ਰਾਵੀ ਦਰਿਆ 'ਚ ਚੜ੍ਹਦਾ ਪਾਣੀ ਦੇਖ ਕੇ ਘਬਰਾਏ ਲੋਕ, ਬੋਲੇ- ਸਰਕਾਰ ਸਾਡਾ ਹੱਲ ਕਰੇ ਨਹੀਂ ਤਾਂ ...
ਅਜੇ ਤੱਕ ਮੀਂਹ ਵੀ ਨਹੀਂ ਪਿਆ ਹੈ ਅਤੇ ਰਾਵੀ ਦਰਿਆ ਪੂਰੀ ਤਰ੍ਹਾਂ ਭਰ ਗਿਆ ਹੈ, ਲੋਕਾਂ ਨੇ ਸਰਕਾਰ ਨੂੰ ਭਾਵੁਕ ਅਪੀਲ ਕੀਤੀ।

Published : July 2, 2026 at 4:50 PM IST
ਪਠਾਨਕੋਟ: ਮੌਨਸੂਨ ਨੇੜੇ ਆਉਣ ਦੇ ਨਾਲ ਰਾਵੀ ਦੇ ਕੰਢੇ ਵਸੇ ਲੋਕਾਂ ਨੂੰ ਫਿਰ ਉਹੀ ਡਰ ਸਤਾਉਣ ਲੱਗਾ ਹੈ। ਪਿਛਲੇ ਸਾਲ ਆਏ ਹੜ੍ਹਾਂ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕਾਫ਼ੀ ਨੁਕਸਾਨ ਕੀਤਾ ਸੀ, ਅਤੇ ਸਭ ਤੋਂ ਪਹਿਲਾਂ ਪ੍ਰਭਾਵਿਤ ਜ਼ਿਲ੍ਹਾ ਪਠਾਨਕੋਟ ਸੀ। ਮਾਧੋਪੁਰ ਹੈੱਡਵਰਕਸ 'ਤੇ ਲਗਾਏ ਗਏ 54 ਗੇਟਾਂ ਵਿੱਚ ਥੋੜਾ-ਥੋੜਾ ਪਾਣੀ ਛੱਡ ਕੇ ਟੈਸਟਿੰਗ ਕੀਤੀ ਜਾ ਰਹੀ ਹੈ, ਪਿਛਲੇ ਸਾਲ ਰਣਜੀਤ ਸਾਗਰ ਡੈਮ ਤੋਂ ਪਾਣੀ ਛੱਡਣ ਕਾਰਨ ਚਾਰ ਗੇਟਾਂ ਦਾ ਕਾਫੀ ਨੁਕਸਾਨ ਹੋਇਆ ਸੀ। ਹੈੱਡਵਰਕਸ ਦੇ 54 ਗੇਟ ਇਲੈਕਟ੍ਰਾਨਿਕ ਬਣਾਏ ਗਏ ਹਨ, ਹਰੇਕ ਗੇਟ ਨੂੰ ਖੋਲ੍ਹ ਕੇ ਟੈਸਟਿੰਗ ਕੀਤੀ ਜਾ ਰਹੀ ਹੈ, ਮਾਧੋਪੁਰ ਹੈੱਡਵਰਕਸ ਦੇ ਗੇਟਾਂ ਤੋਂ ਰਾਵੀ ਦਰਿਆ ਵਿੱਚ ਪਾਣੀ ਛੱਡਣ ਕਾਰਨ ਲੋਕਾਂ ਦੇ ਦਿਲਾਂ ਵਿੱਚ ਡਰ ਬਣਿਆ ਹੋਇਆ ਹੈ। ਰਾਵੀ ਦਰਿਆ ਦੇ ਕੰਢੇ ਮਿੱਟੀ ਵਾਲਾ ਧੁੱਸੀ ਬੰਨ੍ਹ ਹੋਣ ਕਾਰਨ ਲੋਕ ਘਬਰਾ ਗਏ ਕਿਉਂਕਿ ਹੁਣ ਤੱਕ ਧੁੱਸੀ ਬੰਨ੍ਹ ਸਥਾਈ ਨਹੀਂ ਬਣਾਇਆ ਗਿਆ। ਜਿਸ ਨੂੰ ਲੈ ਕੇ ਲੋਕਾਂ ਨੇ ਸਰਕਾਰ ਵਿਰੁੱਧ ਗੁੱਸਾ ਪ੍ਰਗਟ ਕੀਤਾ ਹੈ।
