ETV Bharat / state

ਹੈਰੋਇਨ ਅਤੇ ਮਾਰੂ ਹਥਿਆਰ ਬਰਾਮਦ, ਬਾਰਡਰ ਪਾਰ ਸਨ ਤਸਕਰਾਂ ਦੇ ਲਿੰਕ

ਅੰਮ੍ਰਿਤਸਰ ਪੁਲਿਸ ਨੇ 2 ਕਿੱਲੋ 225 ਗ੍ਰਾਮ ਹੈਰੋਇਨ ਅਤੇ 6 ਮਾਰੂ ਹਥਿਆਰਾਂ ਸਮੇਤ ਤਸਕਰ ਕਾਬੂ ਕੀਤੇ ਹਨ।

CROSS BORDER DRUG SMUGGLING GANG
ਹੈਰੋਇਨ ਅਤੇ ਮਾਰੂ ਹਥਿਆਰ ਬਰਾਮਦ (ETV BHARAT)
author img

By ETV Bharat Punjabi Team

Published : June 3, 2026 at 5:17 PM IST

2 Min Read
Choose ETV Bharat

ਅੰਮ੍ਰਿਤਸਰ: ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਸਰਹੱਦ ਪਾਰ ਤਸਕਰੀ ਨੈੱਟਵਰਕ ਨਾਲ ਜੁੜੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਕਿੱਲੋ 225 ਗ੍ਰਾਮ ਹੈਰੋਇਨ ਅਤੇ ਛੇ ਵਿਦੇਸ਼ੀ ਪਿਸਤੌਲ ਸਮੇਤ ਵੱਡੀ ਮਾਤਰਾ ਵਿੱਚ ਗੋਲਾ ਬਰੂਦ ਬਰਾਮਦ ਕੀਤਾ ਹੈ।

ਗੁਰਪ੍ਰੀਤ ਭੁੱਲਰ,ਪੁਲਿਸ ਕਮਿਸ਼ਨਰ,ਅੰਮ੍ਰਿਤਸਰ (ETV BHARAT)

ਹੈਰੋਇਨ ਅਤੇ ਹਥਿਆਰ ਬਰਾਮਦ

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ, 'ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੁਖਦੇਵ ਸਿੰਘ ਉਰਫ਼ ਸੁੱਖ ਵਾਸੀ ਘਰਿੰਡਾ ਅਤੇ ਹਰਜਿੰਦਰ ਸਿੰਘ ਉਰਫ਼ ਜਿੰਦਰ ਵਾਸੀ ਲੋਪੋਕੇ ਵਜੋਂ ਹੋਈ ਹੈ। ਸੁਖਦੇਵ ਸਿੰਘ 23 ਸਾਲ ਦਾ ਹੈ ਅਤੇ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਹੈ, ਜਦਕਿ ਹਰਜਿੰਦਰ ਸਿੰਘ 37 ਸਾਲ ਦਾ ਹੈ ਅਤੇ ਕੰਬਾਈਨ ਚਲਾਉਣ ਦਾ ਕੰਮ ਕਰਦਾ ਹੈ। ਸੁਖਦੇਵ ਸਿੰਘ ਪਹਿਲਾਂ ਵੀ ਇੱਕ ਹਥਿਆਰ ਤਸਕਰੀ ਮਾਮਲੇ ਵਿੱਚ ਲੋੜੀਂਦਾ ਸੀ। ਅਪ੍ਰੈਲ 2026 ਵਿੱਚ ਦਰਜ ਇੱਕ ਮਾਮਲੇ ਵਿੱਚ ਸੱਤ ਪਿਸਤੌਲਾਂ ਦੀ ਬਰਾਮਦਗੀ ਹੋਈ ਸੀ ਅਤੇ ਉਸ ਕੇਸ ਵਿੱਚ ਵੀ ਇਹ ਮੁਲਜ਼ਮ ਵਾਂਟੇਡ ਚੱਲ ਰਿਹਾ ਸੀ। ਪੁਲਿਸ ਨੇ ਪਹਿਲਾਂ ਸੁਖਦੇਵ ਸਿੰਘ ਨੂੰ ਕਾਬੂ ਕੀਤਾ, ਜਿਸ ਤੋਂ ਦੋ ਕਿੱਲੋ 225 ਗ੍ਰਾਮ ਹੈਰੋਇਨ ਬਰਾਮਦ ਹੋਈ।'

ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਮੁਲਜ਼ਮ ‘ਮੌਲਾਨਾ’ ਨਾਮ ਦੇ ਇੱਕ ਪਾਕਿਸਤਾਨੀ ਸਮੱਗਲਰ ਦੇ ਸੰਪਰਕ ਵਿੱਚ ਸੀ ਅਤੇ ਡਰੋਨ ਰਾਹੀਂ ਭੇਜੀ ਜਾਣ ਵਾਲੀ ਖੇਪ ਨੂੰ ਸਰਹੱਦ ਤੋਂ ਪ੍ਰਾਪਤ ਕਰਦਾ ਸੀ। ਇਸ ਤੋਂ ਬਾਅਦ ਮਿਲੀ ਜਾਣਕਾਰੀ ਦੇ ਅਧਾਰ ’ਤੇ ਹਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਦੇ ਕਬਜ਼ੇ ਵਿੱਚੋਂ ਚਾਰ ਪਿਸਤੌਲ ਬਰਾਮਦ ਹੋਏ। ਅਗਲੀ ਪੁੱਛਗਿੱਛ ਦੌਰਾਨ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਹੋਰ ਦੋ ਪਿਸਤੌਲ ਬਰਾਮਦ ਕੀਤੇ ਗਏ। ਕੁੱਲ੍ਹ ਛੇ ਆਧੁਨਿਕ ਅਤੇ ਵਿਦੇਸ਼ੀ ਬਣਾਵਟ ਦੇ ਹਥਿਆਰ ਬਰਾਮਦ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ .29 ਬੋਰ ਦਾ ਅਮਰੀਕੀ ਬਣਿਆ ਹਥਿਆਰ ਵੀ ਸ਼ਾਮਲ ਹੈ।-ਗੁਰਪ੍ਰੀਤ ਭੁੱਲਰ,ਪੁਲਿਸ ਕਮਿਸ਼ਨਰ,ਅੰਮ੍ਰਿਤਸਰ

'ਨਸ਼ਿਆਂ ਦੀ ਸਪਲਾਈ ਚੇਨ ਨੂੰ ਵੀ ਵੱਡਾ ਝਟਕਾ'

ਕਮਿਸ਼ਨਰ ਭੁੱਲਰ ਨੇ ਦੱਸਿਆ ਕਿ, 'ਇਹ ਦੋਵੇਂ ਮੁਲਜ਼ਮ ਤਸਕਰੀ ਨੈੱਟਵਰਕ ਵਿੱਚ ਕੋਰੀਅਰ ਦੀ ਭੂਮਿਕਾ ਨਿਭਾਉਂਦੇ ਸਨ। ਇਹ ਸਰਹੱਦ ਤੋਂ ਨਸ਼ੇ ਅਤੇ ਹਥਿਆਰਾਂ ਦੀਆਂ ਖੇਪਾਂ ਚੁੱਕ ਕੇ ਅੱਗੇ ਨੈੱਟਵਰਕ ਦੇ ਹੈਂਡਲਰਾਂ ਤੱਕ ਪਹੁੰਚਾਉਂਦੇ ਸਨ। ਮੁਲਜ਼ਮਾਂ ਨੂੰ ਮੋਬਾਈਲ ਮੈਸਜ ਰਾਹੀਂ ਸਥਾਨ ਦੱਸੇ ਜਾਂਦੇ ਸਨ, ਜਿੱਥੇ ਉਨ੍ਹਾਂ ਨੇ ਹਥਿਆਰ ਜਾਂ ਨਸ਼ੀਲੇ ਪਦਾਰਥ ਛੱਡਣੇ ਹੁੰਦੇ ਸਨ। ਜੇਕਰ ਇਹ ਹਥਿਆਰ ਅਤੇ ਹੈਰੋਇਨ ਗਲਤ ਹੱਥਾਂ ਵਿੱਚ ਪਹੁੰਚ ਜਾਂਦੇ ਤਾਂ ਵੱਡੀਆਂ ਅਪਰਾਧਿਕ ਘਟਨਾਵਾਂ ਵਾਪਰ ਸਕਦੀਆਂ ਸਨ। ਪੁਲਿਸ ਦੀ ਇਸ ਕਾਰਵਾਈ ਨਾਲ ਨਾ ਸਿਰਫ਼ ਇੱਕ ਵੱਡਾ ਤਸਕਰੀ ਨੈੱਟਵਰਕ ਬੇਨਕਾਬ ਹੋਇਆ ਹੈ, ਸਗੋਂ ਨਸ਼ਿਆਂ ਦੀ ਸਪਲਾਈ ਚੇਨ ਨੂੰ ਵੀ ਵੱਡਾ ਝਟਕਾ ਲੱਗਾ ਹੈ।'

ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ, 'ਜਾਂਚ ਦੌਰਾਨ ਹੋਰ ਵੀ ਕਈ ਮਹੱਤਵਪੂਰਨ ਸੁਰਾਗ ਮਿਲੇ ਹਨ ਅਤੇ ਪੁਲਿਸ ਉਨ੍ਹਾਂ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਛੋਟੇ ਲਾਲਚਾਂ ਅਤੇ ਗਲਤ ਸੰਗਤ ਤੋਂ ਬਚਣ ਕਿਉਂਕਿ ਅਜਿਹੇ ਰਸਤੇ ਅੰਤ ਵਿੱਚ ਉਨ੍ਹਾਂ ਨੂੰ ਅਪਰਾਧ ਦੀ ਦੁਨੀਆਂ ਵੱਲ ਧੱਕ ਦਿੰਦੇ ਹਨ। ਉਨ੍ਹਾਂ ਪੁਲਿਸ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੰਟੈਲੀਜੈਂਸ ਅਧਾਰਿਤ ਇਸ ਆਪ੍ਰੇਸ਼ਨ ਨੂੰ ਬਹੁਤ ਹੀ ਪੇਸ਼ੇਵਰ ਢੰਗ ਨਾਲ ਅੰਜਾਮ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ'।