ETV Bharat / state

ਗੁਰੂ ਨਗਰੀ ਵਿੱਚ ਅੰਨ੍ਹੇਵਾਹ ਫਾਇਰਿੰਗ, ਸੈਲੂਨ ਮਾਲਕ ਔਰਤ ਜ਼ਖ਼ਮੀ

ਸੈਲੂਨ ਅਤੇ ਬਿਊਟੀ ਪਾਰਲਰ ਚਲਾਉਣ ਵਾਲੀ ਔਰਤ ਉੱਤੇ ਗੋਲੀਆਂ ਚਲਾ ਕੇ ਬਦਮਾਸ਼ ਫਰਾਰ ਹੋ ਗਏ। ਪੜ੍ਹੋ ਪੂਰੀ ਖਬਰ...

Beauty salon owner shot
ਅੰਮ੍ਰਿਤਸਰ ਵਿੱਚ ਇੱਕ ਹੀ ਦਿਨ ਵਾਪਰੀਆਂ ਦੋ ਵੱਡੀਆਂ ਵਾਰਦਾਤਾਂ (Etv Bharat)
author img

By ETV Bharat Punjabi Team

Published : January 10, 2026 at 2:33 PM IST

2 Min Read
Choose ETV Bharat

ਅੰਮ੍ਰਿਤਸਰ: ਪੰਜਾਬ ਵਿੱਚ ਹਰ ਦਿਨ ਬਦਮਾਸ਼ਾਂ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅੰਮ੍ਰਿਸਤਰ ਵਿੱਚ ਹੀ ਇੱਕ ਦਿਨ 'ਚ 2 ਵੱਡੀਆਂ ਵਾਰਦਾਤਾਂ ਸਾਹਮਣੇ ਆਈਆਂ ਹਨ। ਜਿਥੇ ਸਵੇਰੇ ਸੁਨਿਆਰੇ ਨੂੰ ਤਲਵਾਰਾਂ ਨਾਲ ਹਮਲਾ ਕਰਕੇ ਲੁੱਟ ਲਿਆ ਤਾਂ ਉੱਥੇ ਹੀ ਦੇਰ ਰਾਤ ਬਦਮਾਸ਼ਾਂ ਨੇ ਇੱਕ ਬਿਊਟੀ ਸੈਲੂਨ ਚਲਾੳਣ ਵਾਲੀ ਔਰਤ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਘਟਨਾ ਜੰਡਿਆਲਾ ਗੁਰੂ ਦੇ ਗੌਸ਼ਾਲਾ ਰੋਡ 'ਤੇ ਵਾਪਰੀ, ਜਿੱਥੇ ਅਣਪਛਾਤੇ ਨੌਜਵਾਨਾਂ ਨੇ ਇੱਕ ਬਿਊਟੀ ਪਾਰਲਰ ਨੂੰ ਨਿਸ਼ਾਨਾ ਬਣਾਇਆ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ 'ਚ ਪਾਰਲਰ ਦਾ ਕੰਮ ਕਰਨ ਵਾਲੀ ਔਰਤ ਕਸ਼ਿਸ਼ ਗੰਭੀਰ ਜ਼ਖਮੀ ਹੋ ਗਈ। ਜ਼ਖਮੀ ਔਰਤ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਬਦਮਾਸ਼ਾਂ ਨੇ ਚਲਾਈਆਂ ਬਿਊਟੀ ਸੈਲੂਨ ਦੀ ਮਾਲਿਕ ਔਰਤ 'ਤੇ ਗੋਲੀਆਂ (Etv Bharat)

ਪਤੀ ਨੇ ਦੱਸੀ ਸਾਰੀ ਗੱਲ

ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਖ਼ਮੀ ਔਰਤ ਕਸ਼ਿਸ਼ ਦੇ ਪਤੀ ਕੁਲਦੀਪ ਕੁਮਾਰ ਨੇ ਦੱਸਿਆ ਕਿ 'ਮੈਂ ਮੋਬਾਈਲ ਰਿਪੇਅਰ ਦੀ ਦੁਕਾਨ ਚਲਾਉਂਦਾ ਹਾਂ ਅਤੇ ਪਤਨੀ ਸੈਲੂਨ ਚਲਾਉਂਦੀ ਹੈ। ਘਟਨਾ ਵੇਲੇ ਮੈਂ ਅਸੀਂ ਸੈਲੂਨ ਬੰਦ ਕਰਨ ਦੀ ਤਿਆਰੀ ਕਰ ਰਹੇ ਸੀ ਕਿ ਅਚਾਨਕ ਦੋ ਨੌਜਵਾਨ ਮੋਟਰਸਾਈਕਲ ’ਤੇ ਆਏ ਅਤੇ ਗੋਲੀਆਂ ਚਲਾਉਣ ਲੱਗ ਗਏ। ਗੋਲੀ ਮੇਰੀ ਪਤਨੀ ਕਸ਼ਿਸ਼ ਨੂੰ ਲੱਗੀ ਹੈ ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਹੈ। ਬਦਮਾਸ਼ ਕੌਣ ਸਨ ਇਸ ਦੀ ਪਛਾਣ ਨਹੀਂ ਹੋ ਸਕੀ ਕਿਉਂਕਿ ਉਨ੍ਹਾਂ ਨੇ ਮੁੰਹ 'ਤੇ ਰੁਮਾਲ ਬੰਨ੍ਹੇ ਹੋਏ ਸਨ। ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਨਾ ਸਾਨੂੰ ਕਿਸੇ ਉੱਤੇ ਸ਼ੱਕ ਹੈ, ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ।'