"ਪਿਛਲੇ ਸਾਲ ਆਏ ਹੜ੍ਹਾਂ ਤੋਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੇ ਕੋਈ ਸਬਕ ਨਹੀਂ ਲਿਆ"
ਸਥਾਨਕ ਲੋਕਾਂ ਨੇ ਕਿਹਾ ਕਿ "ਪਿਛਲੇ ਸਾਲ ਹੜ੍ਹਾਂ ਨੇ ਭੋਆ ਵਿਧਾਨ ਸਭਾ ਹਲਕੇ ਦੇ 70 ਤੋਂ 80 ਪਿੰਡਾਂ ਵਿੱਚ ਬਹੁਤ ਤਬਾਹੀ ਮਚਾਈ ਸੀ। ਪੂਰੀ ਫਸਲ ਤਬਾਹ ਹੋ ਗਈ ਸੀ, ਪਰ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੇ ਇਸ ਤੋਂ ਕੋਈ ਸਬਕ ਨਹੀਂ ਸਿੱਖਿਆ। ਪੰਜਾਬ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਬਾਰਿਸ਼ ਤੋਂ ਪਹਿਲਾਂ ਜਿੱਥੇ ਵੀ ਨੁਕਸਾਨ ਹੋਇਆ ਹੈ, ਉਸ ਨੂੰ ਪੂਰਾ ਕੀਤਾ ਜਾਵੇਗਾ ਅਤੇ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ, ਪਰ ਹੁਣ ਤੱਕ ਅਜਿਹਾ ਕੁਝ ਨਹੀਂ ਹੋਇਆ ਅਤੇ ਹੁਣ ਰਾਵੀ ਦਰਿਆ ਨੇ ਫਿਰ ਆਪਣਾ ਭਿਆਨਕ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਉਹ ਆਉਣ ਵਾਲੇ ਬਰਸਾਤੀ ਮੌਸਮ ਨੂੰ ਲੈ ਕੇ ਚਿੰਤਤ ਹਨ।"
"ਇੱਥੇ ਬੋਰੀਆਂ ਲਗਾਈਆਂ ਹੋਈਆਂ ਹਨ ਜੋ ਕਿਸੇ ਵੇਲੇ ਵੀ ਰੁੜ੍ਹ ਸਕਦੀਆਂ ਨੇ"
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਸਾਲ ਵੀ ਇੱਥੇ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਜੋ ਇੱਥੇ ਬੋਰੀਆਂ ਲਗਾਈਆਂ ਹੋਈਆਂ ਹਨ, ਇਹ ਕਿਸੇ ਵੇਲੇ ਵੀ ਰੁੜ੍ਹ ਸਕਦੀਆਂ ਹਨ। ਇੱਥੇ ਕੋਈ ਪੱਕੇ ਹੱਲ ਹੋਣੇ ਚਾਹੀਦੇ ਹਨ ਤਾਂ ਜੋ ਇਥੋਂ ਦੇ ਲੋਕਾਂ ਨੂੰ ਡਰ ਕੇ ਨਾ ਰਹਿਣਾ ਪਵੇ। ਇਸ ਇਲਾਕੇ ਵਿੱਚ ਘੱਟੋ-ਘੱਟ 350 ਦੇ ਕਰੀਬ ਪਿੰਡ ਨੇ, ਜਿੰਨ੍ਹਾਂ ਵਿੱਚੋਂ ਪਿਛਲੇ ਸਾਲ 70-80 ਦੇ ਕਰੀਬ ਪਿੰਡਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ। ਅਸੀਂ ਅਪੀਲ ਕਰਦੇ ਹਾਂ ਕਿ ਇਸ ਦਾ ਨਿਕਾਸ ਕੀਤਾ ਜਾਵੇ ਤਾਂ ਜੋ ਪਾਣੀ ਪਿੰਡਾਂ ਵੱਲ ਨਾ ਜਾਵੇ।
"ਇਹ ਸਰਕਾਰ ਸਿਰਫ ਆਪਣਾ ਚੋਚਲਾ ਤਿਆਰ ਕਰ ਰਹੀ ਹੈ, ਬੋਰਡ ਲਗਾ ਲਗਾ ਕੇ ਬੱਸ ਆਪਣੀ ਵਾਹ-ਵਾਹ ਲੁੱਟ ਰਹੀ ਹੈ, ਪਰ ਕੁਝ ਨਹੀਂ ਰਹੀ। ਅਸੀਂ ਚਾਹੁੰਦੇ ਹਾਂ ਕਿ ਧੁਸੀ ਬੰਨ੍ਹ ਦੇ ਵੀ ਪੱਕੇ ਬੰਨ੍ਹ ਲਗਾਏ ਜਾਣ ਤਾਂ ਜੋ ਅਸੀਂ ਇਸ ਵਿਪਤਾ ਤੋਂ ਬਚ ਸਕੀਏ।"-ਸਥਾਨਕ ਲੋਕ
"ਅਸੀਂ ਉਡੀਕ ਕਰਦੇ ਰਹੇ ਪਰ ਹੁਣ ਤੱਕ ਧੁੱਸੀ ਬੰਨ੍ਹ ਦਾ ਹੱਲ ਨਹੀਂ ਹੋਇਆ"
ਰਾਵੀ ਦਰਿਆ ਕੰਢੇ ਰਹਿਣ ਵਾਲੇ ਹੋਰ ਸਥਾਨਕ ਲੋਕਾਂ ਨੇ ਦੱਸਿਆ ਕਿ "ਅਧਿਕਾਰੀ ਆਉਂਦੇ ਨੇ ਤੇ ਕਹਿ ਦਿੰਦੇ ਨੇ ਅੱਜ ਕੱਲ੍ਹ ਕੰਮ ਸ਼ੁਰੂ ਹੋਵੇਗਾ ਕੱਲ੍ਹ ਸ਼ੁਰੂ ਹੋਵੇਗਾ ਪਰ ਹੁਣ ਤੱਕ ਕੁਝ ਨਹੀਂ ਹੋਇਆ, ਸਭ ਕੁਝ ਉਸੇ ਤਰ੍ਹਾਂ ਹੀ ਹੈ। ਜੋ ਹਾਲ ਪਿਛਲੇ ਸਾਲ ਹੋਇਆ, ਹੁਣ ਲੱਗਦਾ ਹੈ ਕਿ ਉਹ ਪਿੰਡ ਇੱਥੇ ਰਹਿਣ ਹੀ ਨਾ, ਸਭ ਇਹ ਜਗ੍ਹਾ ਛੱਡ ਕੇ ਜਾਣ ਦਾ ਮਨ ਬਣਾ ਰਹੇ ਹਨ। ਇਥੇ ਕੁਝ ਅਧਿਕਾਰੀ ਆਏ ਸੀ ਕਹਿੰਦੇ ਬੱਸ ਕੱਲ੍ਹ ਕੰਮ ਸ਼ੁਰੂ ਹੋ ਜਾਣਾ ਹੈ ਇਸ ਕੰਮ ਲਈ 90 ਕਰੋੜ ਰੁਪਇਆ ਮਨਜ਼ੂਰ ਹੋ ਗਿਆ ਹੈ, ਸਾਰੇ ਅਖਬਾਰਾਂ ਵਿੱਚ ਵੀ ਖਬਰਾਂ ਲੱਗ ਗਈਆਂ ਪਰ ਅਸੀਂ ਬੱਸ ਉਡੀਕ ਹੀ ਕਰਦੇ ਰਹਿ ਗਏ ਹੁਣ ਤੱਕ ਕਿਸੇ ਨੇ ਕੁਝ ਨਹੀਂ ਕੀਤਾ। ਬੱਸ ਰੱਸੀਆਂ ਨਾਲ ਬੋਰੀਆਂ ਬੰਨ੍ਹ ਦਿੱਤੀਆਂ ਸੀ ਜੋ ਫਟ ਗਈਆਂ ਸਨ।"
