ਕੁੱਤਿਆਂ ਨਾਲ ਬੇਰਹਿਮੀ ਦੇ ਇਲਜ਼ਾਮ ਨਿੱਕਲੇ ਝੂਠੇ, ਖ਼ਾਲਸਾ ਕਾਲਜ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਬੇਨਕਾਬ
ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਵਿੱਚ ਕੁੱਤਿਆਂ ਨੂੰ ਬੇਰਹਿਮੀ ਨਾਲ ਮਾਰਨ ਦੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਪੁਲਿਸ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਹਨ।


Published : May 27, 2026 at 4:09 PM IST
ਅੰਮ੍ਰਿਤਸਰ: ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਖ਼ਾਲਸਾ ਕਾਲਜ ਅੰਦਰ ਕੁੱਤਿਆਂ ਨਾਲ ਕਥਿਤ ਬੇਰਹਿਮੀ ਦੀਆਂ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਮਾਮਲੇ ਨੇ ਕਾਫੀ ਤੂਲ ਫੜਿਆ ਹੋਇਆ ਸੀ। ਇਸ ਮਾਮਲੇ ਸਬੰਧੀ ਪਸ਼ੂ ਪ੍ਰੇਮੀਆਂ ਵੱਲੋਂ ਕਾਲਜ ਦੇ ਬਾਹਰ ਧਰਨਾ ਵੀ ਦਿੱਤਾ ਗਿਆ ਸੀ। ਹੁਣ ਜਾਂਚ ਤੋਂ ਬਾਅਦ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਅਤੇ ਕਾਲਜ ਪ੍ਰਸ਼ਾਸਨ ’ਤੇ ਲੱਗੇ ਇਲਜ਼ਾਮ ਝੂਠੇ ਸਾਬਤ ਹੋਏ ਹਨ।
'ਖ਼ਾਲਸਾ ਕਾਲਜ ਨਹੀਂ ਹੋਈ ਕੁੱਤੇ ਦੀ ਮੌਤ'
ਸ਼ਿਕਾਇਤਕਰਤਾ ਦਿਵਿਆਂਸ਼ ਅਤੇ SPCA ਦੀ ਟੀਮ ਨੇ ਖ਼ਾਲਸਾ ਕਾਲਜ ਪ੍ਰਸ਼ਾਸਨ ਨਾਲ ਮੁਲਾਕਾਤ ਕਰਕੇ ਮਾਮਲੇ ਦੀ ਪੂਰੀ ਜਾਂਚ ਕੀਤੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕਾਲਜ ਦੇ ਅੰਦਰ ਕਿਸੇ ਵੀ ਕੁੱਤੇ ਦੀ ਮੌਤ ਨਹੀਂ ਹੋਈ। ਪਸ਼ੂ ਪਾਲਣ ਵਿਭਾਗ ਵੱਲੋਂ ਵੀ ਇਸ ਦੀ ਪੁਸ਼ਟੀ ਕੀਤੀ ਗਈ ਹੈ।
ਵਾਇਰਲ ਹੋਈ ਈ-ਰਿਕਸ਼ੇ ਵਾਲੀ ਵੀਡੀਓ 'ਤੇ ਖੁਲਾਸਾ
ਵਾਇਰਲ ਹੋਈ ਈ-ਰਿਕਸ਼ੇ ਵਾਲੀ ਵੀਡੀਓ ਸਬੰਧੀ ਦੱਸਿਆ ਗਿਆ ਕਿ ਐਡਮਿਸ਼ਨ ਬਲਾਕ ਵਿੱਚ ਇੱਕ ਹਿੰਸਕ ਕੁੱਤੇ ਨੇ ਇੱਕ ਬੱਚੇ ਨੂੰ ਕੱਟ ਲਿਆ ਸੀ, ਜਿਸ ਤੋਂ ਬਾਅਦ ਉਸ ਨੂੰ ਵਿਦਿਆਰਥੀਆਂ ਦੇ ਵਾਲੀਬਾਲ ਨੈੱਟ ਦੀ ਮਦਦ ਨਾਲ ਕਾਬੂ ਕਰਕੇ ਦੂਜੇ ਵਿਭਾਗ ਵਿੱਚ ਸ਼ਿਫਟ ਕੀਤਾ ਸੀ। ਇਸ ਦੌਰਾਨ ਕੁੱਤੇ ਨੂੰ ਮਾਮੂਲੀ ਸੱਟ ਲੱਗੀ, ਜਿਸ ਦਾ ਤੁਰੰਤ ਖ਼ਾਲਸਾ ਵੈਟਨਰੀ ਹਸਪਤਾਲ ਵਿੱਚ ਇਲਾਜ ਕਰਵਾਇਆ ਗਿਆ।
ਕਾਲਜ ਦਾ ਸਪੱਸ਼ਟੀਕਰਨ
