ETV Bharat / state

ਜਾਣੋ ਕਦੋਂ ਮਨਾਈਏ ਰੱਖੜੀ ਦਾ ਤਿਉਹਾਰ ? ਜਾਣੋ ਸ਼ੁੱਭ ਸਮਾਂ

ਲਾਲ ਕਿਤਾਬ ਮਾਹਰ ਦਾ ਕਹਿਣਾ ਹੈ ਕਿ ਪੀਲੇ ਰੰਗ ਦੀ ਕੋਈ ਵੀ ਵਸਤੂ ਭੈਣ ਨੂੰ ਤੋਹਫੇ ਵਜੋਂ ਨਹੀਂ ਦੇਣੀ ਚਾਹੀਦੀ।

Raksha Bandhan festival
ਰੱਖੜੀ ਦਾ ਤਿਉਹਾਰ (ETV Bharat Punjab)
author img

By ETV Bharat Punjabi Team

Published : August 26, 2026 at 5:28 PM IST

2 Min Read
Choose ETV Bharat

ਬਠਿੰਡਾ: ਭੈਣ-ਭਰਾ ਦੇ ਪਿਆਰ, ਸਨੇਹ ਅਤੇ ਆਪਸੀ ਵਿਸ਼ਵਾਸ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਇਸ ਸਾਲ 28 ਅਗਸਤ, ਸ਼ੁੱਕਰਵਾਰ ਨੂੰ ਮਨਾਇਆ ਜਾਵੇਗਾ। ਉਥੇ ਹੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਰੱਖੜੀ ਦਾ ਤਿਉਹਾਰ ਰਾਹੂਕਾਲ ਅਤੇ ਪੰਚਕਨਾ ਦੇ ਚੱਲਦੇ ਪਹਿਲਾਂ ਮਨਾਇਆ ਹੈ। ਇਸ ਪਵਿੱਤਰ ਦਿਨ ਦੇ ਮੌਕੇ ’ਤੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਉਨ੍ਹਾਂ ਦੀ ਲੰਮੀ ਉਮਰ ਅਤੇ ਖੁਸ਼ਹਾਲੀ ਦੀ ਕਾਮਨਾ ਕਰਨਗੀਆਂ, ਜਦਕਿ ਭਰਾ ਆਪਣੀਆਂ ਭੈਣਾਂ ਦੀ ਸੁਰੱਖਿਆ ਅਤੇ ਹਰ ਮੁਸ਼ਕਿਲ ਸਮੇਂ ਵਿੱਚ ਸਾਥ ਦੇਣ ਦਾ ਵਾਅਦਾ ਕਰਨਗੇ।

ਪੰਡਿਤ ਵਿਕਰਮ ਕੁਮਾਰ ਲਵਲੀ, ਲਾਲ ਕਿਤਾਬ ਮਾਹਿਰ (ETV Bharat Punjab)

ਰੱਖੜੀ ਬੰਨ੍ਹਣ ਦਾ ਸ਼ੁੱਭ ਸਮਾਂ

ਲਾਲ ਕਿਤਾਬ ਮਾਹਿਰ ਵਿਕਰਮ ਕੁਮਾਰ ਲਵਲੀ ਦਾ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਕਹਿਣਾ ਹੈ ਕਿ "ਇਹ ਰੱਖੜੀ ਪੁਰਾਤਨ ਤਿਉਹਾਰ ਹੈ ਜਿਸ ਦਾ ਜ਼ਿਕਰ ਇਤਿਹਾਸ ਵਿੱਚ ਬੜੀ ਥਾਵਾਂ 'ਤੇ ਵੇਖਣ ਨੂੰ ਮਿਲਦਾ ਹੈ। ਇਸ ਵਾਰ ਰੱਖੜੀ ਦਾ ਤਿਉਹਾਰ ਬੜੇ ਸ਼ੁੱਭ ਮੌਕੇ 'ਤੇ ਆਇਆ ਹੈ। ਰੱਖੜੀ ਦਾ ਤਿਉਹਾਰ ਸਾਵਣ ਦੀ ਪੁੰਨਿਆਂ ਨੂੰ ਮਨਾਇਆ ਜਾਂਦਾ ਹੈ ਜੋ ਕਿ 28 ਅਗਸਤ ਨੂੰ ਹੈ। 27 ਅਗਸਤ ਨੂੰ ਪੰਚ ਕਨਾ ਲੱਗੀਆਂ ਹੋਈਆਂ ਹਨ, ਇਸ ਲਈ 28 ਅਗਸਤ ਨੂੰ ਸਵੇਰੇ 6 ਵਜੇ ਤੋਂ ਲੈ ਕੇ 11 ਵਜੇ ਤੱਕ ਭੈਣਾਂ ਆਪਣੇ ਭਰਾਵਾਂ ਦੇ ਰੱਖੜੀਆਂ ਬੰਨ੍ਹ ਸਕਦੀਆਂ ਹਨ। ਉਸ ਤੋਂ ਬਾਅਦ ਰਾਹੂਕਾਲ ਸ਼ੁਰੂ ਹੋ ਜਾਵੇਗਾ ਜੋ ਕਿ 2 ਵਜੇ ਤੱਕ ਰਹੇਗਾ, ਫਿਰ 2 ਵਜੇ ਤੋਂ ਬਾਅਦ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀਆਂ ਬੰਨ੍ਹ ਸਕਦੀਆਂ ਹਨ।"

