ਸਕੂਲਾਂ 'ਚ ਥਿਊਰੀ ਖ਼ਤਮ, ਜਲਦ ਸ਼ੁਰੂ ਹੋਵੇਗੀ AI ਪੜ੍ਹਾਈ: ਹਰਜੋਤ ਬੈਂਸ
12ਵੀਂ ਜਮਾਤ (ਸੀਬੀਐਸਈ ਤੇ ਪੰਜਾਬ ਸਕੂਲ ਸਿੱਖਿਆ ਬੋਰਡ) ਵਿੱਚ 90 ਫੀਸਤ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।


Published : July 4, 2026 at 11:44 AM IST
ਬਰਨਾਲਾ: ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦੀਆਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ 90 ਫੀਸਦ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਬਰਨਾਲਾ ਵਿਖੇ ਇੱਕ ਵਿਸ਼ੇਸ਼ ਸਮਾਰੋਹ ਵਿੱਚ ਸਨਮਾਨਿਤ ਕੀਤਾ ਗਿਆ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਨਿੱਜੀ ਤੌਰ ‘ਤੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਅਤੇ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਦੇ ਸੁਝਾਅ ਮੰਗੇ।
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਸੂਬੇ ਦੇ ਸਿੱਖਿਆ ਸਿਸਟਮ ਨੂੰ ਰਵਾਇਤੀ ਥਿਊਰੀ ਤੋਂ ਮੁਕਤ ਕਰਕੇ ਅੱਜ ਦੇ ਆਧੁਨਿਕ ਯੁੱਗ ਦੇ ਹਿਸਾਬ ਨਾਲ ਪ੍ਰੈਕਟੀਕਲ ਆਧਾਰਿਤ ਬਣਾਇਆ ਜਾਵੇਗਾ। ਪ੍ਰਾਈਵੇਟ ਸਕੂਲਾਂ ਦੀ ਲੁੱਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਿੱਖਿਆ ਮੰਤਰੀ ਨੇ ਦੱਸਿਆ ਕਿ 'ਇਹ ਸਿਰਫ਼ ਇੱਕ ਸਨਮਾਨ ਸਮਾਰੋਹ ਨਹੀਂ ਸੀ, ਸਗੋਂ 'ਡਰਾਈਵ ਪੁਆਇੰਟਸ' (ਡਾਇਲੋਗ) ਰਾਹੀਂ ਬੱਚਿਆਂ ਤੋਂ ਸਿੱਖਿਆ ਪ੍ਰਣਾਲੀ ਅਤੇ ਕਰੀਕੁਲਮ ਵਿੱਚ ਬਦਲਾਅ ਲਈ ਸੁਝਾਅ ਵੀ ਲਏ ਗਏ ਹਨ। 14-15 ਸਾਲ ਸਕੂਲਾਂ ਵਿੱਚ ਬਿਤਾਉਣ ਵਾਲੇ ਇਨ੍ਹਾਂ ਬੱਚਿਆਂ ਨਾਲ ਗੱਲਬਾਤ ਕਰਕੇ ਯਕੀਨ ਹੁੰਦਾ ਹੈ ਕਿ ਪੰਜਾਬ ਦਾ ਭਵਿੱਖ ਬਹੁਤ ਸੁਨਹਿਰੀ ਹੈ। ਬੱਚਿਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਅਗਲੇ ਮਹੀਨੇ ਤੋਂ ਸਾਰੇ ਸਰਕਾਰੀ ਸਕੂਲਾਂ ਵਿੱਚ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਐਜੂਕੇਸ਼ਨ ਸ਼ੁਰੂ ਕਰਨ ਜਾ ਰਹੀ ਹੈ, ਤਾਂ ਜੋ ਸਾਡੇ ਬੱਚੇ ਗਲੋਬਲ ਮਾਰਕੀਟ ਵਿੱਚ ਜਾ ਕੇ ਆਪਣਾ ਸਿੱਕਾ ਜਮਾ ਸਕਣ।
'ਮਨਮਾਨੀਆਂ ਫੀਸਾਂ 'ਤੇ ਲੱਗੇਗੀ ਲਗਾਮ'
