ETV Bharat / state

ਭਗਵੰਤ ਮਾਨ ਤੋਂ ਪਹਿਲਾਂ ਵੀ ਪੰਜਾਬ ਦੇ ਮੁੱਖ ਮੰਤਰੀਆਂ ਨੂੰ ਤਲਬ ਕਰ ਚੁੱਕਾ ਹੈ ਸ੍ਰੀ ਅਕਾਲ ਤਖ਼ਤ ਸਾਹਿਬ, ਦੇਖੋ ਸੂਚੀ

ਪਹਿਲਾਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੂਬੇ ਦੇ ਮੁੱਖ ਮੰਤਰੀਆਂ ਨੂੰ ਤਲਬ ਕੀਤਾ ਸੀ। ਪੜ੍ਹੋ ਪੂਰੀ ਖਬਰ...

Before Bhagwant Mann these Chief Ministers of Punjab have also appeared before Sri Akal Takht Sahib
ਪਹਿਲਾਂ ਵੀ ਪੰਜਾਬ ਦੇ ਮੁੱਖ ਮੰਤਰੀਆਂ ਨੂੰ ਤਲਬ ਕਰ ਚੁੱਕਾ ਹੈ ਸ੍ਰੀ ਅਕਾਲ ਤਖ਼ਤ ਸਾਹਿਬ (Etv Bharat)
author img

By ETV Bharat Punjabi Team

Published : January 6, 2026 at 5:32 PM IST

4 Min Read
Choose ETV Bharat

ਲੁਧਿਆਣਾ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ 15 ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਖ ਰਹਿਤ ਮਰਿਆਦਾ ਅਤੇ ਕਥਿਤ ਇਤਰਾਜ਼ਯੋਗ ਬਿਆਨ ਦੇਣ ਨੂੰ ਲੈ ਕੇ ਤਲਬ ਕੀਤਾ ਗਿਆ ਹੈ। ਅਕਾਲ ਤਖਤ ਸਕੱਤਰੇਤ ਦੇ ਵਿੱਚ ਮੁੱਖ ਮੰਤਰੀ ਪੰਜਾਬ ਪੇਸ਼ ਹੋਣਗੇ। ਹਾਲਾਂਕਿ ਉਨ੍ਹਾਂ ਨੂੰ ਸਕੱਤਰੇਤ ਦੇ ਵਿੱਚ ਹੀ ਬੁਲਾਇਆ ਜਾ ਰਿਹਾ ਹੈ ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਰੀਸਰ ਦੇ ਵਿੱਚ ਸਿਰਫ ਰਹਿਤ ਮਰਿਆਦਾ ਰੱਖਣ ਵਾਲੇ ਸਿੱਖ ਨੂੰ ਹੀ ਬੁਲਾਇਆ ਜਾਂਦਾ ਹੈ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੂਰਨ ਤੌਰ ਉੱਤੇ ਸਿੱਖ ਰਹਿਤ ਮਰਿਆਦਾ ਵਾਲੇ ਸਿੱਖ ਨਹੀਂ ਹਨ ਭਾਵ ਕਿ ਉਨ੍ਹਾਂ ਦੀ ਦਾੜੀ ਅਤੇ ਵਾਲ ਕੱਟੇ ਹੋਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਅੰਮ੍ਰਿਤ ਵੀ ਨਹੀਂ ਛਕਿਆ ਹੋਇਆ, ਇਸ ਕਰਕੇ ਭਗਵੰਤ ਮਾਨ ਨੂੰ ਸਕੱਤਰ ਹਿੱਤ ਦੇ ਵਿੱਚ ਬੁਲਾਇਆ ਗਿਆ ਹੈ।

15 ਜਨਵਰੀ ਨੂੰ ਪੇਸ਼ ਹੋਣਗੇ ਮੁੱਖ ਮੰਤਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਬੰਧੀ ਸੋਸ਼ਲ ਮੀਡੀਆ ਉੱਤੇ ਲਿਖ ਕੇ ਕਿਹਾ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਣਗੇ। ਉਨ੍ਹਾਂ ਨੇ ਲਿਖਿਆ "ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਆਇਆ ਹੁਕਮ ਸਿਰ ਮੱਥੇ। ਦਾਸ ਮੁੱਖ ਮੰਤਰੀ ਵਜੋਂ ਨਹੀਂ ਨਿਮਾਣੇ ਸਿੱਖ ਵਜੋਂ ਨੰਗੇ ਪੈਰ ਚੱਲ ਕੇ ਹਾਜਰ ਹੋਵੇਗਾ। ਦਾਸ 15 ਜਨਵਰੀ ਨੂੰ ਦੇਸ਼ ਦੇ ਮਾਣਯੋਗ ਰਾਸ਼ਟਰਪਤੀ ਜੀ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਾਹਿਬ ਵਿਖੇ ਕਾਨਫਰੰਸ ਵਿੱਚ ਹਿੱਸਾ ਲੈਣ ਆ ਰਹੇ ਹਨ। ਉਸ ਦਿਨ ਲਈ ਮਾਫੀ ਵੀ ਮੰਗਦਾ ਹੈ, ਕਿਉਂਕਿ ਮੇਰੇ ਲਈ ਲਈ ਸਭ ਤੋਂ ਉੱਤਮ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਅਤੇ ਉਸ ਪਾਵਨ ਤਖ਼ਤ ਸਾਹਿਬ ਤੋਂ ਆਇਆ ਹੁਕਮ ਸਿਰ ਮੱਥੇ ਹੈ, ਸੀ ਅਤੇ ਹਮੇਸ਼ਾਂ ਰਹੇਗਾ।"

