ਭਿਖਾਰੀ ਨੇ ਵੰਡੇ ਕੰਬਲ ਅਤੇ ਲਾਇਆ ਚਾਹ ਦਾ ਲੰਗਰ, ਪੀਐੱਮ ਮੋਦੀ ਵੀ ਕਰ ਚੁੱਕੇ ਸ਼ਲਾਘਾ
ਭਿਖਾਰੀ ਰਾਜੂ ਵੱਲੋਂ ਕੀਤੀ ਜਾ ਰਹੀ ਸਮਾਜ ਸੇਵਾ ਦੀ ਸ਼ਲਾਘਾ ਖੁੱਦ ਪੀਐੱਮ ਮੋਦੀ 'ਮਨ ਕੀ ਬਾਤ' ਪ੍ਰੋਗਰਾਮ ਵਿੱਚ ਕਰ ਚੁੱਕੇ ਹਨ।

Published : January 9, 2026 at 11:43 AM IST
ਪਠਾਨਕੋਟ: ਪੂਰੇ ਉੱਤਰ ਭਾਰਤ ਵਿੱਚ ਸੀਤ ਲਹਿਰ ਦਾ ਪ੍ਰਕੋਪ ਜਾਰੀ ਹੈ। ਇਸ ਠੰਢ ਦੇ ਕਹਿਰ ਨਾਲ ਕਈ ਲੋਕ ਬਿਮਾਰ ਹੋ ਰਹੇ ਹਨ। ਅਜਿਹੇ ਲੋਕ ਜਿਨ੍ਹਾਂ ਦੀ ਸਿਰ ਉੱਤੇ ਛੱਤ ਨਹੀਂ ਹੈ ਜਾਂ ਲੋੜਵੰਦ ਹਨ, ਉਨ੍ਹਾਂ ਲਈ ਠੰਢ ਡਬਲ ਅਟੈਕ ਤੋਂ ਘੱਟ ਨਹੀਂ ਹੈ। ਅਜਿਹੇ ਵਿੱਚ ਜਿੱਥੇ ਅਜਿਹੇ ਲੋਕ ਖਾਣ-ਪੀਣ ਤੋਂ ਤਰਸਦੇ ਹਨ, ਉੱਥੇ ਹੀ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਵਾਲੀਆਂ ਚੀਜ਼ਾਂ ਤੋਂ ਵੀ ਵਾਂਝੇ ਹੁੰਦੇ ਹਨ। ਅਜਿਹੇ ਵਿੱਚ ਸੂਬੇ ਅੰਦਰ ਮਾਨਵਤਾ ਦੀ ਮਿਸਾਲ ਇੱਕ ਭਿਖਾਰੀ ਵੱਲੋਂ ਪੇਸ਼ ਕੀਤੀ ਗਈ ਹੈ।
'ਕੰਬਲ ਵੰਡ ਕੀਤੀ ਸੇਵਾ'
ਅਕਸਰ ਹੀ ਸੜਕਾਂ ਜਾਂ ਕਿਸੇ ਧਾਰਮਿਕ ਸਥਾਨਾਂ ਬਾਹਰ ਤੁਸੀਂ ਲੋਕਾਂ ਨੂੰ ਭੀਖ਼ ਮੰਗਦਿਆਂ ਵੇਖਿਆ ਹੋਵੇਗਾ, ਜੋ ਕਿ ਆਪਣਾ ਪੇਟ ਭਰਨ ਲਈ ਭੀਖ਼ ਮੰਗਣ ਲਈ ਮਜ਼ਬੂਰ ਹੁੰਦੇ ਹਨ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਭਿਖਾਰੀ ਦਿਖਾਉਣ ਜਾ ਰਹੇ ਹਾਂ, ਜਿਸ ਨੇ ਭੀਖ਼ ਮੰਗ ਕੇ ਲੋੜਵੰਦਾਂ ਨੂੰ 500 ਦੇ ਕਰੀਬ ਕੰਬਲ ਵੰਡੇ ਹਨ। ਇਹ ਜ਼ਰੂਰ ਹੈਰਾਨੀਜਨਕ ਹੋਵੇਗਾ ਪਰ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

ਕੌਣ ਹੈ ਇਹ ਦਾਨੀ ਭਿਖਾਰੀ ਜਿਸ ਦੀ ਪੀਐਮ ਮੋਦੀ ਵੀ ਕਰ ਚੁੱਕੇ ਤਰੀਫ਼?
ਇਸ ਸ਼ਖਸ ਦਾ ਨਾਮ ਰਾਜੂ ਭਿਖਾਰੀ ਹੈ ਜਿਸ ਦਾ ਜ਼ਿਕਰ ਕੋਵਿਡ ਕਾਲ ਦੌਰਾਨ ਮਾਨਵਤਾ ਦੀ ਭਲਾਈ ਲਈ ਕੰਮ ਕਰਨ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਦੌਰਾਨ ਕੀਤਾ ਸੀ। ਕੋਵਿਡ ਦੌਰਾਨ ਜਿੱਥੇ ਰਾਜੂ ਨੇ ਲੋਕਾਂ ਨੂੰ ਮਾਸਕ ਲਗਾ ਕੇ ਰੱਖਣ ਦੀ ਅਪੀਲ ਕੀਤੀ, ਉੱਥੇ ਹੀ ਲੋੜਵੰਦਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਇਆ ਅਤੇ ਬੱਚਿਆਂ ਨੂੰ ਕਿਤਾਬਾਂ-ਕਾਪੀਆਂ ਮੁਹੱਈਆਂ ਕਰਵਾਈਆਂ। ਰਾਜੂ ਦੀਆਂ ਲੱਤਾਂ ਕੰਮ ਨਹੀਂ ਕਰਦੀਆਂ, ਉਹ ਵ੍ਹੀਲ ਚੇਅਰ ਉੱਤੇ ਬੈਠ ਕੇ ਹੀ ਬਾਹਰ ਸੜਕਾਂ ਉੱਤੇ ਜਾਂਦਾ ਹੈ। ਅੱਜ ਦਾ ਇਹ ਕੰਮ ਵੀ ਉਨ੍ਹਾਂ ਲੋਕਾਂ ਲਈ ਮਿਸਾਲ ਬਣਦਾ ਹੈ, ਜੋ ਕਿ ਘਰੋਂ ਤਾਂ ਸੰਪੰਨ ਹਨ ਪਰ ਗਰੀਬਾਂ ਲਈ ਕੁਝ ਕਰਨ ਦਾ ਜਜ਼ਬਾ ਨਹੀਂ ਰੱਖਦੇ। ਇੱਕ ਅਜਿਹਾ ਇਨਸਾਨ, ਜੋ ਕਿ ਖੁਦ ਭੀਖ਼ ਮੰਗ ਕੇ ਆਪਣਾ ਗੁਜ਼ਾਰਾ ਕਰਦਾ ਹੈ, ਉਸ ਵੱਲੋਂ ਲੋੜਵੰਦ ਲੋਕਾਂ ਲਈ ਹੁਣ ਗਰਮ ਕੰਬਲਾਂ ਦਾ ਲੰਗਰ ਲਗਾਇਆ ਗਿਆ। ਲੋੜਵੰਦ ਲੋਕਾਂ ਵਿੱਚ ਉਸ ਨੇ 500 ਦੇ ਕਰੀਬ ਕੰਬਲ ਵੰਡੇ। ਨਾਲ ਹੀ ਚਾਹ ਦੇ ਲੰਗਰ ਦਾ ਵੀ ਪ੍ਰਬੰਧ ਕੀਤਾ ।
ਮੈਂ 10-10 ਰੁਪਏ ਇਕੱਠੇ ਕਰਕੇ ਕੰਬਲ ਖਰੀਦੇ ਹਨ ਅਤੇ ਇਨ੍ਹਾਂ ਨੂੰ ਲੋੜਵੰਦਾਂ ਵਿੱਚ ਵੰਡਿਆ ਹੈ। ਮੇਰੇ ਕੋਲ ਘਰ ਨਹੀਂ ਹੈ, ਮੇਰਾ ਰਹਿਣ ਦਾ ਪ੍ਰਬੰਧ ਕੀਤਾ ਜਾਵੇ। ਮੈਂ ਅੱਗੇ ਵੀ ਲੋਕਾਂ ਦੀ ਸੇਵਾ ਕਰਦਾ ਰਹਾਂਗਾ, ਪਰਮਾਤਮਾ ਮੇਰਾ ਸਾਥ ਦੇਵੇ। ਮੈਂ 5 ਹਜ਼ਾਰ ਰੁਪਏ ਮਹੀਨਾ ਦੇ ਕੇ ਕਿਰਾਏ ਉੱਤੇ ਰਹਿ ਰਿਹਾ ਹਾਂ। - ਰਾਜੂ, ਭਿਖ਼ਾਰੀ

'ਰਾਜੂ ਵੱਲੋਂ ਸਰਕਾਰ ਨੂੰ ਅਪੀਲ'
