ETV Bharat / state

ਫੌਜੀ ਤੇ ਪੈਰਾ ਮਿਲਟਰੀ ਜਵਾਨਾਂ ਨੂੰ ਥਾਣੇ ਜਾਣ ਦੀ ਨਹੀਂ ਪਵੇਗੀ ਲੋੜ, ਖੰਨਾ ਪੁਲਿਸ ਦਾ ਉਪਰਾਲਾ

ਵੀਡਿਓ ਕਾਨਫਰੰਸ ਰਾਹੀ ਐਸਐਪੀ ਵੱਲੋਂ ਸਿੱਧੀ ਸੁਣਵਾਈ ਕੀਤੀ ਜਾਵੇਗੀ। ਇਸ ਦੌਰਾਨ ਇੱਕ ਮੇਲ ਆਈਡੀ ਵੀ ਜਾਰੀ ਕੀਤੀ ਗਈ।

Khanna Police News
ਫੌਜੀ ਤੇ ਪੈਰਾ ਮਿਲਟਰੀ ਫੋਰਸ ਜਵਾਨਾਂ ਲਈ ਉਪਰਾਲਾ (Etv Bharat)
author img

By ETV Bharat Punjabi Team

Published : May 28, 2026 at 8:41 PM IST

2 Min Read
Choose ETV Bharat

ਖੰਨਾ: ਦੇਸ਼ ਦੀਆਂ ਸਰਹੱਦਾਂ 'ਤੇ ਤਾਇਨਾਤ ਫੌਜੀਆਂ ਅਤੇ ਪੈਰਾ ਮਿਲਟਰੀ ਫੋਰਸ ਦੇ ਜਵਾਨਾਂ ਨੂੰ ਇਨਸਾਫ਼ ਅਤੇ ਪੁਲਿਸ ਸਹਾਇਤਾ ਘਰ ਬੈਠੇ ਮੁਹੱਈਆ ਕਰਵਾਉਣ ਲਈ ਖੰਨਾ ਪੁਲਿਸ ਵੱਲੋਂ ਇੱਕ ਵੱਖਰੀ ਅਤੇ ਸ਼ਲਾਘਾਯੋਗ ਪਹਿਲ ਕੀਤੀ ਗਈ ਹੈ। ਪੁਲਿਸ ਜ਼ਿਲ੍ਹਾ ਖੰਨਾ ਵੱਲੋਂ “ਸੈਨਿਕ ਸਮਾਧਾਨ ਉਪਰਾਲਾ” ਨਾਮ ਨਾਲ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਸਰਹੱਦਾਂ ਅਤੇ ਹੋਰ ਦੂਰ-ਦਰਾਜ ਇਲਾਕਿਆਂ ਵਿੱਚ ਡਿਊਟੀ ਨਿਭਾ ਰਹੇ ਫੌਜੀ ਅਤੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਆਪਣੀਆਂ ਪੁਲਿਸ ਜਾਂ ਕਾਨੂੰਨੀ ਸ਼ਿਕਾਇਤਾਂ ਦੀ ਸੁਣਵਾਈ ਵੀਡੀਓ ਕਾਨਫਰੰਸ ਰਾਹੀਂ ਕਰਵਾ ਸਕਣਗੇ।

ਖੰਨਾ ਐਸਐਸਪੀ ਜਾਣਕਾਰੀ ਦਿੰਦੇ ਹੋਏ (Etv Bharat)

