ETV Bharat / state

ਕਬੂਤਰਬਾਜ਼ੀ ਦੀ ਰੰਜਿਸ਼ ਨੇ ਲਿਆ ਖੂਨੀ ਰੂਪ: ਦਾਤਰਾਂ-ਰਾਡਾਂ ਨਾਲ ਹਮਲਾ, ਦੋ ਭਰਾ ਗੰਭੀਰ ਜ਼ਖਮੀ

ਵਿਰੋਧੀ ਧਿਰ ਵੱਲੋਂ ਉਨ੍ਹਾਂ ਦੇ ਪਿਤਾ ਨੂੰ ਫੋਨ ਕਰਕੇ ਗੱਲਬਾਤ ਕਰਨ ਦੇ ਬਹਾਨੇ ਬਾਹਰ ਬੁਲਾਇਆ ਗਿਆ।

FIGHT BETWEEN GROUPS IN AMRITSAR
ਕਬੂਤਰ ਬਾਜ਼ੀ ਕਾਰਨ ਲੜਾਈ (Etv Bharat)
author img

By ETV Bharat Punjabi Team

Published : May 28, 2026 at 6:18 PM IST

2 Min Read
Choose ETV Bharat

ਅੰਮ੍ਰਿਤਸਰ: ਸ਼ਹਿਰ ਅੰਮ੍ਰਿਤਸਰ ਦੇ ਖਜ਼ਾਨਾ ਗੇਟ ਨੇੜੇ ਪਤੀਆਂ ਵਾਲੀ ਗਲੀ ਵਿੱਚ ਕਬੂਤਰਬਾਜ਼ੀ ਨੂੰ ਲੈ ਕੇ ਚੱਲ ਰਹੀ ਪੁਰਾਣੀ ਰੰਜਿਸ਼ ਉਸ ਵੇਲੇ ਖੂਨੀ ਰੂਪ ਧਾਰ ਗਈ ਜਦੋਂ ਕੁਝ ਲੋਕਾਂ ਵੱਲੋਂ ਇੱਕ ਨੌਜਵਾਨ ਅਤੇ ਉਸਦੇ ਪਰਿਵਾਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਦੋ ਭਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਕਬੂਤਰਬਾਜ਼ੀ ਦੀ ਰੰਜਿਸ਼ ਨੇ ਲਿਆ ਖੂਨੀ ਰੂਪ (Etv Bharat)

"ਘਰੋਂ ਬਹਾਨੇ ਨਾਲ ਫੋਨ ਕਰਕੇ ਬੁਲਾਇਆ"

ਹਸਪਤਾਲ ਵਿੱਚ ਜ਼ੇਰੇ ਇਲਾਜ ਨੀਰਜ ਸ਼ਰਮਾ ਅਤੇ ਕਰਨ ਸ਼ਰਮਾ ਨੇ ਦੱਸਿਆ ਕਿ "ਉਹ ਸ਼ੌਕ ਦੇ ਤੌਰ ’ਤੇ ਕਬੂਤਰ ਰੱਖਦੇ ਹਨ। ਇਸ ਗੱਲ ਨੂੰ ਲੈ ਕੇ ਮੁਹੱਲੇ ਦੇ ਕੁਝ ਲੋਕ ਉਨ੍ਹਾਂ ਨਾਲ ਰੰਜਿਸ਼ ਰੱਖਦੇ ਸਨ ਅਤੇ ਪਹਿਲਾਂ ਵੀ ਕਈ ਵਾਰ ਤਕਰਾਰ ਹੋ ਚੁੱਕੀ ਸੀ। ਪੀੜਤਾਂ ਦੇ ਮੁਤਾਬਿਕ, ਘਟਨਾ ਵਾਲੇ ਦਿਨ ਵਿਰੋਧੀ ਧਿਰ ਵੱਲੋਂ ਉਨ੍ਹਾਂ ਦੇ ਪਿਤਾ ਨੂੰ ਫੋਨ ਕਰਕੇ ਗੱਲਬਾਤ ਕਰਨ ਦੇ ਬਹਾਨੇ ਬਾਹਰ ਬੁਲਾਇਆ ਗਿਆ। ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਉੱਥੇ ਪਹਿਲਾਂ ਤੋਂ ਹੀ ਹਮਲਾਵਰ ਦਾਤਰਾਂ, ਬੇਸਬਾਲ ਅਤੇ ਲੋਹੇ ਦੀਆਂ ਰਾਡਾਂ ਨਾਲ ਤਿਆਰ ਖੜੇ ਸਨ। ਗਲੀ ਦੇ ਮੋੜ ’ਤੇ ਉਨ੍ਹਾਂ ਨੂੰ ਘੇਰ ਕੇ ਅੰਨ੍ਹੇਵਾਹ ਹਮਲਾ ਕਰ ਦਿੱਤਾ ਗਿਆ। ਜਦੋਂ ਕਰਨ ਸ਼ਰਮਾ ਆਪਣੇ ਭਰਾ ਨੂੰ ਬਚਾਉਣ ਲਈ ਅੱਗੇ ਆਇਆ ਤਾਂ ਹਮਲਾਵਰਾਂ ਨੇ ਉਸਦੇ ਸਿਰ ’ਤੇ ਦਾਤਰ ਨਾਲ ਕਈ ਵਾਰ ਕੀਤੇ।"

"ਸਿਰ 'ਤੇ 5 ਤੋਂ 7 ਵਾਰ ਮਾਰਿਆ ਦਾਤਰ"

ਪੀੜਤ ਨੀਰਜ ਸ਼ਰਮਾ ਨੇ ਦੱਸਿਆ ਕਿ "ਜਾਨ ਬਚਾਉਣ ਲਈ ਉਹ ਨੇੜੇ ਦੀ ਇੱਕ ਹਲਵਾਈ ਦੀ ਦੁਕਾਨ ਵਿੱਚ ਦੌੜ ਗਿਆ, ਪਰ ਹਮਲਾਵਰ ਉੱਥੇ ਵੀ ਪਿੱਛਾ ਕਰਦੇ ਹੋਏ ਅੰਦਰ ਵੜ ਗਏ ਅਤੇ ਹਮਲਾ ਜਾਰੀ ਰੱਖਿਆ। ਇਸ ਹਮਲੇ ਵਿੱਚ ਨੀਰਜ ਦੇ ਸਿਰ, ਪਿੱਠ ਅਤੇ ਬਾਂਹਾਂ ’ਤੇ ਗੰਭੀਰ ਸੱਟਾਂ ਲੱਗੀਆਂ ਹਨ, ਜਦਕਿ ਉਸਦੀ ਇੱਕ ਲੱਤ ਦੀ ਹੱਡੀ ਵੀ ਟੁੱਟ ਗਈ ਹੈ। ਕਰਨ ਸ਼ਰਮਾ ਦੇ ਸਿਰ ’ਤੇ 5 ਤੋਂ 7 ਦਾਤਰ ਦੇ ਵਾਰ ਹੋਏ ਹਨ ਅਤੇ ਬਾਂਹ ’ਤੇ ਵੀ ਡੂੰਘਾ ਜ਼ਖਮ ਆਇਆ ਹੈ। ਉਥੇ ਹੀ ਬਚਾਅ ਕਰਨ ਦੌਰਾਨ ਪੀੜਤ ਦੀ ਮਾਤਾ ਵੀ ਜ਼ਖਮੀ ਹੋ ਗਈ, ਜਿਸਦੀ ਠੋਡੀ ’ਤੇ ਸੱਟ ਲੱਗੀ ਹੈ।"

"ਪਹਿਲਾਂ ਵੀ ਨਸ਼ੇ ਅਤੇ ਹੋਰ ਮਾਮਲਿਆਂ ਵਿੱਚ ਜੇਲ੍ਹ ਜਾ ਚੁੱਕੇ ਹਨ ਹਮਲਾਵਰ"

ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਕਿ ਹਮਲੇ ਵਿੱਚ ਪਲਵਿੰਦਰ, ਉਸਦਾ ਪਿਤਾ, ਜਵਾਈ ਅਤੇ ਕੁਝ ਔਰਤਾਂ ਵੀ ਸ਼ਾਮਲ ਸਨ। ਪਰਿਵਾਰ ਨੇ ਪੁਲਿਸ ਕੋਲ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਹਮਲਾਵਰਾਂ ਖ਼ਿਲਾਫ਼ ਧਾਰਾ 307 ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਪੀੜਤਾਂ ਦਾ ਕਹਿਣਾ ਹੈ ਕਿ ਹਮਲਾਵਰ ਪਹਿਲਾਂ ਵੀ ਨਸ਼ੇ ਅਤੇ ਹੋਰ ਮਾਮਲਿਆਂ ਵਿੱਚ ਜੇਲ੍ਹ ਜਾ ਚੁੱਕੇ ਹਨ ਅਤੇ ਹੁਣ ਵੀ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਬਣਿਆ ਹੋਇਆ ਹੈ।

ਪੁਲਿਸ ਦਾ ਬਿਆਨ

ਉੱਥੇ ਹੀ ਮਾਮਲੇ ਸਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਝਗੜਾ ਕਬੂਤਰਬਾਜ਼ੀ ਨੂੰ ਲੈ ਕੇ ਹੋਇਆ ਸੀ ਅਤੇ ਦੋਵਾਂ ਧਿਰਾਂ ਨੂੰ ਸੱਟਾਂ ਲੱਗੀਆਂ ਹਨ। ਪੁਲਿਸ ਮੁਤਾਬਕ ਦੋਵਾਂ ਪਾਸਿਆਂ ਦੇ ਮੈਡੀਕਲ ਰਿਪੋਰਟਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: