ਸਰਕਾਰੀ ਦਫਤਰਾਂ 'ਚ ਪੰਜਾਬੀ ਭਾਸ਼ਾਂ ਨੂੰ ਲੈਕੇ ਛਿੜਿਆ ਵਿਵਾਦ, ਡੀਸੀ ਨੂੰ ਦਿੱਤਾ ਮੰਗ ਪੱਤਰ
ਅੰਮ੍ਰਿਤਸਰ ਅਕਾਲੀ ਦਲ ਵਾਰਸ ਪੰਜਾਬ ਦੇ ਆਗੂ ਦੀ ਅਗਵਾਈ ਹੇਠ ਅੱਜ ਇੱਕ ਵਫ਼ਦ ਵੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਮੰਗ ਪੱਤਰ ਸੌਂਪਿਆ ਗਿਆ।

Published : January 2, 2026 at 8:07 PM IST
ਅੰਮ੍ਰਿਤਸਰ: ਅਕਾਲੀ ਦਲ ਵਾਰਸ ਪੰਜਾਬ ਦੇ ਆਗੂ ਸ਼ਮਸ਼ੇਰ ਸਿੰਘ ਪੱਧਰੀ ਦੀ ਅਗਵਾਈ ਹੇਠ ਅੱਜ ਇੱਕ ਵਫ਼ਦ ਵੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸਦੇ ਨਾਲ ਹੀ ਉਨ੍ਹਾਂ ਨੇ ਮੰਗ ਕੀਤਾ ਹੈ ਕਿ ਸਰਕਾਰੀ ਦਫ਼ਤਰਾਂ ਵਿੱਚ ਹੋਰ ਭਾਸ਼ਾਵਾਂ ਦੇ ਨਾਲ-ਨਾਲ ਪੰਜਾਬੀ ਭਾਸ਼ਾ ਨੂੰ ਵੀ ਤਰਜੀਹ ਦਿੱਤੀ ਜਾਵੇ।
'ਪੰਜਾਬੀ ਭਾਸ਼ਾ ਦੇ ਹੱਕ ਦੀ ਰੱਖਿਆ'
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਮਸ਼ੇਰ ਸਿੰਘ ਪੱਧਰੀ ਨੇ ਕਿਹਾ ਕਿ, 'ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਆਪਣੀ ਗੱਲ ਦੀ ਸ਼ੁਰੂਆਤ ਕਰਦੇ ਹਨ ਅਤੇ ਅੱਜ ਉਹ ਅੰਮ੍ਰਿਤਸਰ ਦੇ ਡੀਸੀ ਦਫ਼ਤਰ ਇਸ ਲਈ ਪਹੁੰਚੇ ਹਨ ਤਾਂ ਜੋ ਸਰਕਾਰੀ ਵਿਭਾਗਾਂ ਵਿੱਚ ਪੰਜਾਬੀ ਭਾਸ਼ਾ ਦੇ ਹੱਕ ਦੀ ਰੱਖਿਆ ਕੀਤੀ ਜਾ ਸਕੇ।'
'ਪੰਜਾਬ ਵਿੱਚ ਸਭ ਤੋਂ ਪਹਿਲਾਂ ਪੰਜਾਬੀ ਲਾਜ਼ਮੀ'
