ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ, ਅੰਤਰਰਾਸ਼ਟਰੀ ਹਥਿਆਰ ਤਸਕਰੀ ਮੋਡਿਊਲ ਬੇਨਕਾਬ
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਖੁਫੀਆ ਜਾਣਕਾਰੀ 'ਤੇ ਕਾਰਵਾਈ ਕਰਦੇ ਹੋਏ ਇਹ ਸਫਲਤਾ ਹਾਸਿਲ ਕੀਤੀ ਹੈ।

Published : May 3, 2026 at 9:49 PM IST
ਅੰਮ੍ਰਿਤਸਰ: ਪੰਜਾਬ ਵਿੱਚ ਚਲਾਈਆਂ ਜਾ ਰਹੀਆਂ ਮੁਹਿੰਮਾਂ "ਯੁੱਧ ਨਸ਼ਿਆ ਵਿਰੁੱਧ" ਅਤੇ "ਗੈਂਗਸਟਰਾਂ 'ਤੇ ਵਾਰ" ਚਲਾਈ ਜਾ ਰਹੀ ਮੁਹਿੰਮ ਤਹਿਤ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਜਿਸ ਵਿੱਚ ਪੁਲਿਸ ਨੇ ਅੰਤਰਰਾਸ਼ਟਰੀ ਹਥਿਆਰ ਤਸਕਰੀ ਦੇ ਇੱਕ ਵਿਸ਼ੇਸ਼ ਤਰੀਕੇ ਨਾਲ ਚੱਲ ਰਹੇ ਮਾਡੀਊਲ ਨੂੰ ਤੋੜਦਿਆਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ 7 ਆਧੁਨਿਕ ਪਿਸਤੌਲਾਂ ਬਰਾਮਦ ਕੀਤੀਆਂ ਹਨ। ਬਰਾਮਦ ਹਥਿਆਰਾਂ ਵਿੱਚ 2 ਗਲੌਕ 9mm (ਆਸਟਰੀਆ ਬਣੀ), 4 .30 ਬੋਰ (ਚੀਨ ਬਣੀਆਂ) ਅਤੇ 1 ਹੋਰ .30 ਬੋਰ ਪਿਸਤੌਲ ਸ਼ਾਮਲ ਹੈ, ਜੋ ਕਾਫੀ ਘਾਤਕ ਮੰਨੀਆਂ ਜਾਂਦੀਆਂ ਹਨ।
"ਪਾਕਿਸਤਾਨ ਵਿੱਚ ਬੈਠੇ ਤਸਕਰਾਂ ਨਾਲ ਸੰਪਰਕ ਵਿੱਚ ਸਨ ਮੁਲਜ਼ਮ"
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ, 'ਖੁਫੀਆ ਜਾਣਕਾਰੀ 'ਤੇ ਕਾਰਵਾਈ ਕਰਦੇ ਹੋਏ ਇਹ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਨਾਲ ਸੋਸ਼ਲ ਮੀਡੀਆ ਰਾਹੀਂ ਸੰਪਰਕ ਵਿੱਚ ਸਨ। ਇਹ ਨੈਟਵਰਕ ਗੈਰ ਕਾਨੂੰਨੀ ਹਥਿਆਰਾਂ ਦੀਆਂ ਖੇਪਾਂ ਮੰਗਵਾ ਕੇ ਪੰਜਾਬ ਵਿੱਚ ਅਪਰਾਧਿਕ ਤੱਤਾਂ ਤੱਕ ਪਹੁੰਚਾਉਣ ਦਾ ਕੰਮ ਕਰ ਰਿਹਾ ਸੀ। ਇਹ ਇੱਕ ਸੁਚਾਰੂ ਅਤੇ ਯੋਜਨਾਬੱਧ ਤਰੀਕੇ ਨਾਲ ਚੱਲ ਰਿਹਾ ਗਿਰੋਹ ਸੀ, ਜਿਸ ਦਾ ਸਮੇਂ ‘ਤੇ ਪਰਦਾਫਾਸ਼ ਹੋਣਾ ਵੱਡੀ ਕਾਮਯਾਬੀ ਹੈ।"
"ਪ੍ਰਾਈਵੇਟ ਕੰਪਨੀਆਂ ਵਿੱਚ ਨੌਕਰੀ ਕਰਦੇ ਸਨ ਮੁਲਜ਼ਮ"
ਕਮਿਸ਼ਨਰ ਭੁੱਲਰ ਨੇ ਦੱਸਿਆ ਕਿ "ਗ੍ਰਿਫਤਾਰ ਕੀਤੇ ਗਏ ਮੁਲਜ਼ਮ ਪੜ੍ਹੇ-ਲਿਖੇ ਨੌਜਵਾਨ ਹਨ ਜੋ ਪ੍ਰਾਈਵੇਟ ਕੰਪਨੀਆਂ ਵਿੱਚ ਨੌਕਰੀ ਕਰਦੇ ਸਨ, ਪਰ ਛੋਟੇ ਲਾਲਚਾਂ ਕਰਕੇ ਇਸ ਗੈਰ ਕਾਨੂੰਨੀ ਕੰਮ ਵਿੱਚ ਸ਼ਾਮਲ ਹੋ ਗਏ। ਜੇ ਇਹ ਹਥਿਆਰ ਅੱਗੇ ਕਿਸੇ ਗੈਂਗਸਟਰ ਜਾਂ ਅੱਤਵਾਦੀ ਗਰੁੱਪ ਤੱਕ ਪਹੁੰਚ ਜਾਂਦੇ ਤਾਂ ਵੱਡੀਆਂ ਅਪਰਾਧਿਕ ਘਟਨਾਵਾਂ ਹੋ ਸਕਦੀਆਂ ਸਨ। ਇਸ ਮਾਮਲੇ ਵਿੱਚ ਥਾਣਾ ਕੈਂਟੋਨਮੈਂਟ, ਅੰਮ੍ਰਿਤਸਰ ਵਿੱਚ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹੁਣ ਪੁਲਿਸ ਵੱਲੋਂ ਇਸ ਨੈੱਟਵਰਕ ਦੇ ਅੱਗੇ-ਪਿੱਛੇ ਦੇ ਸਾਰੇ ਲਿੰਕ ਖੰਗਾਲੇ ਜਾ ਰਹੇ ਹਨ। ਹੋਰ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਵੀ ਜਲਦੀ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।"
"ਅਪਰਾਧ ਦੇ ਖਿਲਾਫ “ਜ਼ੀਰੋ ਟੋਲਰੈਂਸ” ਨੀਤੀ ਤਹਿਤ ਸਖ਼ਤ ਕਾਰਵਾਈ ਰਹੇਗੀ ਜਾਰੀ"
ਪੰਜਾਬ ਪੁਲਿਸ ਨੇ ਦੋਹਰਾਇਆ ਕਿ ਗੈਰ ਕਾਨੂੰਨੀ ਹਥਿਆਰਾਂ, ਸਰਹੱਦੀ ਤਸਕਰੀ ਅਤੇ ਸੁੰਗਠਿਤ ਅਪਰਾਧ ਦੇ ਖਿਲਾਫ “ਜ਼ੀਰੋ ਟੋਲਰੈਂਸ” ਨੀਤੀ ਤਹਿਤ ਸਖ਼ਤ ਕਾਰਵਾਈ ਜਾਰੀ ਰਹੇਗੀ। ਇਹ ਕਾਰਵਾਈ ਸੂਬੇ ਵਿੱਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ।

