ETV Bharat / state

ਏਅਰਪੋਰਟ ਜਾਂਦੇ ਸਮੇਂ ਦਰਦਨਾਕ ਹਾਦਸਾ: 4 ਦੀ ਮੌਤ, ਇੱਕ ਜ਼ਖ਼ਮੀ

ਹਿਮਾਚਲ ਦੇ ਊਨਾ ਨਾਲ ਸਬੰਧਿਤ ਚਾਰ ਨੌਜਵਾਨਾਂ ਦੀ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਗਈ।

Hoshiarpur road accident
ਦਰਦਨਾਕ ਸੜਕ ਹਾਦਸੇ 'ਚ ਚਾਰ ਨੌਜਵਾਨਾਂ ਦੀ ਮੌਤ,ਇੱਕ ਜ਼ਖ਼ਮੀ (ETV BHARAT)
author img

By ETV Bharat Punjabi Team

Published : January 10, 2026 at 12:37 PM IST

2 Min Read
Choose ETV Bharat

ਹੁਸ਼ਿਆਰਪੁਰ: ਅੱਜ ਸਵੇਰੇ ਦਸੂਹਾ ਰੋਡ ਉੱਤੇ ਵਾਪਰੇ ਹਾਦਸੇ ਦੌਰਾਨ ਇੱਕੋ ਪਰਿਵਾਰ ਨਾਲ ਸਬੰਧਿਤ ਚਾਰ ਮੈਂਬਰਾਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਨੌਜਵਾਨ ਜ਼ਖ਼ਮੀ ਹੋਇਆ ਹੈ। ਮ੍ਰਿਤਕਾਂ ਦੀ ਪਹਿਚਾਣ ਪਿੰਡ ਝਲੇਟ, ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਮ੍ਰਿਤਕਾਂ ਵਿੱਚ ਸੁਖਵਿੰਦਰ ਸਿੰਘ(45) ਪੁੱਤਰ ਹਰਨਾਮ ਸਿੰਘ ,ਸੁਸ਼ੀਲ ਕੁਮਾਰ (46)ਪੁੱਤਰ ਦੇਸਰਾਜ,ਬ੍ਰਿਜ ਕੁਮਾਰ(38) ਪੁੱਤਰ ਮਹਿੰਦਰ ਕੁਮਾਰ ਅਤੇ ਅਰੁਣ ਕੁਮਾਰ (45) ਪੁੱਤਰ ਗੁਰਪਾਲ ਸਿੰਘ ਝਲੇਟ ਸ਼ਾਮਿਲ ਹਨ।

ਚਾਰ ਨੌਜਵਾਨਾਂ ਦੀ ਮੌਤ,ਇੱਕ ਜ਼ਖ਼ਮੀ (ETV BHARAT)

'ਇੱਕੋ ਪਰਿਵਾਰ ਨਾਲ ਸਬੰਧਿਤ 4 ਜੀਆਂ ਦੀ ਮੌਤ'

ਇਸ ਭਿਆਨਕ ਹਾਦਸੇ ਵਿੱਚ ਬਚੇ ਜ਼ਖ਼ਮੀ ਅਮਿਤ ਕੁਮਾਰ ਨੇ ਦੱਸਿਆ ਕਿ,' ਅਸੀਂ ਸਾਰੇ ਇੱਕੋ ਹੀ ਪਰਿਵਾਰ ਨਾਲ ਸਬੰਧਿਤ ਚਾਚੇ ਤਾਇਆਂ ਦੇ ਮੁੰਡੇ ਹਾਂ। ਹਾਦਸੇ ਵਿੱਚ ਮਾਰੇ ਗਏ ਭਰਾ ਮੈਨੂੰ ਅੰਮ੍ਰਿਤਸਰ ਏਅਰਪੋਰਟ ਛੱਡਣ ਲਈ ਆਏ ਸਨ। ਸਵੇਰੇ ਤੜਕੇ ਸਾਢੇ 4 ਦੇ ਕਰੀਬ ਉੱਠ ਕੇ ਅਸੀਂ ਪਿੰਡ ਤੋਂ ਤੁਰੇ, ਰਾਹ ਵਿੱਚ ਧੁੰਦ ਬਹੁਤ ਜ਼ਿਆਦਾ ਸੰਘਣੀ ਸੀ ਅਤੇ ਇਸ ਦੌਰਾਨ ਅਚਾਨਕ ਸਾਡੀ ਕਾਰ ਦੀ ਟੱਕਰ ਪੰਜਾਬ ਰੋਡਵੇਜ਼ ਦੀ ਬੱਸ ਨਾਲ ਹੋ ਗਈ।'

ਮੈਂ ਗੱਡੀ ਵਿੱਚ ਅੱਗੇ ਡਰਾਈਵਰ ਦੇ ਨਾਲ ਵਾਲੀ ਸੀਟ ਉੱਤੇ ਬੈਠਾ ਸੀ ਅਤੇ ਇਸ ਦੌਰਾਨ ਮੈਨੂੰ ਗੱਡੀ ਵਿੱਚ ਨੀਂਦ ਵੀ ਆ ਗਈ ਸੀ। ਹਾਦਸੇ ਵਿੱਚ ਮਾਰੇ ਗਏ ਤਿੰਨ ਨੌਜਵਾਨ ਗੱਡੀ ਵਿੱਚ ਪਿਛਲੀ ਸੀਟ ਉੱਤੇ ਸਵਾਰ ਸਨ ਅਤੇ ਚੌਥਾ ਕਾਰ ਚਲਾ ਰਿਹਾ ਸੀ। ਇਸ ਦੌਰਾਨ ਅਚਾਨਕ ਹਾਦਸਾ ਹੋ ਗਿਆ, ਜਿਸ ਸਬੰਧੀ ਮੈਨੂੰ ਕੁੱਝ ਵੀ ਯਾਦ ਨਹੀਂ ਪਰ ਇਸ ਹਾਦਸੇ ਦੌਰਾਨ ਮੇਰੇ ਭਰਾਵਾਂ ਦੇ ਨਾਲ ਜੀਜਾ ਜੀ ਦੀ ਮੌਤ ਹੋ ਗਈ ਹੈ। - ਅਮਿਤ ਕੁਮਾਰ, ਜ਼ਖ਼ਮੀ ਨੌਜਵਾਨ

'ਪੁਲਿਸ ਕਰ ਰਹੀ ਕਾਰਵਾਈ'

ਮਾਮਲੇ ਸਬੰਧੀ ਪੁਲਿਸ ਅਧਿਕਾਰੀ ਬਰਿੰਦਰ ਕੁਮਾਰ ਨੇ ਦੱਸਿਆ ਕਿ, 'ਗੱਡੀ ਵਿੱਚ ਕੁੱਲ ਪੰਜ ਨੌਜਵਾਨ ਸਵਾਰ ਸਨ। ਇਹ ਨੌਜਵਾਨ ਅੰਮ੍ਰਿਤਸਰ ਹਵਾਈ ਅੱਡੇ ਉਤੇ ਆਪਣੇ ਪਰਿਵਾਰਕ ਮੈਂਬਰ ਨੂੰ ਜਹਾਜ਼ ਚੜ੍ਹਾਉਣ ਲਈ ਜਾ ਰਹੇ ਸਨ ਤਾਂ ਇਸ ਦੌਰਾਨ ਧੁੰਦ ਜ਼ਿਆਦਾ ਹੋਣ ਕਾਰਣ ਗੱਡੀ ਦੀ ਜ਼ੋਰਦਾਰ ਟੱਕਰ ਪੰਜਾਬ ਰੋਡਵੇਜ਼ ਨਾਲ ਹੋ ਗਈ। ਹਾਦਸੇ ਵਿੱਚ ਜਿਸ ਨੌਜਵਾਨ ਨੇ ਵਿਦੇਸ਼ ਜਾਣਾ ਸੀ, ਉਸ ਨੂੰ ਛੱਡ ਕੇ ਬਾਕੀ ਚਾਰਾਂ ਦੀ ਮੌਤ ਹੋ ਗਈ। ਪੰਜੇ ਨੌਜਵਾਨ ਹਿਮਾਚਲ ਪ੍ਰਦੇਸ਼ ਦੇ ਊਨਾ ਨਾਲ ਸਬੰਧ ਰੱਖਦੇ ਹਨ। ਹਾਦਸਾ ਕਿਸ ਦੀ ਗਲਤੀ ਕਾਰਣ ਹੋਇਆ ਫਿਲਹਾਲ ਕੁੱਝ ਵੀ ਸਪੱਸ਼ਟ ਨਹੀਂ ਹੈ। ਜਾਂਚ ਮਗਰੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।'