ਫੌਜੀ ਤੇ ਪੈਰਾ ਮਿਲਟਰੀ ਜਵਾਨਾਂ ਲਈ ਪਹਿਲ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਖੰਨਾ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ "ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਦੇਸ਼ ਦੀ ਸੁਰੱਖਿਆ ਲਈ ਤਾਇਨਾਤ ਜਵਾਨ ਛੁੱਟੀ ਦੀ ਕਮੀ ਜਾਂ ਡਿਊਟੀ ਦੀਆਂ ਪਾਬੰਦੀਆਂ ਕਾਰਨ ਆਪਣੇ ਘਰੇਲੂ ਜ਼ਿਲ੍ਹਿਆਂ ਵਿੱਚ ਚੱਲ ਰਹੀਆਂ ਸਮੱਸਿਆਵਾਂ ਜਾਂ ਪੁਲਿਸ ਮਾਮਲਿਆਂ ਦੀ ਪੈਰਵੀ ਨਹੀਂ ਕਰ ਪਾਉਂਦੇ। ਕਈ ਵਾਰ ਉਨ੍ਹਾਂ ਦੀਆਂ ਸ਼ਿਕਾਇਤਾਂ ਲੰਮੇ ਸਮੇਂ ਤੱਕ ਲਟਕੀਆਂ ਰਹਿ ਜਾਂਦੀਆਂ ਹਨ। ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਜ਼ਿਲ੍ਹਾ ਖੰਨਾ ਵੱਲੋਂ ਇਹ ਤਕਨੀਕੀ ਅਤੇ ਮਨੁੱਖੀ ਪੱਖ ਤੋਂ ਮਹੱਤਵਪੂਰਨ ਉਪਰਾਲਾ ਸ਼ੁਰੂ ਕੀਤਾ ਗਿਆ ਹੈ।"

ਵੀਡੀਓ ਕਾਨਫਰੰਸ ਰਾਹੀ ਸੁਣਵਾਈ

ਐਸਐਸਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ "ਇਸ ਸਕੀਮ ਤਹਿਤ ਇੱਕ ਵੱਖਰੀ ਅਧਿਕਾਰਿਕ ਈਮੇਲ ਆਈਡੀ ssu.khanna@punjabpolice.gov.in ਤਿਆਰ ਕੀਤੀ ਗਈ ਹੈ, ਜਿਸ ਰਾਹੀਂ ਫੌਜੀ ਅਤੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਆਪਣੀਆਂ ਸ਼ਿਕਾਇਤਾਂ ਜਾਂ ਦਰਖਾਸਤਾਂ ਸਿੱਧੇ ਪੁਲਿਸ ਜ਼ਿਲ੍ਹਾ ਖੰਨਾ ਨੂੰ ਭੇਜ ਸਕਣਗੇ। ਇਸ ਨਾਲ ਬਿਨਾਂ ਸਰੀਰਕ ਤੌਰ 'ਤੇ ਹਾਜ਼ਰ ਹੋਏ ਵੀ ਸ਼ਿਕਾਇਤ ਦੀ ਮੁੱਢਲੀ ਜਾਂਚ ਅਤੇ ਕਾਰਵਾਈ ਸ਼ੁਰੂ ਕੀਤੀ ਜਾ ਸਕੇਗੀ। ਹਰ ਸ਼ਨੀਵਾਰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਵੀਡੀਓ ਕਾਲ ਰਾਹੀਂ ਸੁਣਵਾਈ ਕੀਤੀ ਜਾਵੇਗੀ। ਇਸ ਦੌਰਾਨ ਸ਼ਿਕਾਇਤਕਰਤਾ ਸਿੱਧੇ ਐਸਐਸਪੀ ਨਾਲ ਗੱਲਬਾਤ ਕਰ ਸਕਣਗੇ ਅਤੇ ਆਪਣੀ ਸਮੱਸਿਆ ਰੱਖ ਸਕਣਗੇ। ਇਸ ਪ੍ਰਕਿਰਿਆ ਨਾਲ ਜਵਾਨਾਂ ਨੂੰ ਇਹ ਭਰੋਸਾ ਮਿਲੇਗਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਹੱਲ ਕੀਤਾ ਜਾ ਰਿਹਾ ਹੈ।"

