ਸੇਵਾ ਕੇਂਦਰਾਂ 'ਚ ਕਈ ਸੇਵਾਵਾਂ ਹੋਈਆਂ ਮੁਫਤ, ਜਾਣੋਂ ਕਿਹੜੀਆਂ ?
ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਸੇਵਾ ਕੇਂਦਰ ਵਿੱਚ ਕਈ ਸੇਵਾਵਾਂ ਨੂੰ ਬਿਲਕੁਲ ਮੁਫਤ ਦੇਣ ਦਾ ਐਲਾਨ ਕੀਤਾ ਗਿਆ ਹੈ।


Published : July 5, 2026 at 4:10 PM IST
ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਸੇਵਾ ਕੇਂਦਰਾਂ ਨਾਲ ਜੁੜੀਆਂ ਕਈ ਮਹੱਤਵਪੂਰਨ ਸੇਵਾਵਾਂ ਨੂੰ ਨਿਰਧਾਰਿਤ ਸਮੇਂ ਲਈ ਮੁਫ਼ਤ ਕਰ ਦਿੱਤਾ ਗਿਆ ਹੈ। ਇਸ ਫੈਸਲੇ ਤਹਿਤ ਹੁਣ ਲੋਕਾਂ ਨੂੰ 9 ਤੋਂ 11 ਦੇ ਕਰੀਬ ਵੱਖ-ਵੱਖ ਸੇਵਾਵਾਂ ਲਈ ਕਿਸੇ ਵੀ ਤਰ੍ਹਾਂ ਦੀ ਫੀਸ ਅਦਾ ਨਹੀਂ ਕਰਨੀ ਪਵੇਗੀ।
ਮੁਫ਼ਤ ਸੇਵਾਵਾਂ ਦੀ ਸਕੀਮ 1 ਜੁਲਾਈ ਤੋਂ 30 ਸਤੰਬਰ ਤੱਕ ਲਾਗੂ
ਇਹ ਮੁਫ਼ਤ ਸੇਵਾਵਾਂ ਦੀ ਸਕੀਮ 1 ਜੁਲਾਈ ਤੋਂ 30 ਸਤੰਬਰ ਤੱਕ ਲਾਗੂ ਰਹੇਗੀ, ਜਿਸ ਦਾ ਲਾਭ ਸੂਬੇ ਦੇ ਹਜ਼ਾਰਾਂ ਲੋਕ ਉਠਾ ਰਹੇ ਹਨ। ਬਾਬਾ ਬਕਾਲਾ ਸਾਹਿਬ ਦੇ ਸੇਵਾ ਕੇਂਦਰ ਵਿੱਚ ਵੀ ਇਸ ਸਕੀਮ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਮੁਫ਼ਤ ਸੇਵਾਵਾਂ ਦਾ ਲਾਭ ਲੈਣ ਲਈ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਸੇਵਾ ਕੇਂਦਰ ਪਹੁੰਚ ਰਹੇ ਹਨ।
'ਨਹੀਂ ਦੇਣੀ ਪਵੇਗੀ ਕੋਈ ਫੀਸ'
ਇਸ ਸਕੀਮ ਦੇ ਤਹਿਤ ਜਨਮ ਸਰਟੀਫਿਕੇਟ ਨਾਲ ਸਬੰਧਤ ਕਈ ਸੇਵਾਵਾਂ ਦੀ ਫੀਸ ਪੂਰੀ ਤਰ੍ਹਾਂ ਜ਼ੀਰੋ ਕਰ ਦਿੱਤੀ ਗਈ ਹੈ। ਹੁਣ ਜਨਮ ਸਰਟੀਫਿਕੇਟ ਵਿੱਚ ਨਾਮ ਦਰਜ ਕਰਵਾਉਣ, ਜਨਮ ਸਰਟੀਫਿਕੇਟ ਵਿੱਚ ਦਰੁਸਤੀ ਕਰਵਾਉਣ, ਜਨਮ ਦਾ ਲੇਟ ਇੰਦਰਾਜ ਕਰਵਾਉਣ ਸਮੇਤ ਹੋਰ ਕਈ ਸੇਵਾਵਾਂ ਮੁਫ਼ਤ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਇੰਨਾਂ ਸੇਵਾਵਾਂ ਲਈ ਨਹੀਂ ਦੇਣੀ ਪਵੇਗੀ ਫੀਸ...
ਇਸ ਤੋਂ ਇਲਾਵਾ ਜਾਤੀ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਸਰਟੀਫਿਕੇਟਾਂ ਦੀਆਂ ਡੁਪਲੀਕੇਟ ਕਾਪੀਆਂ ਪ੍ਰਾਪਤ ਕਰਨ ਲਈ ਵੀ ਹੁਣ ਲੋਕਾਂ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ। ਸਰਕਾਰ ਦੇ ਇਸ ਫੈਸਲੇ ਨਾਲ ਆਰਥਿਕ ਤੌਰ 'ਤੇ ਕਮਜ਼ੋਰ ਅਤੇ ਲੋੜਵੰਦ ਪਰਿਵਾਰਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ।
"ਜਨਮ ਸਰਟੀਫਿਕੇਟ ਵਿੱਚ ਨਾਮ ਦਰਜ ਕਰਵਾਉਣ, ਜਨਮ ਸਰਟੀਫਿਕੇਟ ਵਿੱਚ ਦਰੁਸਤੀ ਕਰਵਾਉਣ, ਜਨਮ ਦਾ ਲੇਟ ਇੰਦਰਾਜ ਕਰਵਾਉਣ ਤੋਂ ਇਲਾਵਾ ਜਾਤੀ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਸਰਟੀਫਿਕੇਟਾਂ ਦੀਆਂ ਡੁਪਲੀਕੇਟ ਕਾਪੀਆਂ ਪ੍ਰਾਪਤ ਕਰਨ ਲਈ ਵੀ ਹੁਣ ਲੋਕਾਂ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ।"-ਚਸਦੀਪ ਸਿੰਘ, ਸੇਵਾ ਕੇਂਦਰ ਮੁਲਾਜ਼ਮ
'ਸੇਵਾ ਕੇਂਦਰ ਵਿੱਚ ਲਾਭਪਾਤਰੀਆਂ ਦੀ ਗਿਣਤੀ ਵਿੱਚ ਵਾਧਾ'
ਸੇਵਾ ਕੇਂਦਰ ਬਾਬਾ ਬਕਾਲਾ ਸਾਹਿਬ ਦੇ ਅਧਿਕਾਰੀ ਚਸਦੀਪ ਸਿੰਘ ਨੇ ਦੱਸਿਆ ਕਿ "ਸਰਕਾਰ ਦੇ ਹੁਕਮਾਂ ਅਨੁਸਾਰ ਇਹ ਸਾਰੀਆਂ ਸੇਵਾਵਾਂ 01 ਜੁਲਾਈ ਤੋਂ 30 ਸਤੰਬਰ 2026 ਤੱਕ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਸਕੀਮ ਸ਼ੁਰੂ ਹੋਣ ਤੋਂ ਬਾਅਦ ਸੇਵਾ ਕੇਂਦਰ ਵਿੱਚ ਲਾਭਪਾਤਰੀਆਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ ਅਤੇ ਹਰ ਰੋਜ਼ ਵੱਡੀ ਸੰਖਿਆ ਵਿੱਚ ਲੋਕ ਆਪਣੇ ਕੰਮ ਕਰਵਾਉਣ ਲਈ ਪਹੁੰਚ ਰਹੇ ਹਨ।"
ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਟੋਕਨ ਸੇਵਾ ਕੇਂਦਰ ਨਾ ਆਉਣ। ਪਹਿਲਾਂ ਟੋਕਨ ਪ੍ਰਾਪਤ ਕਰਨ ਅਤੇ ਉਸ 'ਤੇ ਦਰਜ ਨਿਰਧਾਰਿਤ ਸਮੇਂ ਅਨੁਸਾਰ ਹੀ ਸੇਵਾ ਕੇਂਦਰ ਪਹੁੰਚਣ, ਤਾਂ ਜੋ ਉਨ੍ਹਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਸਮੇਂ ਸਿਰ ਸਾਰੀਆਂ ਸੇਵਾਵਾਂ ਮਿਲ ਸਕਣ ਅਤੇ ਬੇਲੋੜੀ ਭੀੜ ਤੋਂ ਵੀ ਬਚਿਆ ਜਾ ਸਕੇ।