ਮੌਕੇ ਦੀ ਗਵਾਹ ਸੈਲੂਨ ਮਾਲਿਕ ਦੀ ਰਿਸ਼ਤੇਦਾਰ ਅਨੂ ਬਾਲਾ ਨੇ ਦੱਸਿਆ ਕਿ ਉਹ ਸੈਲੂਨ ਵਿੱਚ ਬੈਠੀ ਸੀ, 'ਜਦੋਂ ਅਚਾਨਕ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ। ਬਾਹਰ ਆ ਕੇ ਉਸ ਨੇ ਵੇਖਿਆ ਕਿ ਦਰਾਣੀ ਖੂਨ ਨਾਲ ਲਥ-ਪੱਥ ਚੀਕਾਂ ਮਾਰ ਰਹੀ ਸੀ। ਘਟਨਾ ਮੌਕੇ ਸਾਡੇ ਰਿਸ਼ਤੇਦਾਰ ਨੇ ਵੀ ਬਦਮਾਸ਼ਾਂ 'ਤੇ ਜਵਾਬੀ ਫਾਇਰ ਕੀਤੇ ਅਤੇ ਉਹ ਭੱਜ ਗਏ।'

ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਦੱਸਣਯੋਗ ਹੈ ਕਿ ਪਰਿਵਾਰ ਨੇ ਫਿਲਹਾਲ ਕਿਸੇ ਤਰ੍ਹਾਂ ਦੀ ਧਮਕੀ ਜਾਂ ਪੈਸਿਆਂ ਦੀ ਮੰਗ ਬਾਰੇ ਖੁਲਾਸਾ ਕਰਨ ਤੋਂ ਇਨਕਾਰ ਕੀਤਾ ਹੈ। ਉੱਧਰ ਡੀਐਸਪੀ ਰਵਿੰਦਰ ਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ 'ਸਾਨੂੰ ਗੋਲੀ ਚੱਲਣ ਦੀ ਸੂਚਣਾ ਮਿਲੀ ਅਤੇ ਅਸੀਂ ਤੁਰੰਤ ਹੀ ਮੌਕੇ 'ਤੇ ਆ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਾਰਦਾਤ ਦੌਰਾਨ ਗੋਲੀ, ਸ਼ਟਰ ਬੰਦ ਕਰਦੇ ਕਰਦੇ ਉਕਤ ਔਰਤ ਦੇ ਪੈਰ 'ਤੇ ਲੱਗ ਗਈ। ਜਿਸ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਇਸ ਵਾਰਦਾਤ ਦੀ ਅਸਲ ਵਜ੍ਹਾ ਕੀ ਹੈ ਉਹ ਵੀ 1/2 ਦਿਨ ਤੱਕ ਸਾਹਮਣੇ ਆ ਜਾਵੇਗਾ।

ਅੰਮ੍ਰਿਤਸਰ ਵਿੱਚ ਵਿਗੜਿਆ ਲਾਅ ਐਂਡ ਆਰਡਰ

ਜ਼ਿਕਰਯੋਗ ਹੈ ਕਿ ਪੰਜਾਬ ਦੇ ਨਾਲ ਨਾਲ ਅੰਮ੍ਰਿਤਸਰ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਲਗਾਤਾਰ ਚਿੰਤਾਜਨਕ ਬਣਦੀ ਜਾ ਰਹੀ ਹੈ। ਸ਼ਹਿਰੀ ਹੋਵੇ ਜਾਂ ਦਿਹਾਤੀ ਖੇਤਰ, ਹਰ ਰੋਜ਼ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਜੰਡਿਆਲਾ ਗੁਰੂ ਹਲਕੇ, ਜਿੱਥੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦਾ ਨਿਵਾਸ ਸਥਾਨ ਵੀ ਹੈ, ਉੱਥੇ ਲਗਾਤਾਰ ਫਾਇਰਿੰਗ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸ ਤੋਂ ਸਾਫ਼ ਹੈ ਕਿ ਗੈਂਗਸਟਰਾਂ ਨੂੰ ਹੁਣ ਕਿਸੇ ਤਰ੍ਹਾਂ ਦਾ ਡਰ ਜਾਂ ਖੌਫ਼ ਨਹੀਂ ਰਹਿ ਗਿਆ।