ਇਸ ਤੋਂ ਇਲਾਵਾ ਕੁਝ ਮਹੀਨੇ ਪਹਿਲਾਂ ਵਾਇਰਲ ਕੀਤੀ ਗਈ ਇੱਕ ਹੋਰ ਤਸਵੀਰ ਬਾਰੇ ਵੀ ਜਾਂਚ ਕੀਤੀ ਗਈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕੁੱਤੇ ਦੇ ਪੈਰ ਵਿੱਚ ਬੱਝੀ ਰੱਸੀ ਨਵੀਂ ਸੀ ਅਤੇ ਸੜੀ ਨਹੀਂ ਹੋਈ ਸੀ, ਜਿਸ ਤੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕੁੱਤੇ ਨੂੰ ਕਿਸੇ ਹੋਰ ਥਾਂ ਤੋਂ ਲਿਆ ਕੇ ਉੱਥੇ ਰੱਖਿਆ ਗਿਆ ਸੀ। ਕਾਲਜ ਪ੍ਰਸ਼ਾਸਨ ਨੇ ਆਪਣੇ ਪੱਖ ਵਿੱਚ 100 ਤੋਂ ਵੱਧ ਪੰਨਿਆਂ ਦੀ ਰਿਪੋਰਟ ਅਤੇ ਕਈ ਸਾਲਾਂ ਦੀਆਂ ਵੀਡੀਓਜ਼ ਵੀ ਪੇਸ਼ ਕੀਤੀਆਂ। ਇਨ੍ਹਾਂ ਵਿੱਚ ਸਾਫ਼ ਦਿਖਾਇਆ ਗਿਆ ਕਿ ਕਾਲਜ ਵਿੱਚ 250 ਤੋਂ 300 ਕੁੱਤਿਆਂ ਦੀ ਸੰਭਾਲ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਰੋਜ਼ਾਨਾ ਖਾਣਾ, ਪਾਣੀ ਅਤੇ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਪੰਛੀਆਂ ਲਈ ਆਲ੍ਹਣੇ ਅਤੇ 100 ਤੋਂ ਵੱਧ ਗਊਆਂ ਲਈ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ ਹਨ।
ਜਾਂਚ ਟੀਮ ਅਤੇ ਕਾਲਜ ਮੈਨੇਜਮੈਂਟ ਦਾ ਮੰਨਣਾ ਹੈ ਕਿ ਐਡਮਿਸ਼ਨਾਂ ਦੇ ਦਿਨਾਂ ਦੌਰਾਨ ਕਾਲਜ ਨੂੰ ਬਦਨਾਮ ਕਰਨ ਲਈ ਵੀਡੀਓਜ਼ ਦੇ ਛੋਟੇ-ਛੋਟੇ ਕਲਿੱਪ ਵਾਇਰਲ ਕਰਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ।ਸਾਰੇ ਤੱਥ ਸਾਹਮਣੇ ਆਉਣ ਤੋਂ ਬਾਅਦ ਸ਼ਿਕਾਇਤਕਰਤਾ ਵੱਲੋਂ ਆਪਣੀ ਸ਼ਿਕਾਇਤ ਵਾਪਸ ਲੈ ਲਈ ਗਈ ਹੈ।
'ਸ਼ਰਾਰਤੀ ਅਨਸਰਾਂ 'ਤੇ ਹੋਵੇਗੀ ਕਾਰਵਾਈ'
ਪੁਲਿਸ ਅਤੇ ਜਾਂਚ ਟੀਮ ਨੇ ਸਪੱਸ਼ਟ ਕੀਤਾ ਹੈ ਕਿ ਝੂਠੀਆਂ ਵੀਡੀਓਜ਼ ਰਾਹੀਂ ਕਾਲਜ ਨੂੰ ਬਦਨਾਮ ਕਰਨ ਵਾਲੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਜਲਦ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਮੁਤਾਬਕ "ਕੁਝ ਦਿਨ ਪਹਿਲਾਂ ਐਨੀਮਲ ਕਮੇਟੀ ਵੱਲੋਂ ਇੱਕ ਦਰਖ਼ਾਸਤ ਦਿੱਤੀ ਗਈ ਸੀ ਕਿ ਖ਼ਾਲਸਾ ਕਾਲਜ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੁੱਤਿਆਂ ਨੂੰ ਮਾਰਿਆ ਗਿਆ ਅਤੇ ਕੁੱਤਿਆਂ ਨੂੰ ਸਾੜਿਆ ਗਿਆ, ਇਸ ਨੂੰ ਲੈਕੇ ਕਾਲਜ ਪ੍ਰਸ਼ਸਾਨ ਨਾਲ ਐਨੀਮਲ ਕਮੇਟੀ ਦੀਆਂ ਮੀਟਿੰਗਾਂ ਕਰਵਾਈਆਂ ਗਈਆਂ। ਜਾਂਚ ਵਿੱਚ ਸਾਹਮਣੇ ਆਏ ਤੱਥਾਂ ਨਾਲ ਐਨੀਮਲ ਕਮੇਟੀ ਹੁਣ ਸਹਿਮਤ ਹੋ ਗਈ ਹੈ, ਖਾਲਸਾ ਕਾਲਜ ਅੰਦਰ ਕਿਸੇ ਵੀ ਕੁੱਤੇ ਨੂੰ ਸੱਟ ਨਹੀਂ ਮਾਰੀ ਗਈ ਅਤੇ ਨਾ ਹੀ ਕਿਸੇ ਨੂੰ ਸਾੜਿਆ ਗਿਆ, ਕਾਲਜ ਪ੍ਰਸ਼ਾਸਨ ਨਾਲ ਸਹਿਮਤੀ ਤੋਂ ਬਾਅਦ ਐਨੀਮਲ ਕਮੇਟੀ ਵੱਲੋਂ ਪੁਲਿਸ ਨੂੰ ਦਿੱਤੀ ਦਰਖ਼ਾਸਤ ਨੂੰ ਵਾਪਸ ਲਿਆ ਗਿਆ ਹੈ।"

