"ਜੋ ਗਿਆਨ ਕਿਤਾਬਾਂ ਤੋਂ ਮਿਲਣਾ ਉਹ ਹੋਰ ਕਿਸੇ ਥਾਂ ਤੋਂ ਨਹੀਂ", ਇੰਟਰਨੈਟ ਦੇ ਯੁੱਗ ਵਿੱਚ ਕਿਤਾਬਾਂ ਕਿਉਂ ?
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਕਿਤਾਬ ਮੇਲਾ ਲੱਗਿਆ ਹੋਇਆ, ਜਿੱਥੇ ਲੋਕਾਂ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ।


Published : February 26, 2026 at 5:13 PM IST
ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਸ਼ਾਲ ਕੈਂਪਸ ਵਿੱਚ ਬਸੰਤ ਦਾ ਸੁਹਾਵਾ ਮੌਸਮ ਅਤੇ ਹਰੇ-ਭਰੇ ਦਰੱਖ਼ਤਾਂ ਦੀ ਛਾਂ ਹੇਠਾਂ ਰੰਗ ਬਿਰੰਗੇ ਟੈਂਟਾਂ ਵਿਚ 'ਕਿਤਾਬ ਮੇਲੇ' ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ। ਪੰਜਾਬੀ ਮਾਂ ਬੋਲੀ, ਪੰਜਾਬੀ ਸੱਭਿਆਚਾਰ ਅਤੇ ਨੌਜਵਾਨਾਂ ਵਿਚ ਕਿਤਾਬਾਂ ਪੜ੍ਹਨ ਦੇ ਰੁਝਾਨ ਨੂੰ ਵਧਾਉਣ ਲਈ ਵਿਦਿਆਰਥੀ ਕੌਂਸਲ ਵੱਲੋਂ ਕਿਤਾਬ ਮੇਲਾ ਕਰਵਾਇਆ ਗਿਆ। ਇਸ ਵੇਲੇ ਇਹ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਕਿ ਪੰਜਾਬੀ ਸੱਭਿਆਚਾਰ ਅਤੇ ਕਿਤਾਬਾਂ ਦੀ ਅਹਿਮੀਅਤ ਨੂੰ ਵਿਸ਼ਵ ਪੱਧਰ ਤੱਕ ਪਹੁੰਚਾਇਆ ਜਾ ਸਕੇ। ਇਹ ਦੋ ਰੋਜ਼ਾ ਕਿਤਾਬ ਮੇਲਾ ਆਪਣੀ ਵਿਲੱਖਣ ਛਾਪ ਛੱਡ ਗਿਆ।
ਕਿਤਾਬਾਂ ਦੀ ਮਹੱਤਤਾ
ਆਧੁਨਿਕ ਯੁੱਗ ਭਾਵੇਂ ਵਿਗਿਆਨਕ ਯੁੱਗ ਹੈ ਅਤੇ ਇੰਟਰਨੈਟ ਦਾ ਜ਼ਮਾਨਾ ਹੈ, ਜਿਥੇ ਚੁਟਕੀਆਂ ਵਿਚ ਇੰਟਰਨੈਟ ਸਾਰੀਆਂ ਮੁਸ਼ਕਿਲਾਂ ਦਾ ਹੱਲ ਕੱਢ ਦਿੰਦਾ ਹੈ ਅਤੇ ਸਾਰੇ ਸਵਾਲਾਂ ਦੇ ਜਵਾਬ ਦਿੰਦਾ ਹੈ ਪਰ ਅਜਿਹਾ ਨਹੀਂ ਕਿ ਇਸ ਯੁੱਗ ਵਿਚ ਕਿਤਾਬ ਪੜ੍ਹਨ ਦਾ ਰੁਝਾਨ ਘੱਟ ਕੀਤਾ ਜਾਵੇ ਜਾਂ ਕਿਤਾਬਾਂ ਬਿਲਕੁਲ ਨਾ ਪੜ੍ਹੀਆਂ ਜਾਣ। ਜੋ ਗਿਆਨ ਕਿਤਾਬਾਂ ਤੋਂ ਹਾਸਿਲ ਹੋਣਾ ਉਹ ਜਾਣਕਾਰੀ ਕਿਸੇ ਹੋਰ ਥਾਂ ਤੋਂ ਉਸ ਤਰੀਕੇ ਅਤੇ ਭਰੋਸੇਯੋਗਤਾ ਨਾਲ ਨਹੀਂ ਮਿਲ ਸਕਦੀ। ਪੀਯੂ ਵਿਦਿਆਰਥੀ ਜੋਧ ਸਿੰਘ ਦਾ ਕਹਿਣਾ ਹੈ ਕਿ "ਕਿਤਾਬਾਂ ਅਤੇ ਇੰਟਰਨੈਟ ਦੋਵਾਂ ਨੂੰ ਬਰਾਬਰ ਰੱਖਣਾ ਚਾਹੀਦਾ ਹੈ। ਸਾਨੂੰ ਆਪਣੇ ਬੱਚਿਆਂ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਕਿਤਾਬਾਂ ਸਾਡੀਆਂ ਸਭ ਤੋਂ ਵਧੀਆ ਦੋਸਤ ਹਨ। ਇਹ ਸਾਨੂੰ ਹਨੇਰੇ ਤੋਂ ਗਿਆਨ ਦੇ ਰੌਸ਼ਨ ਚਿਰਾਗ ਵੱਲ ਲੈ ਜਾਂਦੀਆਂ ਹਨ। ਕਈ ਸਟਾਲਾਂ ‘ਤੇ 20 ਤੋਂ 50 ਫ਼ੀਸਦੀ ਤੱਕ ਛੂਟ ਦਿੱਤੀ ਗਈ, ਜਿਸ ਕਾਰਨ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਕਿਤਾਬਾਂ ਖਰੀਦੀਆਂ।"

ਮੇਲੇ ਵਿੱਚ ਹਰ ਕਿਸਮ ਦੀਆਂ ਕਿਤਾਬਾਂ ਮੌਜੂਦ
ਪੀਯੂ ਦੇ ਇਸ ਖਾਸ ਕਿਤਾਬ ਮੇਲੇ ਵਿਚ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਹਰ ਭਾਸ਼ਾ ਵਿਚ ਕਿਤਾਬਾਂ ਮੌਜੂਦ ਹਨ। ਜਿਹਨਾਂ ਵਿੱਚ ਨਾਵਲ, ਕਵਿਤਾ ਸੰਗ੍ਰਹਿ, ਇਤਿਹਾਸ, ਵਿਗਿਆਨ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਪੁਸਤਕਾਂ ਵੀ ਮੌਜੂਦ ਹਨ। ਇਸ ਤੋਂ ਇਲਾਵਾ ਸਿੱਖ ਇਤਿਹਾਸ, ਰਾਜਨੀਤੀ ਅਤੇ ਹੋਰ ਇਤਿਹਾਸ ਦੀਆਂ ਕਿਤਾਬਾਂ ਇਸ ਕਿਤਾਬ ਪ੍ਰਦਰਸ਼ਨੀ ਵਿਚ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਇੱਕ ਕੋਨੇ ਵਿੱਚ ਬੱਚਿਆਂ ਲਈ ਕਹਾਣੀਆਂ ਵਾਲੀਆਂ ਰੰਗੀਨ ਕਿਤਾਬਾਂ ਸਜੀਆਂ ਹੋਈਆਂ ਸਨ। ਦੂਜੇ ਪਾਸੇ ਪ੍ਰਸਿੱਧ ਲੇਖਕਾਂ ਦੀਆਂ ਕਿਤਾਬਾਂ ‘ਤੇ ਖਾਸ ਛੂਟ ਮਿਲ ਰਹੀ ਸੀ। ਮੇਲੇ ਵਿੱਚ ਇੱਕ ਖਾਸ ਸੈਸ਼ਨ ਵੀ ਰੱਖਿਆ ਗਿਆ ਸੀ, ਸ਼ਾਮ ਹੋਣ ‘ਤੇ ਮੇਲੇ ਦੀ ਰੌਣਕ ਹੋਰ ਵਧ ਗਈ। ਰੌਸ਼ਨੀਆਂ ਨਾਲ ਸੱਜਿਆ ਕੈਂਪਸ ਬੜਾ ਸੁੰਦਰ ਲੱਗ ਰਿਹਾ ਸੀ। ਵਿਦਿਆਰਥੀ ਆਪਣੇ ਹੱਥਾਂ ਵਿੱਚ ਕਿਤਾਬਾਂ ਫੜੀ ਖੁਸ਼ੀ-ਖੁਸ਼ੀ ਵਾਪਸ ਹੋ ਰਹੇ ਸਨ। ਹਰ ਇੱਕ ਦੇ ਚਿਹਰੇ ‘ਤੇ ਸੰਤੁਸ਼ਟੀ ਅਤੇ ਉਤਸ਼ਾਹ ਸੀ। ਪੰਜਾਬ ਯੂਨੀਵਰਸਿਟੀ ਵਿੱਚ ਲੱਗਿਆ ਕਿਤਾਬ ਮੇਲਾ ਸਿਰਫ਼ ਕਿਤਾਬਾਂ ਦੀ ਖਰੀਦ-ਫ਼ਰੋਖ਼ਤ ਨਹੀਂ ਸੀ, ਬਲਕਿ ਗਿਆਨ, ਪ੍ਰੇਰਣਾ ਅਤੇ ਸਾਂਝ ਦਾ ਤਿਉਹਾਰ ਬਣ ਗਿਆ। ਇਹ ਮੇਲਾ ਹਰ ਕਿਸੇ ਦੇ ਦਿਲ ਵਿੱਚ ਪੜ੍ਹਨ ਦੀ ਨਵੀਂ ਲਗਨ ਜਗਾ ਗਿਆ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਪਹੁੰਚੇ
ਇਸ ਕਿਤਾਬ ਮੇਲੇ ਦੀ ਖਾਸ ਗੱਲ ਇਹ ਰਹੀ ਕਿ ਸੱਭਿਆਚਾਰਕ ਅਤੇ ਧਾਰਮਿਕ ਸਮਾਗਮ ਵੀ ਕਰਵਾਏ ਗਏ। ਸ਼ਾਮ ਨੂੰ ਢਾਡੀ ਜਥਿਆਂ ਨੇ ਕਵੀਸ਼ਰੀ ਅਤੇ ਵਾਰਾਂ ਨਾਲ ਜਿਥੇ ਮਾਹੌਲ ਅਧਿਆਤਮਿਕ ਕਰ ਦਿੱਤਾ। ਉਥੇ ਹੀ ਸਿੱਖ ਮਾਰਸ਼ਲ ਆਰਟ ਗਤਕੇ ਦੇ ਜੌਹਰ ਵੀ ਵੇਖਣ ਨੂੰ ਮਿਲੇ। ਇਸ ਮੇਲੇ ਵਿਚ ਖਾਸ ਤੌਰ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਪਹੁੰਚੇ। ਜਿਥੇ ਉਹਨਾਂ ਨੇ ਵਿਦਿਆਰਥੀਆਂ ਨੂੰ ਸਿੱਖੀ ਅਤੇ ਪੰਜਾਬੀਅਤ ਨਾਲ ਵੱਧ ਤੋਂ ਵੱਧ ਜੁੜਨ ਲਈ ਪ੍ਰੇਰਿਤ ਕੀਤਾ। ਉਹਨਾਂ ਆਖਿਆ ਕਿ ਆਧੁਨਿਕ ਸਮੇਂ ਵਿਚ ਕਿਤਾਬਾਂ ਪੜ੍ਹਨ ਦਾ ਰੁਝਾਨ ਘੱਟ ਰਿਹਾ ਹੈ, ਹਰ ਸਿੱਖ ਅਤੇ ਪੰਜਾਬੀ ਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।

ਸਰਕਾਰ ਨੇ ਲਗਾ ਦਿੱਤੀ ਸੀ ਰੋਕ
ਇਸ ਕਿਤਾਬ ਮੇਲੇ 'ਚ ਪਹੁੰਚੇ ਬਿਬੇਕਗੜ੍ਹ ਪ੍ਰਕਾਸ਼ਨ ਦੇ ਆਗੂ ਗੁਰਪਾਲ ਸਿੰਘ ਨੇ ਕਿਹਾ ਕਿ "ਸਾਡਾ ਸਿੱਖ ਸਿਆਸਤ ਮੈਗਜੀਨ ਛੱਪਦਾ ਸੀ, ਜਿਸ ਨੂੰ ਕਿ ਸਾਲ 2009 'ਚ ਸਰਕਾਰ ਵੱਲੋਂ ਬੰਦ ਕਰ ਦਿੱਤਾ ਸੀ ਕਿਉਂਕਿ ਉਸ 'ਚ ਸਰਕਾਰ ਦੇ ਖਿਲਾਫ਼ ਕੰਮ ਹੋ ਰਿਹਾ ਸੀ। ਕਿਸਾਨੀ ਸੰਘਰਸ਼ ਸਮੇਂ ਅਸੀਂ ਆਪਣਾ ਪ੍ਰਕਾਸ਼ਨ ਦੁਬਾਰਾ ਸ਼ੁਰੂ ਕੀਤਾ ਹੈ, ਜਿਸ ਤੋਂ ਬਾਅਦ ਕਈ ਕਿਤਾਬਾਂ ਹੁਣ ਤੱਕ ਛਾਪ ਚੁੱਕੇ ਹਨ। ਇਸ 'ਚ ਭਾਈ ਦਲਜੀਤ ਸਿੰਘ ਦੀ ਖਾੜਕੂ ਸੰਘਰਸ਼ ਦੀ ਸਾਖੀ ਕਿਤਾਬ ਹੈ, ਜਦੋਂ 1984 'ਚ ਸੰਤ ਸ਼ਹੀਦ ਹੋਏ ਤਾਂ ਉਸ ਤੋਂ ਬਾਅਦ ਕਿਹੜਾ ਦੌਰ ਚੱਲਿਆ ਇਹ ਸਭ ਕੁਝ ਦੋ ਕਿਤਾਬਾਂ 'ਚ ਬਿਆਨ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਹੋਰ ਵੀ ਕਾਫ਼ੀ ਕੁਝ ਪੰਜਾਬੀ ਸਾਹਿਤ ਨਾਲ ਜੁੜਿਆ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।"

ਸੱਭਿਆਚਾਰਕ ਪ੍ਰੋਗਰਾਮ ਨੇ ਬੰਨਿਆ ਰੰਗ
ਪੀਯੂ ਲਾਅ ਗਰਾਊਂਡ ਵਿਚ ਲੱਗੇ ਇਸ ਮੇਲੇ ਦੌਰਾਨ ਸੱਭਿਆਚਾਰਕ ਝਲਕ ਵੀ ਵੇਖਣ ਨੂੰ ਮਿਲੀ। ਜਿਸ ਵਿਚ ਭੰਗੜਾ, ਗਿੱਧਾ, ਸੰਗੀਤ, ਨਾਚ ਅਤੇ ਗਤਕਾ ਆਦਿ ਕਲਾਵਾਂ ਸ਼ਾਮਿਲ ਹਨ। ਇਸ ਤੋਂ ਇਲਾਵਾ ਹੋਰ ਮੇਲਿਆਂ ਵਾਂਗ ਕਲਾਕ੍ਰਿਤੀ ਦੀ ਨੁਮਾਇਸ਼ ਵੀ ਵੇਖਣ ਨੂੰ ਮਿਲੀ। ਜਿਸ ਵਿਚ ਕਿਤਾਬਾਂ, ਕੱਪੜੇ, ਗਹਿਣੇ, ਖਾਣ-ਪੀਣ ਦੀਆਂ ਵਸਤਾਂ ਦੀਆਂ ਵੰਨ ਸੁਵੰਨੀਆਂ ਕਿਸਮਾਂ ਵੇਖਣ ਨੂੰ ਮਿਲੀਆਂ। ਇਸ ਤੋਂ ਇਲਾਵਾ ਵੱਖ ਵੱਖ ਕਲਾ ਪ੍ਰਦਰਸ਼ਨੀਆਂ ਵੇਖਣ ਨੂੰ ਮਿਲੀਆਂ ਜਿਸ ਵਿਚ ਸਿੱਖ ਕਲਾ, ਵਿਗਿਆਨ ਨਵੀਨਤਾਵਾਂ, ਫੋਟੋਗ੍ਰਾਫੀ ਅਤੇ ਕਵਿਤਾ ਪ੍ਰਦਰਸ਼ਨੀ ਸ਼ਾਮਿਲ ਸੀ।
ਕੈਂਪਸ ਵਿੱਚ ਲੱਗੇ ਰੰਗ-ਬਰੰਗੇ ਸਟਾਲ ਅਤੇ ਸਜਾਵਟ ਨੇ ਮੇਲੇ ਦੀ ਰੌਣਕ ਨੂੰ ਹੋਰ ਵੀ ਵਧਾ ਦਿੱਤਾ। ਵਿਦਿਆਰਥੀਆਂ ਨੇ ਕਿਹਾ ਕਿ ਅਜਿਹੇ ਮੇਲੇ ਸਿਰਫ਼ ਕਿਤਾਬਾਂ ਖਰੀਦਣ ਦਾ ਮੌਕਾ ਹੀ ਨਹੀਂ, ਸਗੋਂ ਨਵੀਂ ਜਾਣਕਾਰੀ ਅਤੇ ਸੋਚ ਨੂੰ ਅਪਣਾਉਣ ਦਾ ਸਾਧਨ ਵੀ ਹਨ। ਸਮਾਪਤੀ ਸਮਾਰੋਹ ਦੌਰਾਨ ਆਯੋਜਕਾਂ ਨੇ ਦੱਸਿਆ ਕਿ ਮੇਲੇ ਨੂੰ ਵਿਦਿਆਰਥੀਆਂ ਵੱਲੋਂ ਬੇਹੱਦ ਸਹਿਯੋਗ ਮਿਲਿਆ ਹੈ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਆਯੋਜਨ ਜਾਰੀ ਰੱਖੇ ਜਾਣਗੇ। ਕਿਤਾਬ ਮੇਲਾ ਵਿਦਿਆਰਥੀ ਜੀਵਨ ਵਿੱਚ ਗਿਆਨ ਅਤੇ ਸਾਂਝ ਦਾ ਇੱਕ ਯਾਦਗਾਰ ਅਧਿਆਇ ਬਣ ਗਿਆ।

