ETV Bharat / state

ਪਾਣੀ 'ਚ ਵਧੀ ਯੂਰੇਨੀਅਮ ਦੀ ਮਾਤਰਾ ਨੇ ਵਧਾਈ ਲੋਕਾਂ ਦੀ ਚਿੰਤਾ, ਜਾਣੋ ਕੀ ਕਹਿੰਦੇ ਹਨ ਮਾਹਿਰ

ਪਾਣੀ ਦੇ 136 ਸੈਂਪਲਾਂ ਵਿੱਚੋਂ 50 ਵਿੱਚ ਯੂਰੇਨੀਅਮ ਦੀ ਮਾਤਰਾ 200 ਤੋਂ ਉੱਪਰ ਆਈ ਹੈ ਜੋ ਕਿ ਬੇਹੱਦ ਚਿੰਤਾਜਨਕ ਹੈ।

uranium content in water
ਪਾਣੀ 'ਚ ਵਧੀ ਯੂਰੇਨੀਅਮ ਦੀ ਮਾਤਰਾ ਨੇ ਵਧਾਈ ਲੋਕਾਂ ਦੀ ਚਿੰਤਾ (Etv Bharat)
author img

By ETV Bharat Punjabi Team

Published : February 27, 2026 at 1:45 PM IST

4 Min Read
Choose ETV Bharat

ਬਠਿੰਡਾ: ਮਨੁੱਖੀ ਜੀਵਨ ਜਿਉਣ ਲਈ ਪਾਣੀ ਸਭ ਤੋਂ ਅਹਿਮ ਹੈ ਪਰ ਇਹ ਪਾਣੀ ਹੀ ਹੁਣ ਜ਼ਹਿਰ ਬਣਦਾ ਜਾ ਰਿਹਾ ਹੈ। ਦਰਅਸਲ ਇੰਨੀ ਦਿਨੀਂ ਲਗਾਤਾਰ ਵੱਧ ਰਹੀ ਕੀਟਨਾਸ਼ਕਾਂ ਦੀ ਵਰਤੋਂ ਅਤੇ ਡੂੰਘੇ ਹੁੰਦੇ ਜਾ ਰਹੇ ਪਾਣੀ ਕਾਰਨ ਯੂਰੇਨੀਅਮ ਦੀ ਮਾਤਰਾ ਲਗਾਤਾਰ ਵੱਧਦੀ ਜਾ ਰਹੀ ਹੈ, ਜੋ ਕਿ ਮਨੁੱਖੀ ਜੀਵਨ ਲਈ ਖ਼ਤਰਨਾਕ ਸਾਬਤ ਹੋ ਰਹੀ ਹੈ। ਪਿਛਲੇ ਪੰਜ ਸਾਲਾਂ ਤੋਂ ਬਠਿੰਡਾ ਜ਼ਿਲ੍ਹੇ ਦੇ ਜ਼ਮੀਨੀ ਪਾਣੀ 'ਚ ਯੂਰੇਨੀਅਮ ਦੀ ਮਾਤਰਾ ਵੱਧਣ ਕਾਰਨ ਬਠਿੰਡਾ ਦੇ ਲੋਕਾਂ 'ਚ ਵੱਡੀ ਚਿੰਤਾ ਖੜ੍ਹੀ ਹੋ ਗਈ ਹੈ।

ਯੂਰੇਨੀਅਮ ਦੀ ਮਾਤਰਾ ਨੇ ਵਧਾਈ ਲੋਕਾਂ ਦੀ ਚਿੰਤਾ (Etv Bharat)