ਪੀਲੇ ਰੰਗ ਦਾ ਨਾ ਦਿਓ ਤੋਹਫ਼ਾ

ਉਹਨਾਂ ਕਿਹਾ ਕਿ ਇਸ ਮੌਕੇ ਭਰਾਵਾਂ ਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਉਹ ਪੀਲੇ ਰੰਗ ਦੀ ਕੋਈ ਵੀ ਵਸਤੂ ਤੋਹਫੇ ਵਜੋਂ ਨਾ ਦੇਣ। ਜਿਵੇਂ ਸੋਨਾ, ਪੀਲੇ ਰੰਗ ਦਾ ਕੱਪੜਾ, ਮਠਿਆਈ, ਕੇਲੇ ਅਤੇ ਧਾਰਮਿਕ ਕਿਤਾਬਾਂ ਨਾ ਦੇਣ। ਉਹਨਾਂ ਕਿਹਾ ਕਿ ਇਸ ਦਾ ਸਿੱਧਾ ਸਬੰਧ ਬੁੱਧ ਗ੍ਰਹਿ ਨਾਲ ਹੁੰਦਾ ਹੈ ਅਤੇ ਬੁੱਧ ਦਾ ਰੰਗ ਪੀਲਾ ਰੰਗ ਹੁੰਦਾ ਹੈ। ਅਜਿਹੇ ਹਾਲਾਤ ਵਿੱਚ ਭਰਾਵਾਂ ਨੂੰ ਆਪਣੀਆਂ ਭੈਣਾਂ ਨੂੰ ਤੋਹਫੇ ਵਜੋਂ ਪੀਲੇ ਰੰਗ ਦਾ ਕੋਈ ਵੀ ਗਿਫਟ ਨਹੀਂ ਦੇਣਾ ਚਾਹੀਦਾ।

ਇਸ ਤਰ੍ਹਾਂ ਲਓ ਆਸ਼ੀਰਵਾਦ

ਲਾਲ ਕਿਤਾਬ ਮਾਹਿਰ ਵਿਕਰਮ ਕੁਮਾਰ ਲਵਲੀ ਨੇ ਕਿਹਾ ਕਿ ਰੱਖੜੀ ਦੇ ਤਿਉਹਾਰ 'ਤੇ ਕੋਈ ਵੀ ਵਿਅਕਤੀ ਆਪਣੀ ਭੂਆ, ਬੇਟੀ ਅਤੇ ਭੈਣ ਤੋਂ ਰੱਖੜੀ ਬੰਨ੍ਹਾ ਸਕਦਾ ਹੈ। ਰੱਖੜੀ ਬੰਨ੍ਹਣ ਤੋਂ ਬਾਅਦ ਭਰਾ ਨੂੰ ਕੰਨਿਆ ਦੇ ਪੈਰੀ ਹੱਥ ਲਾਉਣੇ ਚਾਹੀਦੇ ਹਨ ਅਤੇ ਆਸ਼ੀਰਵਾਦ ਲੈਣਾ ਚਾਹੀਦਾ ਹੈ ਕਿਉਂਕਿ ਕੰਨਿਆ ਨੂੰ ਸ਼ੁਭ ਮੰਨਿਆ ਜਾਂਦਾ ਹੈ ਅਤੇ ਉਸ ਦੇ ਆਸ਼ੀਰਵਾਦ ਨਾਲ ਮਨੁੱਖ ਦੇ ਕਈ ਕਾਰਜ ਸਫਲ ਹੁੰਦੇ ਹਨ। ਉਹਨਾਂ ਕਿਹਾ ਕਿ ਰੱਖੜੀ ਦੇ ਤਿਉਹਾਰ ਦੇ ਮੌਕੇ ’ਤੇ ਘਰਾਂ ਵਿੱਚ ਪੂਜਾ-ਅਰਚਨਾ, ਤਿਲਕ, ਆਰਤੀ ਅਤੇ ਮਿਠਾਈ ਖਵਾਉਣ ਦੀ ਪਰੰਪਰਾ ਹੈ। ਇਸ ਤੋਂ ਬਾਅਦ ਭਰਾ ਵੱਲੋਂ ਭੈਣ ਨੂੰ ਤੋਹਫ਼ਾ ਦਿੱਤਾ ਜਾਂਦਾ ਹੈ।