋਈ ਵੀ ਚੁਣੌਤੀ ਦੇ ਕੇ ਰੱਦ ਨਹੀਂ ਕਰਵਾ ਸਕਦਾ ਕਿਉਂਕਿ ਇਸ ਨੂੰ ਸਰਕਾਰ ਵੱਲੋਂ ਲਾਗੂ ਕਰਨ ਤੋਂ ਬਾਅਦ ਰਾਜਪਾਲ ਨੇ ਵੀ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਕਿਸੇ ਵੀ ਹਾਲਤ ਵਿੱਚ ਹੁਣ ਇਹ ਕਾਨੂੰਨ ਰੱਦ ਨਹੀਂ ਹੋਵੇਗਾ।"
ਸਖ਼ਤ ਕਾਨੂੰਨ ਖ਼ਿਲਾਫ਼ ਹਾਈਕੋਰਟ ਵਿੱਚ ਪਾਈ ਪਟੀਸ਼ਨ ਹੋਈ ਰੱਦ
ਸੰਬੋਧਨ ਦੌਰਾਨ ਸੀਐਮ ਨੇ ਇੱਕ ਅਹਿਮ ਕਾਨੂੰਨੀ ਜਿੱਤ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਕਾਂਗਰਸ ਅਤੇ ਅਕਾਲੀ ਦਲ ਦੀਆਂ ਗੱਲਾਂ ਵਿੱਚ ਆ ਕੇ ਇੱਕ ਵਿਅਕਤੀ ਨੇ ਇਸ ਸਖ਼ਤ ਕਾਨੂੰਨ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ (ਰਿੱਟ) ਦਾਇਰ ਕੀਤੀ ਸੀ। ਮਾਨਯੋਗ ਹਾਈਕੋਰਟ ਨੇ ਨਾ ਸਿਰਫ਼ ਉਸ ਪਟੀਸ਼ਨ ਨੂੰ ਰੱਦ ਕੀਤਾ, ਸਗੋਂ ਪਟੀਸ਼ਨਕਰਤਾ ਨੂੰ ਝਾੜ ਪਾਉਂਦਿਆਂ 10,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।
ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਸਾਧਿਆ
ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਨਹੀਂ ਚਾਹੁੰਦੇ ਸਨ ਕਿ ਪੰਜਾਬ ਵਿੱਚ ਬੇਅਦਬੀ ਖ਼ਿਲਾਫ਼ ਕੋਈ ਸਖ਼ਤ ਕਾਨੂੰਨ ਬਣੇ। ਉਨ੍ਹਾਂ ਜਨਤਾ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਦੀ ਧਾਰਮਿਕ ਮਰਿਆਦਾ ਅਤੇ ਸ਼ਾਂਤੀ ਨੂੰ ਭੰਗ ਕਰਨ ਵਾਲੀਆਂ ਤਾਕਤਾਂ ਖ਼ਿਲਾਫ਼ 'ਜ਼ੀਰੋ ਟਾਲਰੈਂਸ' ਦੀ ਨੀਤੀ 'ਤੇ ਕੰਮ ਕਰਦੀ ਰਹੇਗੀ।
'15 ਦਿਨਾਂ ਦਾ ਦਿੱਤਾ ਅਲਟੀਮੇਟਮ'
ਦੱਸ ਦਈਏ ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਦਾਅਵਾ ਕੀਤਾ ਕਿ ਇਸ ਜਾਗਰ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026 ਦੇ ਆਉਣ ਨਾਲ ਲੋਕ ਗੁਰੂਘਰਾਂ ਅਤੇ ਆਪਣੇ ਘਰ ਵਿੱਚ ਪਾਠ ਕਰਵਾਉਣ ਤੋਂ ਡਰਨ ਲੱਗ ਪਏ ਹਨ। ਪੰਜਾਬ ਸਰਕਾਰ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਵੱਖਰੇ ਨੰਬਰ ਦੇਣ ਅਤੇ ਰਿਕਾਰਡ ਵੈਬਸਾਈਟ ‘ਤੇ ਅਪਲੋਡ ਕਰਨ ਦੀ ਸ਼ਰਤ ਵੀ ਪੰਥ ਨੂੰ ਮਨਜ਼ੂਰ ਨਹੀਂ। ਸਰਕਾਰ ਨੂੰ ਸਿੱਖਾਂ ਦੀ ਸ਼ਬਦਾਵਲੀ ਬਦਲਣ ਦਾ ਵੀ ਕੋਈ ਹੱਕ ਨਹੀਂ ਅਤੇ “ਬੀੜ” ਸ਼ਬਦ ਨੂੰ ਬਦਲਣਾ ਪੰਥਕ ਇਤਿਹਾਸ ਨਾਲ ਛੇੜਛਾੜ ਹੈ। ਗਿਆਨੀ ਗੜਗੱਜ ਨੇ ਚਿਤਾਵਨੀ ਦਿੱਤੀ ਕਿ ਜੇ 15 ਦਿਨਾਂ ਅੰਦਰ ਸਰਕਾਰ ਨੇ ਇਨ੍ਹਾਂ ਮੱਦਾਂ ‘ਚ ਸੋਧ ਨਾ ਕੀਤੀ ਤਾਂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਬੁਲਾ ਕੇ ਸਖ਼ਤ ਫੈਸਲਾ ਲਿਆ ਜਾਵੇਗਾ।