ਉਥੇ ਹੀ ਬਠਿੰਡਾ ਦੇ ਨਿੱਜੀ ਕਾਲਜ 'ਚ ਭੌਤਿਕ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਡਾਕਟਰ ਵਿਕਾਸ ਦੁੱਗਲ ਵੱਲੋਂ ਕੀਤੀ ਗਈ ਇੱਕ ਰਿਸਰਚ ਨੇ ਬੇਹੱਦ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਪ੍ਰੋ. ਵਿਕਾਸ ਦੁੱਗਲ ਨੇ ਕਿਹਾ ਕਿ 'ਬਠਿੰਡਾ ਤੋਂ 136 ਸੈਂਪਲ ਲਏ ਸੀ ਜਿਨ੍ਹਾਂ ਵਿੱਚੋਂ 50 ਸੈਂਪਲਾਂ 'ਚ ਵੱਖ-ਵੱਖ ਪਿੰਡਾਂ ਦੇ ਅਤੇ ਸ਼ਹਿਰ ਦੇ ਵਿੱਚ ਯੂਰੇਨੀਅਮ ਦੀ ਮਾਤਰਾ 200 ਤੋਂ ਉੱਤੇ ਪਾਈ ਗਈ ਹੈ ਜੋ ਖ਼ਤਰਨਾਕ ਪੱਧਰ 'ਤੇ ਹੈ।'

ਨਹਿਰੀ ਪਾਣੀ ਤੋਂ ਹੋ ਸਕਦਾ ਹੈ ਬਚਾਅ

ਉਨ੍ਹਾਂ ਨੇ ਕਿਹਾ ਕਿ 'ਲੋਕ ਨਹਿਰੀ ਪਾਣੀ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ। ਜੇਕਰ ਲੋਕ ਖੇਤਾਂ ਵਿੱਚ ਅਤੇ ਘਰਾਂ ਵਿੱਚ ਨਹਿਰੀ ਪਾਣੀ ਦਾ ਇਸਤੇਮਾਲ ਕਰਨ ਲੱਗ ਜਾਣ ਤਾਂ ਯੂਰੇਨੀਅਮ ਦੀ ਆਉਣ ਵਾਲੀ ਸਮੱਸਿਆ ਤੋਂ ਲੋਕਾਂ ਨੂੰ ਕਾਫ਼ੀ ਹੱਦ ਤੱਕ ਰਾਹਤ ਮਿਲ ਸਕਦੀ ਹੈ।'

ਯੂਰੇਨੀਅਮ ਦੀ ਵੱਧ ਮਾਤਰਾ ਦਾ ਅਸਰ

ਇੱਥੇ ਦੱਸਣਯੋਗ ਹੈ ਕਿ WHO ਦੁਆਰਾ ਪਾਣੀ ਵਿੱਚ 30 ਮਾਈਕ੍ਰੋਗ੍ਰਾਮ ਪ੍ਰਤੀ ਲੀਟਰ ਯੂਰੇਨੀਅਮ ਦੀ ਵਰਤੋਂ ਨੂੰ ਮਨੁੱਖੀ ਸਿਹਤ ਲਈ ਸਹੀ ਮੰਨਿਆ ਹੈ। ਬਠਿੰਡਾ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ 2.2 ਤੋਂ 274 ਮਾਈਕ੍ਰੋਗ੍ਰਾਮ ਪ੍ਰਤੀ ਲੀਟਰ ਤੱਕ ਪਾਣੀ ਵਿੱਚ ਪਾਈ ਗਈ ਹੈ। ਜਿਸ ਦੀ ਔਸਤਨ ਮਾਤਰਾ 46.6 ਮਾਈਕ੍ਰੋਗ੍ਰਾਮ ਪ੍ਰਤੀ ਲੀਟਰ ਬਣਦੀ ਹੈ, ਜੋ ਕਿ WHO ਦੀਆਂ ਹਦਾਇਤਾਂ 30 ਮਾਈਕ੍ਰੋਗ੍ਰਾਮ ਪ੍ਰਤੀ ਲੀਟਰ ਤੋਂ ਕਰੀਬ ਡੇਢ ਗੁਣਾ ਵੱਧ ਹੈ। ਬਠਿੰਡਾ ਦੇ ਪਿੰਡ ਸ਼ੇਖੂ ਵਿੱਚ 199.4 ਮਾਈਕ੍ਰੋਗ੍ਰਾਮ ਪ੍ਰਤੀ ਲੀਟਰ, ਕੋਟਸ਼ਮੀਰ 248.9 ਮਾਈਕ੍ਰੋਗ੍ਰਾਮ ਪ੍ਰਤੀ ਲੀਟਰ, ਪਿੰਡ ਕੋਟ ਭਾਰਾ ਵਿਖੇ 199.4 ਮਾਈਕ੍ਰੋਗ੍ਰਾਮ ਪ੍ਰਤੀ ਲੀਟਰ, ਬੱਜੋਆਣਾ 192.3 ਮਾਈਕ੍ਰੋਗ੍ਰਾਮ ਪ੍ਰਤੀ ਲੀਟਰ, ਬੱਲੂਆਣਾ 139.8 ਮਾਈਕ੍ਰੋਗ੍ਰਾਮ ਪ੍ਰਤੀ ਲੀਟਰ ਹੈ। ਸ਼ਹਿਰ ਬਠਿੰਡਾ ਦੇ ਪਟੇਲ ਨਗਰ 237.6 ਮਾਈਕ੍ਰੋਗ੍ਰਾਮ ਪ੍ਰਤੀ ਲੀਟਰ ਪਾਈ ਗਈ ਹੈ ਜੋ ਕਿ WHO ਦੀਆਂ ਹਦਾਇਤਾਂ ਤੋਂ ਕਿਤੇ ਵੱਧ ਹੈ।

uranium content in water
ਬਠਿੰਡਾ: ਪਾਣੀ 'ਚ ਯੂਰੇਨੀਅਮ ਦੀ ਮਾਤਰਾ ? (Etv bharat)

ਰਿਸਰਚ ਮੁਤਾਬਿਕ ਗੱਲ ਕਰਦਿਆਂ ਪ੍ਰੋ. ਦੁੱਗਲ ਨੇ ਕਿਹਾ ਕਿ 'ਯੂਰੇਨੀਅਮ ਦੀ ਮਾਤਰਾ ਵਧਣ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਕਿ ਪੰਜਾਬ ਵਿੱਚ ਪਾਣੀਆਂ 'ਚ ਯੂਰੇਨੀਅਮ ਦੀ ਵਰਤੋਂ ਵੱਧ ਹੁੰਦੀ ਹੈ। ਇਹ ਹੀ ਪਾਣੀ ਸਾਡੇ ਖੇਤਾਂ ਨੂੰ ਜਾਂਦਾ ਹੈ ਅਤੇ ਇਸ ਪਾਣੀ ਦੀ ਵਰਤੋਂ ਘਰੇਲੂ ਕੰਮਾਂ 'ਚ ਵੀ ਹੁੰਦੀ ਹੈ। ਜਿਸ ਕਾਰਨ ਲੋਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਇਸ ਲਈ ਕਿਸਾਨਾਂ ਨੂੰ ਵੀ ਅਪੀਲ ਹੈ ਕਿ ਉਹ ਖੇਤਾਂ ਵਿੱਚ ਘੱਟ ਤੋਂ ਘੱਟ ਕੀਟਨਾਸ਼ਕਾਂ ਦੀ ਵਰਤੋਂ ਕਰਨ ਤਾਂ ਜੋ ਇਸ ਨਾਲ ਲੋਕਾਂ ਦਾ ਕੋਈ ਨੁਕਸਾਨ ਨਾ ਹੋਵੇ। ਪਿਛਲੇ ਪੰਜ ਸਾਲਾਂ ਦੌਰਾਨ ਪੰਜਾਬ ਤੋਂ ਇਲਾਵਾ ਹਰਿਆਣਾ-ਰਾਜਸਥਾਨ ਵਿਖੇ ਜਾ ਕੇ ਵੀ ਪਾਣੀ ਦੀ ਰਿਸਰਚ ਕੀਤੀ ਗਈ ਹੈ।

ਕੋਈ ਸਰਕਾਰੀ ਮਦਦ ਨਹੀਂ

ਇਸ ਮੌਕੇ ਗੱਲ ਕਰਦਿਆਂ ਪ੍ਰੋਫੈਸਰ ਦੁੱਗਲ ਨੇ ਦੱਸਿਆ ਕਿ "ਮੈਂ ਪਿਛਲੇ 5 ਸਾਲ ਤੋਂ ਰਿਸਰਚ ਦੇ ਕੰਮ ਵਿੱਚ ਲੱਗਾ ਹਾਂ ਜਿਸ 'ਤੇ ਆਪਣੀ ਜੇਬ੍ਹ ਵਿੱਚੋਂ ਪੈਸੇ ਖ਼ਰਚ ਕਰ ਰਿਹਾ ਹਾਂ, ਮੈਂਨੂੰ ਕੋਈ ਵੀ ਸਰਕਾਰੀ ਮਦਦ ਨਹੀਂ ਮਿਲੀ। ਖਰਚੇ ਦੀ ਗੱਲ ਕੀਤੀ ਜਾਵੇ ਤਾਂ ਕਰੀਬ 15 ਸੈਂਪਲਾਂ ਦੀ ਜਾਂਚ ਕਰਵਾਉਣ ਉੱਪਰ 30 ਹਜ਼ਾਰ ਦੇ ਕਰੀਬ ਖਰਚਾ ਆਉਂਦਾ ਹੈ।'

ਕੀ ਹੈ ਯੂਰੇਨੀਅਮ?

ਜ਼ਿਕਰਯੋਗ ਹੈ ਕਿ ਯੂਰੇਨੀਅਮ ਇੱਕ ਬਹੁਤ ਹੀ ਸੰਘਣੀ ਧਾਤੂ ਹੈ ਜੋ ਕਿ ਕੁਦਰਤੀ ਰੂਪ ਦੇ ਵਿੱਚ ਪਾਈ ਜਾਂਦੀ ਹੈ। ਇਸ ਦਾ ਇਸਤੇਮਾਲ ਵੱਖ-ਵੱਖ ਊਰਜਾ ਦੇ ਲਈ ਕੀਤਾ ਜਾਂਦਾ ਹੈ, ਜਿਸ ਦੇ ਵਿੱਚ ਈਧਣ ਵੀ ਬਣਾਏ ਜਾਂਦੇ ਹਨ। ਧਰਤੀ ਦੀਆਂ ਵੱਖ-ਵੱਖ ਪਰਤਾਂ ਦੇ ਵਿੱਚ ਇਸ ਦੀ ਮਾਤਰਾ ਵੱਖਰੀ ਹੈ। ਹਾਲਾਂਕਿ ਮਿੱਟੀ ਅਤੇ ਪਾਣੀ ਦੇ ਵਿੱਚ ਇਹ ਘੱਟ ਪਾਇਆ ਜਾਂਦਾ ਹੈ ਪਰ ਬਹੁਤਾ ਘੁਲਣਸ਼ੀਲ ਹੋਣ ਕਰਕੇ ਇਸ ਦੀ ਮਾਤਰਾ ਦਾ ਟੈਸਟ ਕਰਨ ਤੋਂ ਬਾਅਦ ਹੀ ਪਤਾ ਲੱਗਦਾ ਹੈ।

uranium content in water
ਜਾਣੋ ਕੀ ਕਹਿੰਦੇ ਹਨ ਮਾਹਰ (Etv Bharat)