ਗਜ਼ਟਿਡ ਅਫ਼ਸਰ ਜਾਂ ਐਸਐਚਓ ਨੂੰ ਲਿਖਤੀ ਹਦਾਇਤਾਂ

ਐਸਐਸਪੀ ਖੰਨਾ ਨੇ ਕਿਹਾ ਕਿ ਵੀਡੀਓ ਕਾਨਫਰੰਸ ਤੋਂ ਬਾਅਦ ਸੰਬੰਧਿਤ ਗਜ਼ਟਿਡ ਅਫ਼ਸਰ ਜਾਂ ਐਸਐਚਓ ਨੂੰ ਲਿਖਤੀ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ ਤਾਂ ਜੋ ਮਾਮਲੇ ਦਾ ਜਲਦ ਅਤੇ ਪ੍ਰਭਾਵਸ਼ਾਲੀ ਨਿਪਟਾਰਾ ਕੀਤਾ ਜਾ ਸਕੇ। ਇਸ ਤੋਂ ਇਲਾਵਾ “ਸੈਨਿਕ ਸਮਾਧਾਨ ਡੈਸ਼ਬੋਰਡ” ਵੀ ਤਿਆਰ ਕੀਤਾ ਗਿਆ ਹੈ, ਜਿਸ ਦੀ ਨਿਗਰਾਨੀ ਐਸਪੀ ਹੈੱਡਕੁਆਰਟਰ ਵੱਲੋਂ ਨੋਡਲ ਅਫ਼ਸਰ ਦੇ ਤੌਰ 'ਤੇ ਕੀਤੀ ਜਾਵੇਗੀ। ਡੈਸ਼ਬੋਰਡ ਵਿੱਚ ਪ੍ਰਾਪਤ ਹੋਈਆਂ ਸ਼ਿਕਾਇਤਾਂ, ਉਨ੍ਹਾਂ ਦੀ ਮੌਜੂਦਾ ਸਥਿਤੀ ਅਤੇ ਬਕਾਇਆ ਮਾਮਲਿਆਂ ਦਾ ਪੂਰਾ ਰਿਕਾਰਡ ਰੱਖਿਆ ਜਾਵੇਗਾ। ਹਰ 15 ਦਿਨਾਂ ਬਾਅਦ ਐਸਐਸਪੀ ਵੱਲੋਂ ਇਸਦੀ ਸਮੀਖਿਆ ਵੀ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਸ਼ਿਕਾਇਤ ਦੇ ਨਿਪਟਾਰੇ ਵਿੱਚ ਬੇਵਜ੍ਹਾ ਦੇਰੀ ਨਾ ਹੋਵੇ।

ਜਵਾਨਾਂ ਪ੍ਰਤੀ ਸਨਮਾਨ, ਸਤਿਕਾਰ ਅਤੇ ਸੰਵੇਦਨਸ਼ੀਲਤਾ

ਪੁਲਿਸ ਜ਼ਿਲ੍ਹਾ ਖੰਨਾ ਦੀ ਇਹ ਪਹਿਲ ਨਾ ਸਿਰਫ਼ ਤਕਨੀਕ ਦੇ ਸਹੀ ਇਸਤੇਮਾਲ ਦੀ ਮਿਸਾਲ ਹੈ, ਸਗੋਂ ਦੇਸ਼ ਦੀ ਸੁਰੱਖਿਆ ਲਈ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਜਵਾਨਾਂ ਪ੍ਰਤੀ ਸਨਮਾਨ, ਸਤਿਕਾਰ ਅਤੇ ਸੰਵੇਦਨਸ਼ੀਲਤਾ ਵੀ ਦਰਸਾਉਂਦੀ ਹੈ। ਇਹ ਉਪਰਾਲਾ ਫੌਜੀਆਂ ਨੂੰ ਘਰ ਤੋਂ ਦੂਰ ਰਹਿੰਦੇ ਹੋਏ ਵੀ ਇਨਸਾਫ ਤੱਕ ਆਸਾਨ ਪਹੁੰਚ ਯਕੀਨੀ ਬਣਾਵੇਗਾ।