"ਸਰਕਾਰ ਨੇ ਸਾਡੇ ਲਈ ਕੱਖ ਨਹੀਂ ਕੀਤਾ"
ਇਸੇ ਦੌਰਾਨ ਸਰਕਾਰ ਖਿਲਾਫ ਨਰਾਜ਼ਗੀ ਜਤਾਉਂਦੇ ਹੋਏ ਸਥਾਨਕ ਵਾਸੀਆਂ ਨੇ ਕਿਹਾ ਕਿ ਸਰਕਾਰ ਨੇ ਸਾਡੇ ਲਈ ਕੱਖ ਨਹੀਂ ਕੀਤਾ। ਪਿਛਲੇ ਸਾਲ ਜਿੰਨ੍ਹਾਂ ਦੀ ਜ਼ਮੀਨਾਂ ਘਰ ਬਾਰ ਸਭ ਤਬਾਹ ਹੋ ਗਏ ਕਿਸੇ ਨੂੰ ਇੱਕ ਰੁਪਇਆ ਤੱਕ ਨਹੀਂ ਮਿਲਿਆ। ਪਤਾ ਨਹੀਂ ਸਰਕਾਰ ਕਿਉਂ ਕਹੀ ਜਾਂਦੀ ਹੈ ਕਿ ਉਨ੍ਹਾਂ ਨੇ ਹੜ੍ਹ ਪੀੜਤਾਂ ਨੂੰ ਮੁਆਵਜਾ ਦਿੱਤਾ ਪਰ ਕਿਸ ਨੂੰ ਦਿੱਤਾ ਹੈ, ਸਾਨੂੰ ਇਸ ਬਾਰੇ ਕੁਝ ਨਹੀਂ ਪਤਾ। ਕੁਝ ਸਮਾਜ ਭਲਾਈ ਦੀਆਂ ਸੰਸਥਾਵਾਂ ਜਰੂਰ ਸਾਡੇ ਕੋਲ ਆਉਂਦੀਆਂ ਨੇ ਜੋ ਰਾਸ਼ਨ ਪਾਣੀ ਦੇ ਕੇ ਜਾਂਦੀਆਂ ਹਨ ਪਰ ਸਰਕਾਰ ਨੇ ਸਾਨੂੰ ਇੱਕ ਧੇਲਾ ਨਹੀਂ ਦਿੱਤਾ।

"ਅਸੀਂ ਸਰਕਾਰ ਅੱਗੇ ਮੰਗ ਕਰਦੇ ਹਾਂ ਕਿ ਸਰਕਾਰ ਧੁਸੀ ਬੰਨ੍ਹ ਨੂੰ ਪੱਕਾ ਕਰੇ ਤਾਂ ਜੋ ਲੋਕ ਸੇਫਟੀ ਫੀਲ ਕਰ ਸਕਣ, ਨਹੀਂ ਤਾਂ ਸਾਡਾ ਇਸ ਵਾਰੀ ਪਹਿਲਾਂ ਨਾਲੋਂ ਵੀ ਮਾੜੇ ਹਾਲਾਤ ਹੋਣਗੇ।" -ਸਥਾਨਕ ਲੋਕ
"ਲੋਕਾਂ ਨੂੰ ਰਾਵੀ ਦਰਿਆ ਵਿੱਚ ਛੱਡੇ ਜਾ ਰਹੇ ਪਾਣੀ ਤੋਂ ਡਰਨ ਦੀ ਲੋੜ ਨਹੀਂ"