ਯੂਰੇਨੀਅਮ ਕਾਰਨ ਜਾਨਲੇਵਾ ਬਿਮਾਰੀਆਂ

ਡਾਕਟਰ ਸਵਾਤੀ ਖੁਰਾਨਾ, ਜੋ ਕਿ ਇੱਕ ਚੈਰੀਟੇਬਲ ਹਸਪਤਾਲ ਦੇ ਵਿੱਚ ਡਾਕਟਰ ਹਨ। ਜਿਨ੍ਹਾਂ ਨੇ ਦੱਸਿਆ ਕਿ "ਪਾਣੀ ਦੇ ਵਿੱਚ ਯੂਰੇਨੀਅਮ ਦਾ ਮਿਲਣਾ ਬਹੁਤ ਖਤਰਨਾਕ ਹੈ। ਇਸ ਦਾ ਸਿੱਧਾ ਅਸਰ ਇਨਸਾਨ ਦੀ ਕਿਡਨੀ 'ਤੇ ਹੁੰਦਾ ਹੈ। ਮਾਤਰਾ ਤੋਂ ਵਧੇਰੇ ਯੂਰੇਨੀਅਮ ਪਾਣੀ ਦੇ ਵਿੱਚ ਹੋਣ ਨਾਲ ਜਾਨਲੇਵਾ ਬਿਮਾਰੀਆਂ ਹੋ ਸਕਦੀਆਂ ਹਨ। ਪਾਣੀ ਨੂੰ ਉਬਾਲਣ ਦੇ ਨਾਲ ਵੀ ਇਹ ਧਾਤੂ ਖ਼ਤਮ ਨਹੀਂ ਹੁੰਦਾ। ਇਸ ਕਰਕੇ ਘਰਾਂ 'ਚ ਫਿਲਟਰ ਲਗਾਉਣੇ ਜ਼ਰੂਰੀ ਹਨ ਕਿਉਂਕਿ ਯੂਰੇਨੀਅਮ ਦਾ ਅਸਰ ਖਤਰਨਾਕ ਹੁੰਦਾ ਹੈ।"

ਯੂਰੇਨੀਅਮ ਇੱਕ ਹੈਵੀ ਮੈਟਲ ਹੈ। ਜੇਕਰ ਪੀਣ ਵਾਲੇ ਪਾਣੀ 'ਚ ਇਸ ਦੀ ਬਹੁਤ ਹੀ ਜਿਆਦਾ ਮਾਤਰਾ ਵੱਧੇਗੀ ਤਾਂ ਮਟੈਲਿਕ ਟੇਸਟ ਆ ਸਕਦਾ ਹੈ, ਨਹੀਂ ਤਾਂ ਇਸ ਦੀ ਕੋਈ ਖੁਸ਼ਬੂ ਜਾਂ ਟੇਸਟ ਨਹੀਂ ਹੁੰਦਾ। ਲਗਾਤਾਰ ਯੂਰੇਨੀਅਮ ਵਾਲੇ ਪਾਣੀ ਦੀ ਵਰਤੋਂ ਕਰਨ ਨਾਲ ਇੱਕ ਸਮੇਂ 'ਤੇ ਆ ਕੇ ਕਿਡਨੀ ਦੀ ਸਮੱਸਿਆ ਆ ਜਾਂਦੀ ਹੈ। ਇਸ ਤੋਂ ਇਲਾਵਾ ਕੈਂਸਰ ਦੀ ਬਿਮਾਰੀ ਜਾਂ ਫੇਫੜਿਆਂ ਦਾ ਕੈਂਸਰ ਕਰ ਸਕਦਾ ਤੇ ਨਾਲ ਹੀ ਹੱਡੀਆਂ 'ਤੇ ਵੀ ਇਹ ਅਸਰ ਕਰਦਾ ਹੈ। -ਡਾਕਟਰ ਸਵਾਤੀ ਖੁਰਾਨਾ, ਮਾਹਿਰ


