ETV Bharat / state

ਪੰਜਾਬ ਕਾਂਗਰਸ 'ਚ ਹਲਚਲ ਵਿਚਾਲੇ ਅਮਿਤ ਸ਼ਾਹ ਨਾਲ ਸੁਖਜਿੰਦਰ ਰੰਧਾਵਾ ਦੀ ਮੁਲਾਕਾਤ, ਜਾਣੋ ਮੀਟਿੰਗ ਦਾ ਮਕਸਦ

ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਨੇ ਮੁਲਾਕਾਤ ਕੀਤੀ ਹੈ।

Sukhjinder Randhawa meets Amit Shah
ਪੰਜਾਬ ਕਾਂਗਰਸ 'ਚ ਹਲਚਲ ਵਿਚਾਲੇ ਅਮਿਤ ਸ਼ਾਹ ਨਾਲ ਸੁਖਜਿੰਦਰ ਰੰਧਾਵਾ ਦੀ ਮੁਲਾਕਾਤ (ani)
author img

By ETV Bharat Punjabi Team

Published : July 3, 2026 at 5:15 PM IST

2 Min Read
Choose ETV Bharat

ਚੰਡੀਗੜ੍ਹ: ਬੀਤੇ ਦਿਨੀਂ ਪੰਜਾਬ ਕਾਂਗਰਸ ਵਿੱਚ ਫੇਰਬਦਲ ਕਰਦਿਆਂ ਹਾਈਕਮਾਂਡ ਨੇ ਕਈ ਜ਼ਿੰਮੇਵਾਰੀਆਂ ਵੱਖ ਵੱਖ ਸੀਨੀਆਰ ਕਾਂਗਰਸੀ ਆਗੂਆਂ ਨੂੰ ਸੌਂਪੀਆਂ ਸਨ। ਇਸ ਤੋਂ ਬਾਅਦ ਕਾਂਗਰਸ ਦੇ ਕਈ ਲੀਡਰ ਨਰਾਜ਼ ਵਿਖਾਈ ਦਿੱਤੇ ਅਤੇ ਪੰਜਾਬ ਦੇ ਸਾਬਕਾ ਸੀਐਮ ਚੰਨੀ ਦੀ ਰਿਹਾਇਸ਼ ਉੱਤੇ ਇਨ੍ਹਾਂ ਕਈ ਨਰਾਜ਼ ਮੌਜੂਦਾ ਅਤੇ ਸਾਬਕਾ ਵਿਧਾਇਕ ਨੇ ਮੀਟਿੰਗ ਕੀਤੀ। ਇਸ ਮੀਟਿੰਗ ਵਿਚਾਲੇ ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੇ ਕਈ ਤਰ੍ਹਾਂ ਦੇ ਮਾਇਨੇ ਕੱਢੇ ਜਾ ਰਹੇ ਹਨ।

ਮੀਟਿੰਗ ਦਾ ਮਕਸਦ:

ਹਾਲਾਂਕਿ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਅਮਿਤ ਸ਼ਾਹ ਨਾਲ ਉਨ੍ਹਾਂ ਦੀ ਮੀਟਿੰਗ ਪਹਿਲਾਂ ਹੀ ਤੈਅ ਸੀ। ਇਸ ਮੀਟਿੰਗ ਦਾ ਮਕਸਦ ਪੰਜਾਬ ਦੀ ਵਿਗੜਦੀ ਕਾਨੂੰਨ-ਵਿਵਸਥਾ, ਸਰਹੱਦੀ ਜ਼ਿਲ੍ਹਿਆਂ ਵਿੱਚ ਵੱਧ ਰਹੀਆਂ ਸੁਰੱਖਿਆ ਚੁਣੌਤੀਆਂ ਅਤੇ ਗੈਂਗਸਟਰ ਨੈੱਟਵਰਕ ਨੂੰ ਸਬੰਦੀ ਕੇਂਦਰ ਸਰਕਾਰ ਅੱਗੇ ਗੰਭੀਰ ਚਿੰਤਾਵਾਂ ਰੱਖਣਾ ਹੈ। ਰੰਧਾਵਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਦੋ ਵੱਖ-ਵੱਖ ਪੱਤਰ ਲਿਖ ਕੇ ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਜਾਣੂ ਕਰਵਾਇਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਕੇਂਦਰੀ ਏਜੰਸੀਆਂ ਨਾਲ ਮੀਟਿੰਗ ਲਈ ਵੀ ਸੱਦਿਆ ਗਿਆ।