ਇਹ ਵੀ ਦੱਸਣਯੋਗ ਹੈ ਕਿ ਰਾਜੂ ਭਿਖਾਰੀ ਨੇ ਕਰੀਬ 50 ਗਰੀਬ ਲੜਕੀਆਂ ਦਾ ਵਿਆਹ ਕਰਵਾਏ ਹਨ। ਦੋ ਪੁਲੀਆਂ ਜੋ ਟੁੱਟੀਆਂ ਹੋਈਆਂ ਸਨ ਉਹ ਬਣਾਈਆਂ ਹਨ। ਕੋਵਿਡ ਦੇ ਦੌਰਾਨ ਸੜਕਾਂ 'ਤੇ ਨਿਕਲ ਕੇ ਮਾਸਕ ਅਤੇ ਸੈਨੀਟਾਈਜ਼ਰ ਵੀ ਵੰਡੇ, ਜਿਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 'ਮਨ ਕੀ ਬਾਤ' ਪ੍ਰੋਗਰਾਮ ਵਿੱਚ ਰਾਜੂ ਦੇ ਯੋਗਦਾਨ ਦੀ ਚਰਚਾ ਕੀਤੀ ਗਈ ਸੀ। ਇਸ ਤੋਂ ਇਲਾਵਾ ਰਾਜੂ ਦਾ ਕਹਿਣਾ ਹੈ ਕਿ ਸਰਕਾਰਾਂ ਵੱਲੋਂ ਸਿਰਫ ਉਸ ਦੇ ਨਾਲ ਵਾਅਦੇ ਹੀ ਕੀਤੇ ਗਏ ਪਰ ਉਨ੍ਹਾਂ ਵਾਦਿਆਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ। ਰਾਜੂ ਨੇ ਅਪੀਲ ਕੀਤੀ ਕਿ ਉਸ ਨੂੰ ਰਹਿਣ ਦੇ ਲਈ ਘਰ ਮੁਹੱਈਆ ਕਰਵਾਇਆ ਜਾਵੇ।
Punjab: Raju, specially-abled man from Pathankot, who was mentioned by PM in Mann Ki Baat today,has been distributing masks&ration among needy amid #COVID lockdown. He says," there are many like me who are dependent on begging for their survival.i spend what i earn to help others" pic.twitter.com/YX2q8N1LEK
— ANI (@ANI) May 31, 2020
ਕੀ ਬੋਲੇ 'ਆਪ' ਆਗੂ ?
ਇਸ ਮੌਕੇ ਆਮ ਆਦਮੀ ਪਾਰਟੀ ਦੇ ਨੇਤਾ ਵਿਸ਼ਵ ਸ਼ਰਮਾ ਵੀ ਮੌਜੂਦ ਰਹੇ ਹਨ। ਉਨ੍ਹਾਂ ਕਿਹਾ ਕਿ, "ਮੇਰੀ ਡਿਊਟੀ ਉਨ੍ਹਾਂ ਦੇ ਹਲਕਾ ਇੰਚਾਰਜ ਵਿਭੂਤੀ ਸ਼ਰਮਾ ਨੇ ਲਾਈ ਸੀ ਕਿਉਂਕਿ ਉਹ ਮੌਜੂਦ ਨਹੀਂ ਸਨ। ਮੈਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ ਰਾਜੂ ਹਮੇਸ਼ਾ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਰਹਿਣ। ਅਸੀਂ ਵਿਭੂਤ ਸ਼ਰਮਾ ਨਾਲ ਗੱਲ ਕਰਕੇ ਰਾਜੂ ਦੇ ਰਹਿਣ ਦਾ ਪ੍ਰਬੰਧ ਕਰ ਕੇ ਦੇਵਾਂਗੇ।"

ਵਿਸ਼ਵ ਸ਼ਰਮਾ ਨੇ ਅੱਗੇ ਕਿਹਾ ਕਿ, ਰਾਜੂ ਤੋਂ ਉਨ੍ਹਾਂ ਲੋਕਾਂ ਨੂੰ ਸਿੱਖਣਾ ਚਾਹੀਦਾ ਹੈ ਕਿ ਜੋ ਹਮੇਸ਼ਾਂ ਜਿੰਦਗੀ ਵਿੱਚ ਬਹਾਨੇ ਬਣਾਉਂਦੇ ਰਹਿ ਜਾਂਦੇ ਹਨ। ਰਾਜੂ ਵਧੀਆ ਮਾਨਵਤਾ ਦੀ ਮਿਸਾਲ ਕਾਇਮ ਕਰ ਰਹੇ ਹਨ।

