ਮੈਡੀਕਲ ਸਟੋਰ 'ਤੇ ਵਿਕਦੇ ਸੀ ਨਸ਼ੀਲੇ ਕੈਪਸੂਲ ਤੇ ਗੋਲੀਆਂ, ਦੋ ਕਾਬੂ
ਬਠਿੰਡਾ 'ਚ ਨਸ਼ੀਲੀਆਂ ਦਵਾਈਆਂ ਦੇ ਗੋਰਖਧੰਦੇ ਦਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਪੜ੍ਹੋ ਖ਼ਬਰ...


Published : March 4, 2026 at 8:57 AM IST
ਬਠਿੰਡਾ: ਜ਼ਿਲ੍ਹਾ ਪੁਲਿਸ ਨੇ ਨਸ਼ੀਲੀਆਂ ਦਵਾਈਆਂ ਦੇ ਸੌਦਾਗਰਾਂ ਖਿਲਾਫ਼ ਚਲਾਈ ਮੁਹਿੰਮ ਤਹਿਤ ਦੋ ਵਿਅਕਤੀਆਂ ਨੂੰ ਲੱਖਾਂ ਦੀ ਮਾਤਰਾ ਵਿੱਚ ਪਾਬੰਦੀਸ਼ੁਦਾ ਕੈਪਸੂਲਾਂ ਅਤੇ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਕੀਤੀ ਗਈ ਇਸ ਕਾਰਵਾਈ ਦੌਰਾਨ ਕੁੱਲ 8,27,600 ਨਸ਼ੀਲੇ ਕੈਪਸੂਲ ਅਤੇ 20,000 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਇਹ ਆਪਰੇਸ਼ਨ ਐਸ.ਐਸ.ਪੀ. ਜਯੋਤੀ ਯਾਦਵ ਦੀ ਨਿਗਰਾਨੀ ਹੇਠ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਟੀਮ ਵੱਲੋਂ ਅੰਜਾਮ ਦਿੱਤਾ ਗਿਆ।
ਗਸ਼ਤ ਦੌਰਾਨ ਇੱਕ ਕਾਬੂ
ਇਸ ਸਬੰਧੀ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਹੈ ਕਿ "ਥਾਣਾ ਮੁਖੀ ਹਰਜੋਤ ਸਿੰਘ ਦੀ ਅਗਵਾਈ ਹੇਠ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਪਰਸਰਾਮ ਨਗਰ ਨੇੜੇ ਸ਼ਿਵ ਮੰਦਿਰ ਕੋਲ ਗਸ਼ਤ 'ਤੇ ਸੀ, ਜਿਸ ਦੌਰਾਨ ਇੱਕ ਐਕਟਿਵਾ ਸਕੂਟੀ ਸਵਾਰ ਨੌਜਵਾਨ ਤਿੰਨ ਗੱਤੇ ਦੇ ਡੱਬਿਆਂ ਸਮੇਤ ਆਉਂਦਾ ਦਿਖਾਈ ਦਿੱਤਾ। ਸ਼ੱਕ ਪੈਣ 'ਤੇ ਜਦੋਂ ਪੁਲਿਸ ਨੇ ਉਸ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਡੱਬਿਆਂ ਵਿੱਚੋਂ 90,000 ਨਸ਼ੀਲੇ ਕੈਪਸੂਲ ਬਰਾਮਦ ਹੋਏ। ਫੜੇ ਗਏ ਮੁਲਜ਼ਮ ਦੀ ਪਛਾਣ ਸੰਜੀਵ ਕੁਮਾਰ ਉਰਫ਼ ਸੰਦੀਪ ਵਾਸੀ ਬੀੜ ਰੋਡ, ਬਠਿੰਡਾ ਵਜੋਂ ਹੋਈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਉਸ ਦੀ ਸਕੂਟੀ ਜ਼ਬਤ ਕਰ ਲਈ।"
ਮੈਡੀਕਲ ਸਟੋਰ ਦਾ ਮਾਲਕ ਵੀ ਕਾਬੂ
ਉਨ੍ਹਾਂ ਕਿਹਾ ਕਿ "ਪੁਲਿਸ ਦੀ ਸਖ਼ਤ ਪੁੱਛਗਿੱਛ ਦੌਰਾਨ ਸੰਜੀਵ ਕੁਮਾਰ ਨੇ ਵੱਡੇ ਖੁਲਾਸੇ ਕੀਤੇ, ਜਿਸ ਦੀ ਨਿਸ਼ਾਨਦੇਹੀ 'ਤੇ ਮਹੇਸ਼ਵਰੀ ਚੌਂਕ ਸਥਿਤ ਮੈਡੀਕਲ ਸਟੋਰ 'ਤੇ ਛਾਪਾ ਮਾਰਿਆ ਗਿਆ। ਇਸ ਮੈਡੀਕਲ ਸਟੋਰ ਤੋਂ ਪੁਲਿਸ ਨੂੰ 7,37,600 ਹੋਰ ਨਸ਼ੀਲੇ ਕੈਪਸੂਲ ਅਤੇ 20,000 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਨੇ ਮੈਡੀਕਲ ਸਟੋਰ ਦੇ ਮਾਲਕ ਰੀਦਾਂਸ਼ੂ ਨੂੰ ਵੀ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ ਹੈ।"
ਹੋਰ ਸਾਥੀਆਂ ਦੀ ਭਾਲ ਜਾਰੀ
ਐਸਪੀ ਸਿਟੀ ਨੇ ਕਿਹਾ ਕਿ ਹਾਲਾਂਕਿ ਫੜੇ ਗਏ ਦੋਵਾਂ ਕਥਿਤ ਮੁਲਜ਼ਮਾਂ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ ਹੈ, ਪਰ ਇੰਨੀ ਵੱਡੀ ਮਾਤਰਾ ਵਿੱਚ ਨਸ਼ੀਲੀਆਂ ਦਵਾਈਆਂ ਦਾ ਮਿਲਣਾ ਕਈ ਸਵਾਲ ਖੜ੍ਹੇ ਕਰਦਾ ਹੈ। ਐਸ.ਐਸ.ਪੀ. ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਹੁਣ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਨਸ਼ੇ ਦੀ ਇਹ ਖੇਪ ਕਿੱਥੋਂ ਲਿਆਂਦੀ ਗਈ ਸੀ ਅਤੇ ਅੱਗੇ ਕਿਨ੍ਹਾਂ ਲੋਕਾਂ ਨੂੰ ਸਪਲਾਈ ਕੀਤੀ ਜਾਣੀ ਸੀ। ਪੁਲਿਸ ਅਨੁਸਾਰ ਨਸ਼ੇ ਦੇ ਇਸ ਕਾਲੇ ਕਾਰੋਬਾਰ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