ਪੰਜਾਬ 'ਚ ਯੂਰੇਨੀਅਮ ਦਾ ਵਾਧਾ ਕਿੰਝ ਹੋਇਆ

ਵਾਤਾਵਰਨ ਮਾਹਿਰ ਕਰਨਲ ਜਸਜੀਤ ਸਿੰਘ ਗਿੱਲ ਈਟੀਵੀ ਭਾਰਤ ਦੀ ਨਾਲ ਗੱਲ ਕਰਦਿਆਂ ਦੱਸਦੇ ਹਨ ਕਿ "ਵੈਸੇ ਤਾਂ ਯੂਰੇਨੀਅਮ ਧਰਤੀ ਦੇ ਵਿੱਚ ਪਾਈ ਜਾਣ ਵਾਲੀ ਧਾਤੂ ਹੈ ਪਰ ਕਈ ਵਾਰ ਇਹ ਪਾਣੀ ਦੇ ਰਸਤੇ ਪਹਾੜਾਂ ਤੋਂ ਵੀ ਆਉਂਦੀ ਹੈ। ਯੂਰੇਨੀਅਮ ਜਿਆਦਾਤਰ ਪਹਾੜਾਂ ਦੇ ਵਿੱਚ ਵਧੇਰੇ ਮਾਤਰਾ 'ਚ ਪਾਇਆ ਜਾਂਦਾ ਹੈ। ਜਦੋਂ ਕਿਸੇ ਬਲਾਕ ਦਾ ਪਾਣੀ ਦਾ ਪੱਧਰ ਹੇਠਾਂ ਚਲਾ ਜਾਂਦਾ ਹੈ ਤਾਂ ਨੇੜੇ-ਤੇੜੇ ਦੇ ਇਲਾਕਿਆਂ ਤੋਂ ਵੀ ਉਸ ਬਲਾਕ ਦੇ ਵਿੱਚ ਪਾਣੀ ਆਉਣ ਦੇ ਨਾਲ ਪਾਣੀ ਦੇ ਵਿੱਚ ਯੂਰੇਨੀਅਮ ਦੇ ਨਾਲ ਹੋਰ ਕਈ ਧਾਤਾਂ ਆ ਸਕਦੀਆਂ ਹਨ।"

ਪੰਜਾਬ 'ਚ ਯੂਰੇਨੀਅਮ ਵੱਧ ਰਿਹਾ ਤੇ 23 ਵਿੱਚੋਂ 16 ਜ਼ਿਲ੍ਹੇ ਪ੍ਰਭਾਵਿਤ ਹਨ, ਜਿਸ 'ਚ ਬਠਿੰਡਾ ਤੇ ਸੰਗਰੂਰ ਸਭ ਤੋਂ ਵੱਧ ਪ੍ਰਭਾਵ ਹੇਠ ਹਨ। ਜਿੱਥੇ-ਜਿੱਥੇ ਤੋਂ ਸੈਂਪਲ ਲਏ ਹਨ ਤੇ ਜੋ ਵੱਧ ਮਾਤਰਾ 'ਚ ਪਾਏ ਗਏ ਹਨ, ਉਨ੍ਹਾਂ ਨੂੰ ਸਰਕਾਰ ਇੱਕ ਟਾਸਕ ਫੋਰਸ ਬਣਾ ਕੇ ਤੇ ਦੁਆਰਾ ਰੀਚੈੱਕ ਕਰਕੇ ਲਾਲ ਨਿਸ਼ਾਨ ਪਾ ਦੇਵੇ। ਉਥੋਂ ਜੋ ਵਿਅਕਤੀ, ਪਿੰਡ ਜਾਂ ਸ਼ਹਿਰ ਨੂੰ ਪਾਣੀ ਜਾਂਦਾ ਉਹ ਬੰਦ ਕਰਕੇ, ਟੈਂਕਰਾਂ ਰਾਹੀ ਪਾਣੀ ਸਰਕਾਰ ਮੁਹੱਈਆ ਕਰਵਾਏ। ਜਿਆਦਾ ਵਧੀਆ ਕਿ ਇਸ 'ਚ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇ।- ਕਰਨਲ ਜਸਜੀਤ ਸਿੰਘ ਗਿੱਲ, ਵਾਤਾਵਰਨ ਪ੍ਰੇਮੀ


ਜ਼ਿਕਰਯੋਗ ਹੈ ਕਿ ਪੰਜਾਬ ਦੇ ਮਾਲਵਾ ਖ਼ੇਤਰ ਸੰਗਰੂਰ, ਬਠਿੰਡਾ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਅਤੇ ਅਬੋਹਰ ਆਦਿ ਇਲਾਕਿਆਂ ਦੇ ਵਿੱਚ ਯੂਰੇਨੀਅਮ ਪਾਇਆ ਗਿਆ ਹੈ। ਇਸ ਵੱਲ ਸਰਕਾਰ ਨੂੰ ਮਾਹਿਰਾਂ ਨੂੰ ਵੱਧ ਤੋਂ ਵੱਧ ਧਿਆਨ ਦੇਣ ਦੀ ਲੋੜ ਹੈ।