'4 ਜੂਨ ਦੇ ਪੱਤਰ ਵਿੱਚ ਚੁੱਕੇ ਗੰਭੀਰ ਮੁੱਦੇ'

ਸੁਖਜਿੰਦਰ ਰੰਧਾਵਾ ਨੇ ਦੱਸਿਆ ਕਿ, '4 ਜੂਨ 2026 ਨੂੰ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਇੱਕ ਵਿਸਥਾਰਪੂਰਵਕ ਪੱਤਰ ਭੇਜਿਆ, ਜਿਸ ਦੀ ਕਾਪੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਭੇਜੀ ਗਈ। ਇਸ ਪੱਤਰ ਵਿੱਚ ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ ਅਤੇ ਪਠਾਨਕੋਟ ਵਰਗੇ ਸਰਹੱਦੀ ਜ਼ਿਲ੍ਹਿਆਂ ਵਿੱਚ ਵਿਗੜ ਰਹੀ ਕਾਨੂੰਨ-ਵਿਵਸਥਾ, ਪਾਕਿਸਤਾਨ ਸਮਰਥਿਤ ਅੱਤਵਾਦ, ਨਾਰਕੋ-ਟੈਰਰਿਜ਼ਮ, ਗੈਂਗਸਟਰਾਂ ਅਤੇ ਸਿਆਸੀ ਤੱਤਾਂ ਦੀ ਕਥਿਤ ਸਾਂਝ ਅਤੇ ਪੰਜਾਬ ਪੁਲਿਸ ਦੇ ਸਿਆਸੀ ਦੁਰਵਰਤੋਂ ਦਾ ਮੁੱਦਾ ਉਠਾਇਆ ਗਿਆ ਸੀ।'



'ਦੂਜੇ ਪੱਤਰ ਵਿੱਚ ਗੈਂਗਸਟਰ ਗਤੀਵਿਧੀਆਂ ਦਾ ਕੀਤਾ ਜ਼ਿਕਰ'

ਰੰਧਾਵਾ ਨੇ ਕਿਹਾ ਕਿ ਪਹਿਲੇ ਪੱਤਰ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਇਲਾਕੇ ਵਿੱਚ ਸਰਗਰਮ ਇੱਕ ਖ਼ਤਰਨਾਕ ਗੈਂਗਸਟਰ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਸੀ। ਇਸ ਤੋਂ ਬਾਅਦ 23 ਜੂਨ ਨੂੰ ਭੇਜੇ ਗਏ ਦੂਜੇ ਪੱਤਰ ਵਿੱਚ ਗੁਰਦਾਸਪੁਰ ਅਤੇ ਪੰਜਾਬ ਦੇ ਹੋਰ ਇਲਾਕਿਆਂ ਵਿੱਚ ਗੈਂਗਸਟਰਾਂ ਦੀਆਂ ਗਤੀਵਿਧੀਆਂ, ਫਿਰੌਤੀ ਅਤੇ ਧਮਕੀਆਂ ਦੇ ਮਾਮਲਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।


'ਕੇਂਦਰੀ ਏਜੰਸੀਆਂ ਨਾਲ ਹੋਈ ਮੀਟਿੰਗ'

ਸਾਂਸਦ ਰੰਧਾਵਾ ਨੇ ਦੱਸਿਆ ਕਿ ਦੋਵੇਂ ਪੱਤਰਾਂ ਦੇ ਅਧਾਰ 'ਤੇ ਉਨ੍ਹਾਂ ਨੂੰ ਮੀਟਿੰਗ ਲਈ ਸੱਦਿਆ ਗਿਆ, ਜਿੱਥੇ ਉਨ੍ਹਾਂ ਵੱਲੋਂ ਉਠਾਏ ਗਏ ਮੁੱਦਿਆਂ 'ਤੇ ਚਰਚਾ ਹੋਈ। ਰੰਧਾਵਾ ਮੁਤਾਬਕ, ਉਨ੍ਹਾਂ ਨੇ ਮੀਟਿੰਗ ਵਿੱਚ ਕਿਹਾ ਕਿ ਇੰਟੈਲੀਜੈਂਸ ਬਿਊਰੋ (IB), ਮਿਲਟਰੀ ਇੰਟੈਲੀਜੈਂਸ (MI), ਰਿਸਰਚ ਐਂਡ ਐਨਾਲਿਸਿਸ ਵਿੰਗ (RAW) ਅਤੇ ਸੈਂਟਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (CBI) ਵਰਗੀਆਂ ਕੇਂਦਰੀ ਏਜੰਸੀਆਂ ਪੰਜਾਬ ਦੀ ਸਥਿਤੀ ਤੋਂ ਪੂਰੀ ਤਰ੍ਹਾਂ ਜਾਣੂ ਹਨ।



ਪੰਜਾਬ ਵਿੱਚ ਐਕਸਟੋਰਸ਼ਨ ਅਤੇ ਧਮਕੀਆਂ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਮੀਟਿੰਗ ਦੌਰਾਨ ਅਧਿਕਾਰੀਆਂ ਨੇ ਵੀ ਇਹ ਮੰਨਿਆ ਕਿ ਸੂਬੇ ਵਿੱਚ ਫਿਰੌਤੀ ਅਤੇ ਧਮਕੀਆਂ ਦੀ ਸਮੱਸਿਆ ਗੰਭੀਰ ਹੈ। ਇਸ ਤੋਂ ਇਲਾਵਾ ਇਹ ਵੀ ਮੰਨਿਆ ਗਿਆ ਕਿ ਜੇਲ੍ਹਾਂ ਦੇ ਅੰਦਰੋਂ ਮੋਬਾਈਲ ਫੋਨਾਂ ਦੀ ਲਗਾਤਾਰ ਵਰਤੋਂ ਹੋ ਰਹੀ ਹੈ, ਜਿਸ ਕਾਰਨ ਅਪਰਾਧਿਕ ਗਤੀਵਿਧੀਆਂ ਨੂੰ ਕਾਬੂ ਕਰਨਾ ਵੱਡੀ ਚੁਣੌਤੀ ਬਣਿਆ ਹੋਇਆ ਹੈ। -ਸੁਖਜਿੰਦਰ ਰੰਧਾਵਾ,ਸਾਂਸਦ




'ਰਾਸ਼ਟਰੀ ਸੁਰੱਖਿਆ ਦਾ ਮੁੱਦਾ ਹੈ ਤਾਂ ਕੇਂਦਰ ਜ਼ਿੰਮੇਵਾਰੀ ਨਿਭਾਏ'

ਰੰਧਾਵਾ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਖੁਦ ਇਹ ਮੰਨਦੀ ਹੈ ਕਿ ਪੰਜਾਬ ਦੀ ਮੌਜੂਦਾ ਸਥਿਤੀ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਹੈ ਅਤੇ ਪਾਕਿਸਤਾਨ ਸਿੱਧੀ ਦਖ਼ਲਅੰਦਾਜ਼ੀ ਕਰ ਰਿਹਾ ਹੈ, ਤਾਂ ਫਿਰ ਕੇਂਦਰ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟ ਸਕਦੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਦੀ ਸਥਿਤੀ ਸੁਧਾਰਨ ਲਈ ਸਖ਼ਤ ਅਤੇ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਲੋੜ ਹੈ।