ਹੁਣ ਤਕ ਪੰਜਾਬ ਦੇ 4 ਮੁੱਖ ਮੰਤਰੀਆਂ ਨੂੰ ਕੀਤਾ ਤਲਬ

ਦੱਸ ਦਈਏ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਸੂਬੇ ਦੇ ਮੁੱਖ ਮੰਤਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਤਲਬ ਕੀਤਾ ਹੋਵੇ। ਇਸ ਤੋਂ ਪਹਿਲਾਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੂਬੇ ਦੇ ਮੁੱਖ ਮੰਤਰੀਆਂ ਨੂੰ ਤਲਬ ਕੀਤਾ ਸੀ, ਜਿਨ੍ਹਾਂ ਨੇ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਦਿੱਤਾ ਅਤੇ ਸਜ਼ਾ ਵੀ ਖਿੜੇ ਮੱਥੇ ਪ੍ਰਵਾਨ ਕੀਤੀ ਸੀ। ਇਨ੍ਹਾਂ ਸਬੰਧੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ।

Before Bhagwant Mann these Chief Ministers of Punjab have also appeared before Sri Akal Takht Sahib
ਹੁਣ ਤਕ ਪੰਜਾਬ ਦੇ 4 ਮੁੱਖ ਮੰਤਰੀਆਂ ਨੂੰ ਕੀਤਾ ਤਲਬ (Etv Bharat)
  • 1979 ਦੇ ਵਿੱਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕੀਤਾ ਗਿਆ ਸੀ। ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਦੀ ਸਜ਼ਾ ਸੁਣਾਈ ਗਈ ਸੀ।
  • 1987 ਦੇ ਵਿੱਚ ਤਤਕਾਲੀ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਪੰਥ ਵਿਰੋਧੀ ਗਤੀਵਿਧੀਆਂ ਕਰਨ ਨੂੰ ਲੈ ਕੇ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕੀਤਾ ਗਿਆ ਸੀ। ਸੁਰਜੀਤ ਸਿੰਘ ਬਰਨਾਲਾ ਨੂੰ ਗਲੇ ਵਿੱਚ ‘ਮੈਂ ਪਾਪੀ ਹਾਂ’ ਦੀ ਤਖ਼ਤੀ ਲਟਕਾ ਕੇ ਜੁੱਤੀਆਂ ਸਾਫ ਕਰਨ ਦੀ ਸਜ਼ਾ ਲਾਈ ਗਈ ਸੀ।
  • 2018 ਦੇ ਵਿੱਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਤਲਬ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਨੂੰ ਇਸ ਕਰਕੇ ਤਲਬ ਕੀਤਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਗੁਟਕਾ ਸਾਹਿਬ ਉੱਤੇ ਹੱਥ ਰੱਖ ਕੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੀ ਸਹੁੰ ਚੁੱਕੀ ਸੀ।
  • 2026 ਵਿੱਚ ਹੁਣ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਉੱਤੇ ਮੀਡੀਆ ਸਾਹਮਣੇ ਗੋਲਕ ਨੂੰ ਲੈ ਕੇ ਟਿੱਪਣੀਆਂ ਕਰਨ ਅਤੇ ਗੁਰੂ ਸਾਹਿਬ ਦੀਆਂ ਫੋਟੋਆਂ ਦਾ ਨਿਰਾਦਰ ਕਰਨ ਦੇ ਇਲਜ਼ਾਮ ਲੱਗੇ ਹਨ।

ਜੇਕਰ ਅੱਗੇ ਗੱਲ ਕੀਤੀ ਜਾਵੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਹਾਰਾਜਾ ਰਣਜੀਤ ਸਿੰਘ, ਦੇਸ਼ ਦੇ ਰਾਸ਼ਟਰਪਤੀ ਸਮੇਤ ਕਈ ਵੱਡੇ ਆਗੂਆਂ ਨੂੰ ਵੀ ਤਲਬ ਕੀਤਾ ਗਿਆ ਸੀ।

ਮਹਾਰਾਜਾ ਰਣਜੀਤ ਸਿੰਘ ਨੂੰ ਵੀ ਨੈਤਿਕ ਅਵਾਗਿਆ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕੀਤਾ ਗਿਆ ਸੀ। ਜਿਨ੍ਹਾਂ ਨੂੰ ਅਕਾਲੀ ਫੂਲਾ ਸਿੰਘ ਵੱਲੋਂ ਕੋੜੇ ਮਾਰੇ ਗਏ ਅਤੇ ਬਾਅਦ ਵਿੱਚ ਜੁਰਮਾਨਾ ਲਗਾ ਕੇ ਮਾਫੀ ਵੀ ਮੰਗਵਾਈ ਗਈ ਸੀ।

Maharaja Ranjit Singh
ਮਹਾਰਾਜਾ ਰਣਜੀਤ ਸਿੰਘ (Special Arrangement)

1984 ਸਿੱਖ ਕਤਲੇਆਮ ਦੇ ਮਾਮਲੇ ਨੂੰ ਲੈ ਕੇ ਉਸ ਸਮੇਂ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕੀਤਾ ਗਿਆ ਸੀ। ਗਿਆਨੀ ਜੈਲ ਸਿੰਘ ਨੂੰ ਲਿਖਤੀ ਮਾਫੀ ਮੰਗਣ ਲਈ ਕਿਹਾ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮਾਫੀ ਦਿੱਤੀ ਗਈ। ਉਨ੍ਹਾਂ ਨੂੰ 1984 ਦੇ ਸਿੱਖ ਕਤਲੇਆਮ ਵੇਲੇ ਚੁੱਪ ਰਹਿਣ ਕਾਰਨ ਇਹ ਸਜ਼ਾ ਦਿੱਤੀ ਗਈ ਸੀ।

Giani Zail Singh
ਗਿਆਨੀ ਜੈਲ ਸਿੰਘ (Special Arrangement)

2024 ਦੇ ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕੀਤਾ ਗਿਆ ਸੀ। ਸ਼ਰਧਾਲੂਆਂ ਦੀਆਂ ਜੁੱਤੀਆਂ ਸਾਫ ਕਰਨ ਅਤੇ ਹੱਥ ਜੋੜ ਕੇ ਮਾਫੀ ਮੰਗਣ ਦਾ ਹੁਕਮ ਜਾਰੀ ਕੀਤਾ ਗਿਆ। ਸੁਖਬੀਰ ਸਿੰਘ ਬਾਦਲ ਨੂੰ ਡੇਰਾ ਮੁਖੀ ਨੂੰ ਮਾਫੀ ਅਤੇ ਹੋਰ ਧਾਰਮਿਕ ਗਲਤੀਆਂ ਕਾਰਨ ਸਜ਼ਾ ਦਿੱਤੀ ਗਈ ਸੀ।

Sukhbir Singh Badal
ਸੁਖਬੀਰ ਸਿੰਘ ਬਾਦਲ (Special Arrangement)

ਇਸ ਸਬੰਧੀ ਗੱਲਬਾਤ ਕਰਦੇ ਹੋਏ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਤਲਵੰਡੀ ਨੇ ਕਿਹਾ ਕਿ "ਸ੍ਰੀ ਅਕਾਲ ਤਖ਼ਤ ਸਾਹਿਬ ਛੇਵੇਂ ਪਾਤਸ਼ਾਹ ਵੱਲੋਂ ਸਾਜਿਆ ਗਿਆ ਤਖ਼ਤ ਹੈ, ਜੋ ਦੇਸ਼ ਦੁਨੀਆਂ ਦੇ ਸਾਰੇ ਤਖਤਾਂ ਤੋਂ ਸਰਵ ਉੱਚ ਹੈ। ਇਹ ਸਿੱਖਾਂ ਲਈ ਸਭ ਤੋਂ ਸਨਮਾਨਯੋਗ ਹੈ। ਸਿਰਫ ਮੁੱਖ ਮੰਤਰੀ ਭਗਵੰਤ ਮਾਨ ਹੀ ਨਹੀਂ ਉਸ ਤੋਂ ਪਹਿਲਾਂ ਕਈ ਸਿਆਸੀ ਅਤੇ ਧਾਰਮਿਕ ਆਗੂਆਂ ਨੂੰ ਤਲਬ ਕੀਤਾ ਜਾ ਚੁੱਕਾ ਹੈ।"