ਇਸੇ ਸਬੰਧੀ ਜਦੋਂ ਮਾਧੋਪੁਰ ਹੈੱਡ ਵਰਕਸ ਦੇ ਐਸ.ਡੀ.ਓ. ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ "ਪਿਛਲੇ ਸਾਲ ਬਰਸਾਤ ਦੇ ਮੌਸਮ ਦੌਰਾਨ ਮਾਧੋਪੁਰ ਹੈੱਡ ਵਰਕਸ ਦੇ ਚਾਰ ਗੇਟ ਟੁੱਟ ਗਏ ਸਨ, ਜਿਨ੍ਹਾਂ ਦੀ ਮੁਰੰਮਤ ਕਰ ਦਿੱਤੀ ਗਈ ਹੈ ਅਤੇ ਹੈੱਡ ਵਰਕਸ 'ਤੇ ਲਗਾਏ ਗਏ 54 ਗੇਟਾਂ ਨੂੰ ਮੈਨੂਅਲ ਤੋਂ ਇਲੈਕਟ੍ਰਾਨਿਕ ਵਿੱਚ ਬਦਲ ਦਿੱਤਾ ਗਿਆ ਹੈ ਤਾਂ ਜੋ ਕੋਈ ਖ਼ਤਰਾ ਪੈਦਾ ਨਾ ਹੋ ਸਕੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਰਾਵੀ ਦਰਿਆ ਵਿੱਚ ਛੱਡੇ ਜਾ ਰਹੇ ਪਾਣੀ ਤੋਂ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਮਾਧੋਪੁਰ ਹੈੱਡ ਵਰਕਸ ਦੇ ਹਰੇਕ ਗੇਟ ਨੂੰ ਖੋਲ੍ਹ ਕੇ ਟੈਸਟਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਖ਼ਤਰਾ ਪੈਦਾ ਨਾ ਹੋ ਸਕੇ। ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਰਾਵੀ ਦਰਿਆ ਵਿੱਚ ਜ਼ਿਆਦਾ ਪਾਣੀ ਆ ਗਿਆ ਹੈ ਜੋ ਨੁਕਸਾਨ ਪਹੁੰਚਾ ਸਕਦਾ ਹੈ, ਤਾਂ ਉਨ੍ਹਾਂ ਕਿਹਾ ਕਿ ਲੋੜ ਮੁਤਾਬਕ ਪਾਣੀ ਛੱਡਿਆ ਜਾ ਰਿਹਾ ਹੈ।"
ਪਿਛਲੇ ਸਾਲ ਲੋਕਾਂ ਨੇ ਝੱਲਿਆ ਸੀ ਸੰਤਾਪ
ਪਿਛਲੇ ਸਾਲ ਆਏ ਹੜ੍ਹਾਂ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕਾਫ਼ੀ ਨੁਕਸਾਨ ਕੀਤਾ ਸੀ। ਪਠਾਨਕੋਟ ਨੁਕਸਾਨ ਝੱਲਣ ਵਾਲਾ ਪਹਿਲਾ ਜ਼ਿਲ੍ਹਾ ਸੀ। ਜਿਵੇਂ ਹੀ ਰਣਜੀਤ ਸਾਗਰ ਡੈਮ ਤੋਂ ਰਾਵੀ ਦਰਿਆ ਵਿੱਚ ਪਾਣੀ ਛੱਡਿਆ ਗਿਆ, ਰਾਵੀ ਦਰਿਆ ਦਾ ਧੁੱਸੀ ਬੰਨ੍ਹ ਟੁੱਟ ਗਿਆ ਅਤੇ ਮਾਧੋਪੁਰ ਹੈੱਡਵਰਕਸ ਦੇ ਗੇਟ ਟੁੱਟ ਗਏ। ਚਾਰ ਗੇਟ ਇੱਕੋ ਸਮੇਂ ਟੁੱਟਣ ਕਾਰਨ, ਪਾਣੀ ਜਿੱਥੇ ਵੀ ਜਗ੍ਹਾ ਮਿਲਿਆ ਤਬਾਹੀ ਮਚਾ ਰਿਹਾ ਸੀ। ਇੱਕ ਸਾਲ ਬਾਅਦ, ਪ੍ਰਸ਼ਾਸਨ ਨੇ ਮਾਧੋਪੁਰ ਹੈੱਡਵਰਕਸ ਦੇ ਚਾਰ ਟੁੱਟੇ ਗੇਟਾਂ ਤੋਂ ਇਲਾਵਾ, ਕੁੱਲ 54 ਗੇਟ, ਜੋ ਪਹਿਲਾਂ ਮੈਨੂਅਲ ਸਨ, ਹੁਣ ਉਨ੍ਹਾਂ ਨੂੰ ਇਲੈਕਟ੍ਰਾਨਿਕ ਗੇਟਾਂ ਵਿੱਚ ਬਦਲ ਦਿੱਤਾ ਹੈ, ਜਿੰਨ੍ਹਾਂ ਦੀ ਟੈਸਟਿੰਗ ਸ਼ੁਰੂ ਹੋ ਗਈ ਹੈ। ਰਾਵੀ ਦਰਿਆ ਵਿੱਚ ਛੱਡੇ ਜਾ ਰਹੇ ਪਾਣੀ ਦੀ ਜਾਂਚ ਕਰਨ ਲਈ ਮਾਧੋਪੁਰ ਹੈੱਡਵਰਕਸ ਨੂੰ ਇੱਕ-ਇੱਕ ਕਰਕੇ ਖੋਲ੍ਹਿਆ ਜਾ ਰਿਹਾ ਹੈ।

"ਜਿਵੇਂ ਹੀ ਸਥਾਨਕ ਲੋਕਾਂ ਨੇ ਰਾਵੀ ਦਰਿਆ ਵਿੱਚ ਪਾਣੀ ਦੇਖਿਆ, ਉਹ ਘਬਰਾ ਗਏ"
ਅਜੇ ਤੱਕ ਮੀਂਹ ਵੀ ਨਹੀਂ ਪਿਆ ਹੈ ਅਤੇ ਰਾਵੀ ਦਰਿਆ ਪੂਰੀ ਤਰ੍ਹਾਂ ਉਛਲਿਆ ਹੋਇਆ ਹੈ। ਜਿਵੇਂ ਹੀ ਸਥਾਨਕ ਲੋਕਾਂ ਨੇ ਰਾਵੀ ਦਰਿਆ ਵਿੱਚ ਪਾਣੀ ਦੇਖਿਆ, ਉਹ ਘਬਰਾ ਗਏ ਅਤੇ ਦਰਿਆ ਦੇ ਕੰਢੇ ਖੜ੍ਹੇ ਹੋ ਗਏ, ਦੇਖਦੇ ਰਹੇ ਕਿ ਰਾਵੀ ਦਰਿਆ ਦਾ ਪਾਣੀ ਹੁਣ ਰਿਹਾਇਸ਼ੀ ਖੇਤਰਾਂ ਵੱਲ ਮੁੜ ਗਿਆ ਹੈ। ਇਸ ਨੂੰ ਰੋਕਣ ਲਈ ਪਿਛਲੇ ਸਾਲ ਮਿੱਟੀ ਦੀਆਂ ਬੋਰੀਆਂ ਭਰ ਕੇ ਧੁੱਸੀ ਬੰਨ੍ਹ ਬਣਾਇਆ ਗਿਆ ਸੀ, ਪਰ ਹੁਣ ਜਿਵੇਂ ਹੀ ਰਾਵੀ ਦਰਿਆ ਵਿੱਚ ਪਾਣੀ ਆਇਆ, ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਲੋਕਾਂ ਨੂੰ ਡਰ ਹੈ ਕਿ ਪਿਛਲੇ ਸਾਲ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ ਅਤੇ ਰਾਵੀ ਦਰਿਆ ਦੇ ਕੰਢੇ ਟੁੱਟ ਸਕਦੇ ਹਨ।
ਇਹ ਵੀ ਪੜ੍ਹੋ:

