ASI ਗੁਰਨਾਮ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ, ਧੀ ਨੇ ਕਿਹਾ- "ਪਿਤਾ 'ਤੇ ਧੋਖੇ ਨਾਲ ਕੀਤਾ ਹਮਲਾ"
ਐਸਆਈ ਗੁਰਨਾਮ ਸਿੰਘ ਦਾ ਜੱਦੀ ਪਿੰਡ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ।

Published : February 24, 2026 at 6:46 PM IST
ਗੁਰਦਾਸਪੁਰ: ਗੁਰਦਾਸਪੁਰ ਦੇ ਸਰਹੱਦੀ ਪਿੰਡ ਆਦੀਆ ਵਿੱਚ ਇੱਕ ਪੁਲਿਸ ਚੌਕੀ 'ਤੇ ਤਾਇਨਾਤ 2 ਪੁਲਿਸ ਮੁਲਾਜ਼ਮਾਂ ਦੀ 22 ਫਰਵਰੀ ਦੀ ਰਾਤ ਨੂੰ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਸੀ। ਜਿਨ੍ਹਾਂ ਦੀ ਪਛਾਣ ਪੰਜਾਬ ਪੁਲਿਸ ਦੇ ਹੋਮ ਗਾਰਡ ਜਵਾਨ ਅਸ਼ੋਕ ਕੁਮਾਰ ਅਤੇ ਏਐਸਆਈ ਗੁਰਨਾਮ ਸਿੰਘ ਵਜੋਂ ਹੋਈ ਸੀ। ਏਐਸਆਈ ਗੁਰਨਾਮ ਸਿੰਘ ਦਾ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ।
ਹਮਲਾਵਰਾਂ ਨੂੰ ਮਿਲੇਗੀ ਸਖ਼ਤ ਸਜ਼ਾ
ਏਐਸਆਈ ਗੁਰਨਾਮ ਸਿੰਘ ਦੇ ਅੰਤਿਮ ਸਸਕਾਰ ਮੌਕੇ ਵਿਸ਼ੇਸ਼ ਤੌਰ 'ਤੇ ਡੀਜੀਪੀ ਅਰਪਿਤ ਸ਼ੁਕਲਾ, ਏਡੀਜੀਪੀ ਏ.ਐਸ. ਰਾਏ, ਡੀਆਈਜੀ ਸੰਦੀਪ ਗੋਇਲ ਅਤੇ ਐਸਐਸਪੀ ਗੁਰਦਾਸਪੁਰ ਆਦਿਤਿਆ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ। ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਇਸ ਘਟਨਾ ਦੇ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।

ਨਹੀਂ ਸੀ ਕੋਈ ਖੁਫੀਆ ਜਾਣਕਾਰੀ
ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ "ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਕੁਝ ਸਬੂਤ ਬਰਾਮਦ ਕੀਤੇ ਹਨ। ਮੁਲਜ਼ਮਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ। ਸਾਡੇ ਕੋਲ ਘਟਨਾ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਸੀ, ਪਰ ਇਹ ਇੱਕ ਸਰਹੱਦੀ ਖੇਤਰ ਹੈ। ਇਸ ਲਈ ਬੀਐਸਐਫ ਹਾਈ ਅਲਰਟ 'ਤੇ ਹੈ ਅਤੇ ਕਾਰਵਾਈਆਂ ਵਿੱਚ ਸਰਗਰਮੀ ਨਾਲ ਸ਼ਾਮਲ ਹੈ। ਪੰਜਾਬ ਸਰਕਾਰ ਨੇ ਇਸ ਖੇਤਰ ਲਈ 40 ਕਰੋੜ ਦੀ ਗ੍ਰਾਂਟ ਜਾਰੀ ਕੀਤੀ ਹੈ। 20 ਕਰੋੜ ਰੁਪਏ ਦੇ ਕੈਮਰੇ ਲਗਾਏ ਜਾਣਗੇ ਅਤੇ ਕੁਝ ਵਾਹਨ ਖਰੀਦੇ ਜਾਣਗੇ।"

ਧੀ ਨੇ ਕਿਹਾ, "ਜੇ ਲੜਾਈ ਹੁੰਦੀ ਤਾਂ ਹਮਲਾਵਰ ਮਾਰੇ ਜਾਂਦੇ"
ਇਸ ਦੌਰਾਨ, ਸ਼ਹੀਦ ਏਐਸਆਈ ਗੁਰਨਾਮ ਸਿੰਘ ਦੀ ਧੀ ਮਨਦੀਪ ਕੌਰ ਨੇ ਕਿਹਾ ਕਿ ਮੇਰੇ ਪਿਤਾ ਨੂੰ ਧੋਖੇ ਨਾਲ ਮਾਰਿਆ ਗਿਆ ਹੈ। ਜੇਕਰ ਉਹ ਜਵਾਬੀ ਕਾਰਵਾਈ ਕਰਦੇ ਤਾਂ ਹਮਲਾਵਰ ਮਾਰੇ ਜਾਂਦੇ। ਮੈਨੂੰ ਮੇਰੇ ਪਿਤਾ 'ਤੇ ਮਾਣ ਹੈ ਜਿਸਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ।