ਮਨਮਾਨੀਆਂ ਫੀਸਾਂ ਬਾਰੇ ਬੋਲਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ 'ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੈਬਨਿਟ ਵਿੱਚ ਪ੍ਰਪੋਜ਼ਲ ਪਾਸ ਹੋ ਚੁੱਕਾ ਹੈ ਅਤੇ ਜਲਦ ਹੀ ਗਵਰਨਰ ਸਾਹਿਬ ਵੱਲੋਂ ਨੋਟੀਫਾਈ ਹੋ ਕੇ ਨਵਾਂ ਆਰਡੀਨੈਂਸ ਲਾਗੂ ਹੋ ਜਾਵੇਗਾ। ਇਸ ਤਹਿਤ 5 ਫੀਸਦੀ ਦੀ ਹੱਦ ਤੈਅ ਕੀਤੀ ਗਈ ਹੈ ਅਤੇ ਪਿਛਲੇ ਤਿੰਨ ਸਾਲਾਂ ਵਿੱਚ ਜਿਨ੍ਹਾਂ ਪ੍ਰਾਈਵੇਟ ਸਕੂਲਾਂ ਨੇ ਨਿਯਮਾਂ ਤੋਂ ਵੱਧ ਫੀਸਾਂ ਵਸੂਲੀਆਂ ਹਨ, ਉਹ ਪੈਸੇ ਵਾਪਸ ਕਰਵਾਏ ਜਾਣਗੇ। ਸਰਕਾਰ ਪ੍ਰਾਈਵੇਟ ਸਕੂਲਾਂ ਦੇ ਵਿਰੋਧ ਵਿੱਚ ਨਹੀਂ ਹੈ, ਪਰ ਸਕੂਲ ਪੈਸੇ ਕਮਾਉਣ ਦੀ ਫੈਕਟਰੀ ਨਹੀਂ ਬਣਨੇ ਚਾਹੀਦੇ, ਉੱਥੇ ਵਿੱਦਿਆ ਦਾ ਦਾਨ ਮਿਲਣਾ ਚਾਹੀਦਾ ਹੈ। ਸਕੂਲ ਵਰਦੀਆਂ ਅਤੇ ਕਿਤਾਬਾਂ ਦੇ ਮਾਮਲੇ ਵਿੱਚ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।'

ਸਰਕਾਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀ ਕਮੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਕਿ 'ਸੂਬੇ ਵਿੱਚ ਕਰੀਬ 55 ਫੀਸਦੀ ਸੀਟਾਂ ਖਾਲੀ ਹਨ। ਪ੍ਰਿੰਸੀਪਲਾਂ ਦੀ ਨਵੀਂ ਭਰਤੀ ਅਤੇ ਪ੍ਰਮੋਸ਼ਨ ਦੋਵਾਂ ਮਾਮਲਿਆਂ 'ਤੇ ਮਾਨਯੋਗ ਹਾਈਕੋਰਟ ਵੱਲੋਂ ਸਟੇਅ (ਰੋਕ) ਲਗਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ 'ਸਰਕਾਰ ਵੱਲੋਂ ਬਿਹਤਰੀਨ ਵਕੀਲ ਭੇਜ ਕੇ ਇਸ ਸਟੇਅ ਨੂੰ ਤੁੜਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਸਰਕਾਰ ਕੋਲ ਨਵੀਂ ਭਰਤੀ ਅਤੇ ਪ੍ਰਮੋਸ਼ਨ ਦੀਆਂ ਲਿਸਟਾਂ ਬਿਲਕੁਲ ਤਿਆਰ ਹਨ। ਸਟੇਅ ਹਟਣ ਦੇ 24 ਘੰਟਿਆਂ ਦੇ ਅੰਦਰ-ਅੰਦਰ ਪ੍ਰਮੋਸ਼ਨਾਂ ਕਰਕੇ ਖਾਲੀ ਸੀਟਾਂ ਦੇ ਗ੍ਰਾਫ ਨੂੰ 50% ਤੋਂ ਸਿੱਧਾ 80% ਤੱਕ ਪਹੁੰਚਾ ਦਿੱਤਾ ਜਾਵੇਗਾ। ਇਹ ਪ੍ਰੋਗਰਾਮ ਬਹੁਤ ਹੀ ਅਗਾਂਹਵਧੂ ਸੀ ਅਤੇ ਅਜਿਹੇ ਪ੍ਰੋਗਰਾਮ ਹਰ ਸਾਲ ਹੋਣੇ ਚਾਹੀਦੇ ਹਨ।'
ਬੱਚਿਆਂ ਨੇ ਕੀਤਾ ਧੰਨਵਾਦ
ਇਸ ਮੌਕੇ ਵਿਦਿਆਰਥੀਆਂ ਨੇ ਕਿਹਾ ਕਿ 'ਸਿੱਖਿਆ ਮੰਤਰੀ ਜੀ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਪੂਰੇ ਭਰਤ ਵਿੱਚ ਪਹਿਲੇ ਨੰਬਰ 'ਤੇ ਡਿਜੀਟਲ ਯੂਨੀਵਰਸਿਟੀਆਂ ਸ਼ੁਰੂ ਕਰਨ ਜਾ ਰਿਹਾ ਹੈ ਅਤੇ 20 ਹਜ਼ਾਰ ਹੋਰ ਸੀਟਾਂ ਦਾ ਵਾਧਾ ਕੀਤਾ ਗਿਆ ਹੈ। ਮੈਰਿਟ ਵਿੱਚ ਆਏ ਵਿਦਿਆਰਥੀਆਂ ਲਈ ਇਹ ਹੌਸਲਾ ਅਫਜ਼ਾਈ ਬਹੁਤ ਮਾਇਨੇ ਰੱਖਦੀ ਹੈ ਅਤੇ ਇਹ ਉਪਰਾਲਾ ਸਾਨੂੰ ਜ਼ਿੰਦਗੀ ਭਰ ਆਪਣੇ ਮੁਕਾਮ 'ਤੇ ਪਹੁੰਚਣ ਲਈ ਯਾਦ ਰਹੇਗਾ।'

