ਆਤਿਸ਼ੀ ਵੀਡੀਓ ਵਿਵਾਦ 'ਚ CP ਜਲੰਧਰ ਸੰਮਨ, ਇਸ ਦਿਨ ਪੇਸ਼ ਹੋਣ ਦੇ ਹੁਕਮ
27 ਫਰਵਰੀ ਨੂੰ ਬਾਅਦ ਦੁਪਹਿਰ 3 ਵਜੇ ਪੇਸ਼ ਹੋਣ ਦੇ ਹੁਕਮ, ਜਲੰਧਰ 'ਚ ਦਰਜ FIR ਨੂੰ ਲੈ ਕੇ ਸਿਆਸੀ ਹੰਗਾਮਾ।


Published : February 21, 2026 at 10:25 PM IST
|Updated : February 22, 2026 at 7:42 AM IST
ਜਲੰਧਰ: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਨਾਲ ਜੁੜਿਆ ਕਥਿਤ ਵੀਡੀਓ ਵਿਵਾਦ ਹੁਣ ਪ੍ਰਸ਼ਾਸਨਿਕ ਅਤੇ ਸਿਆਸੀ ਤੌਰ 'ਤੇ ਤੂਲ ਫੜਦਾ ਜਾ ਰਿਹਾ ਹੈ। ਦਿੱਲੀ ਵਿਧਾਨ ਸਭਾ ਸਕੱਤਰੇਤ ਨੇ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੀ ਜਲੰਧਰ ਰੇਂਜ ਦੀ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ ਸੰਮਨ ਜਾਰੀ ਕਰਕੇ 27 ਫਰਵਰੀ ਨੂੰ ਬਾਅਦ ਦੁਪਹਿਰ 3 ਵਜੇ ਪੇਸ਼ ਹੋਣ ਲਈ ਕਿਹਾ ਹੈ।
ਆਤਿਸ਼ੀ ਵੀਡੀਓ ਵਿਵਾਦ
ਜਾਣਕਾਰੀ ਅਨੁਸਾਰ ਵਿਧਾਨ ਸਭਾ ਸਕੱਤਰੇਤ ਨੇ ਇਹ ਕਾਰਵਾਈ ਦਿੱਲੀ ਸਾਬਕਾ ਸੀਐਮ ਆਤਿਸ਼ੀ ਦੀਆਂ ਕਥਿਤ ਟਿੱਪਣੀਆਂ ਨਾਲ ਸਬੰਧਤ ਵਾਇਰਲ ਹੋਈ ਵੀਡੀਓ ਅਤੇ ਉਸ ਖ਼ਿਲਾਫ਼ ਜਲੰਧਰ ਵਿੱਚ ਦਰਜ ਐਫਆਈਆਰ ਦੇ ਸੰਦਰਭ ਵਿੱਚ ਕੀਤੀ ਹੈ। ਸਕੱਤਰੇਤ ਇਹ ਜਾਣਨਾ ਚਾਹੁੰਦਾ ਹੈ ਕਿ ਇਹ ਕੇਸ ਕਿਨ੍ਹਾਂ ਹਾਲਾਤਾਂ ਵਿੱਚ ਦਰਜ ਕੀਤਾ ਗਿਆ ਸੀ ਅਤੇ ਜਾਂਚ ਦੀ ਮੌਜੂਦਾ ਸਥਿਤੀ ਕੀ ਹੈ।

ਤੱਥਾਂ ਦੀ ਪੜਤਾਲ
ਦੂਜੇ ਪਾਸੇ ਪੰਜਾਬ ਸਰਕਾਰ ਨੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਪੰਜਾਬ ਦੇ ਵਧੀਕ ਮੁੱਖ ਸਕੱਤਰ (ਗ੍ਰਹਿ) ਆਲੋਕ ਸ਼ੇਖਰ ਅਤੇ ਰਾਜ ਦੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਕਿਹਾ ਕਿ ਆਤਿਸ਼ੀ ਦੀਆਂ ਕਥਿਤ ਟਿੱਪਣੀਆਂ ਦੀ ਵੀਡੀਓ ਕਲਿੱਪ ਸਬੰਧੀ ਦਰਜ ਐਫਆਈਆਰ ਬਾਰੇ ਅਧਿਕਾਰੀਆਂ ਵੱਲੋਂ ਦਿੱਤੇ ਗਏ ਜਵਾਬਾਂ ਦੀ ਸਰਕਾਰੀ ਪੱਧਰ 'ਤੇ ਸਮੀਖਿਆ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਤੱਥਾਂ ਦੀ ਪੜਤਾਲ ਕਰਕੇ ਅਗਲੀ ਕਾਰਵਾਈ ਤੈਅ ਕੀਤੀ ਜਾਵੇਗੀ।
ਜਲੰਧਰ 'ਚ ਐਫਆਈਆਰ ਦਰਜ
ਜਾਣਕਾਰੀ ਅਨੁਸਾਰ ਸਬੰਧਿਤ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਸ਼ਿਕਾਇਤ ਮਿਲਣ 'ਤੇ ਜਲੰਧਰ 'ਚ ਐਫਆਈਆਰ ਦਰਜ ਕੀਤੀ ਗਈ ਸੀ, ਜਿਸ ਤੋਂ ਬਾਅਦ ਇਹ ਮਾਮਲਾ ਸਿੱਧਾ ਸਿਆਸੀ ਬਹਿਸ ਦਾ ਵਿਸ਼ਾ ਬਣ ਗਿਆ ਸੀ। ਹੁਣ ਦਿੱਲੀ ਵਿਧਾਨ ਸਭਾ ਸਕੱਤਰੇਤ ਵੱਲੋਂ ਸੰਮਨ ਜਾਰੀ ਕਰਨ ਨਾਲ ਮਾਮਲਾ ਹੋਰ ਵੀ ਸੰਵੇਦਨਸ਼ੀਲ ਹੋ ਗਿਆ ਹੈ।
ਸਿਆਸੀ ਗਲਿਆਰਿਆਂ 'ਚ ਚਰਚਾ
ਸਿਆਸੀ ਹਲਕਿਆਂ ਵਿੱਚ ਇਸ ਕਾਰਵਾਈ ਨੂੰ ਲੈ ਕੇ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਇਕ ਪਾਸੇ ਇਸ ਨੂੰ ਸੰਵਿਧਾਨਕ ਪ੍ਰਕਿਰਿਆ ਦੱਸਿਆ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਇਸ ਨੂੰ ਸੂਬਿਆਂ ਵਿਚਾਲੇ ਅਧਿਕਾਰ ਖੇਤਰ ਨਾਲ ਜੁੜਿਆ ਮੁੱਦਾ ਵੀ ਮੰਨਿਆ ਜਾ ਰਿਹਾ ਹੈ। ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸੀਪੀ ਜਲੰਧਰ ਧਨਪ੍ਰੀਤ ਕੌਰ ਦੇ ਪੇਸ਼ ਹੋਣ ਤੋਂ ਬਾਅਦ ਮਾਮਲੇ ਦੀ ਸਥਿਤੀ ਹੋਰ ਸਪੱਸ਼ਟ ਹੋ ਜਾਵੇਗੀ।