ਸੰਗਰੂਰ ਵਿਖੇ ਵੀ ਸੀਐਮ ਮਾਨ ਦੀ ਸ਼ੁਕਰਾਨਾ ਯਾਤਰਾ
ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਗਰਮਾ-ਗਰਮੀ ਦੇਖਣ ਨੂੰ ਮਿਲੀ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਜਨਤਕ ਰੈਲੀ ਦੌਰਾਨ ਸਟੇਜ ਸੰਭਾਲੀ। ਪੀਲੀ ਪੱਗ ਅਤੇ ਆਪਣੇ ਖਾਸ ਅੰਦਾਜ਼ ਵਿੱਚ ਨਜ਼ਰ ਆ ਰਹੇ ਮੁੱਖ ਮੰਤਰੀ ਨੇ ਜਿੱਥੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ। ਉੱਥੇ ਹੀ ਸੂਬੇ ਦੇ ਭਵਿੱਖ ਲਈ ਕਈ ਅਹਿਮ ਐਲਾਨ ਵੀ ਕੀਤੇ।
'ਬੀਜੇਪੀ ਆ ਗਈ ਤਾਂ ਪੰਜਾਬ ਦੇ ਹਾਲਾਤ ਵੀ ਮਾੜੇ ਹੋ ਜਾਣਗੇ'
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬੀਜੇਪੀ ਲੜਾਈ ਦੀ ਜੜ੍ਹ ਹੈ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਵਿੱਚ ਬੀਜੇਪੀ ਦੀ ਸਰਕਾਰ ਬਣੀ ਨੂੰ ਕੁਝ ਦਿਨ ਹੋਏ ਹਨ, ਬੰਗਾਲ ਵਿੱਚ ਦੰਗੇ ਹੋ ਰਹੇ ਹਨ, ਲੋਕਾਂ ਦੀ ਕੁੱਟਮਾਰ ਹੋ ਰਹੀ ਹੈ। ਜੇਕਰ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਗਈ ਤਾਂ ਪੰਜਾਬ ਦੇ ਹਾਲਾਤ ਵੀ ਮਾੜੇ ਹੋ ਜਾਣਗੇ।
"ਪਿਛਲੀਆਂ ਸਰਕਾਰਾਂ ਦੀ ਨੀਅਤ ਹੀ ਸਾਫ ਨਹੀਂ ਸੀ"
ਉੱਥੇ ਹੀ ਭਗਵੰਤ ਮਾਨ ਵੱਲੋਂ ਬੇਅਦਬੀ ਮਾਮਲੇ ਵਿੱਚ ਬੇਅਦਬੀ ਦਾ ਕਾਨੂੰਨ ਬਣਾਉਣ 'ਤੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ "ਪਿਛਲੀਆਂ ਸਰਕਾਰਾਂ ਜਦੋਂ ਵੀ ਬੇਅਦਬੀ ਦਾ ਕੋਈ ਮਾਮਲਾ ਹੁੰਦਾ ਸੀ। ਉਸ ਨੂੰ ਲੈ ਕੇ ਸਰਕਾਰਾਂ ਦੀ ਨੀਅਤ ਹੀ ਸਾਫ ਨਹੀਂ ਸੀ। ਜਿਸ ਕਰਕੇ ਕਾਨੂੰਨ ਬਣਾਉਣ ਦੇ ਵਿੱਚ ਇਨਾ ਸਮਾਂ ਲੱਗਿਆ ਪਰ ਜਦੋਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਸਾਡੀ ਪਹਿਲੀ ਸੋਚ ਇਹ ਸੀ ਕਿ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਧਾਰਮਿਕ ਬੇਅਦਬੀ ਜੇਕਰ ਹੁੰਦੀ ਹੈ। ਤਾਂ ਉਸ ਵਿਅਕਤੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਭੁਗਤਣੀ ਨਹੀਂ ਪਵੇ। ਤਾਂ ਜੋ ਅੱਗੇ ਉਹ ਇਸ ਤਰ੍ਹਾਂ ਦੀ ਗਲਤੀਆਂ ਨਾ ਕਰ ਸਕੇ ਅਤੇ ਕਾਨੂੰਨ ਹਰ ਇੱਕ ਵਿਅਕਤੀ ਲਈ ਹੈ।"
ਮੁੱਖ ਮੰਤਰੀ ਨੇ ਆਪਣੇ ਭਾਸ਼ਣ ਦੌਰਾਨ ਸਿੱਖਿਆ, ਸਿਹਤ ਅਤੇ ਮੁਫ਼ਤ ਬਿਜਲੀ ਵਰਗੇ ਮੁੱਦਿਆਂ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਹਰ ਵਾਅਦਾ ਸਮੇਂ ਸਿਰ ਪੂਰਾ ਕੀਤਾ ਜਾਵੇਗਾ। ਰੈਲੀ ਵਿੱਚ ਮੌਜੂਦ ਲੋਕਾਂ ਦੇ ਜੋਸ਼ ਨੇ ਇਹ ਸਾਫ਼ ਕਰ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਸਿਆਸੀ ਮੈਦਾਨ ਹੋਰ ਵੀ ਭਖਣ ਵਾਲਾ ਹੈ।