ਸ਼ਮਸ਼ੇਰ ਸਿੰਘ ਪੱਧਰੀ ਨੇ ਕਿਹਾ ਕਿ ਪੂਰੇ ਪੰਜਾਬ, ਖਾਸ ਕਰਕੇ ਅੰਮ੍ਰਿਤਸਰ ਵਿੱਚ ਕਈ ਸੈਂਟਰਲ ਅਤੇ ਰਾਜ ਸਰਕਾਰ ਦੇ ਦਫ਼ਤਰਾਂ ਵਿੱਚ ਲੋਕਾਂ ਨਾਲ ਸਿੱਧਾ ਸੰਪਰਕ ਰੱਖਣ ਵਾਲੇ ਕਰਮਚਾਰੀ ਹਿੰਦੀ ਭਾਸ਼ਾ ਦੀ ਵਰਤੋਂ ਕਰ ਰਹੇ ਹਨ। ਕਈ ਥਾਵਾਂ ’ਤੇ ਪੰਜਾਬੀ ਬੋਲਣ, ਪੜ੍ਹਨ ਜਾਂ ਸਮਝਣ ਤੋਂ ਇਨਕਾਰ ਕੀਤਾ ਜਾਂਦਾ ਹੈ, ਜੋ ਕਿ ਸੂਬੇ ਦੀ ਮਾਤ ਭਾਸ਼ਾ ਦੇ ਅਪਮਾਨ ਦੇ ਬਰਾਬਰ ਹੈ। ਵੱਡੇ ਡਾਕਖਾਨੇ ਦੀ ਵਾਇਰਲ ਵੀਡੀਓ ਦਾ ਹਵਾਲਾ ਦਿੰਦਿਆਂ ਕਿਹਾ ਕਿ ਉੱਥੇ ਲੱਗੇ ਬੋਰਡ ਸਿਰਫ਼ ਅੰਗਰੇਜ਼ੀ ਵਿੱਚ ਹਨ, ਜਦਕਿ ਪੰਜਾਬ ਵਿੱਚ ਸਭ ਤੋਂ ਪਹਿਲਾਂ ਪੰਜਾਬੀ ਹੋਣੀ ਚਾਹੀਦੀ ਹੈ।
"ਜੇ ਕੋਈ ਕਰਮਚਾਰੀ ਦੂਜੇ ਸੂਬੇ ਤੋਂ ਬਦਲੀ ਹੋ ਕੇ ਪੰਜਾਬ ਆਉਂਦਾ ਹੈ ਤਾਂ ਉਸ ਲਈ ਇਥੋਂ ਦੀ ਲੋਕਲ ਭਾਸ਼ਾ ਜਾਣਨੀ ਲਾਜ਼ਮੀ ਹੋਣੀ ਚਾਹੀਦੀ ਹੈ। ਸੰਵਿਧਾਨ ਦੇ ਆਰਟੀਕਲ 29 ਅਤੇ 350-ਏ ਅਧੀਨ ਪੰਜਾਬੀ ਭਾਸ਼ਾ ਦੀ ਰੱਖਿਆ ਕਰਨਾ ਸਾਡਾ ਅਧਿਕਾਰ ਹੈ ਅਤੇ ਇਸ ਲਈ ਅਸੀਂ ਹਰ ਪੱਧਰ ’ਤੇ ਆਪਣਾ ਸਟੈਂਡ ਲੈਂਦੇ ਰਹਾਂਗੇ।" - ਸ਼ਮਸ਼ੇਰ ਸਿੰਘ ਪੱਧਰੀ, ਅਕਾਲੀ ਦਲ ਵਾਰਸ ਪੰਜਾਬ
'ਸਰਕਾਰੀ ਦਫ਼ਤਰਾਂ ਵਿੱਚ ਬੋਰਡ ਪਹਿਲਾਂ ਪੰਜਾਬੀ ਹੋਣਾ ਚਾਹੀਦਾ ਹੈ'
ਸ਼ਮਸ਼ੇਰ ਸਿੰਘ ਪੱਧਰੀ ਨੇ ਮੰਗ ਕੀਤੀ ਕਿ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਬੋਰਡ ਪਹਿਲਾਂ ਪੰਜਾਬੀ, ਫਿਰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਗਾਏ ਜਾਣ। ਨਾਲ ਹੀ ਕਾਊਂਟਰਾਂ ’ਤੇ ਤਾਇਨਾਤ ਕਰਮਚਾਰੀਆਂ ਨੂੰ ਪੰਜਾਬੀ ਬੋਲਣ, ਪੜ੍ਹਨ ਅਤੇ ਲਿਖਣ ਦੀ ਪੂਰੀ ਸਮਝ ਹੋਣੀ ਚਾਹੀਦੀ ਹੈ।
'ਪੰਜਾਬੀ ਨੂੰ ਉਸ ਦਾ ਹੱਕ ਮਿਲਣਾ ਬਹੁਤ ਜ਼ਰੂਰੀ ਹੈ'
ਸ਼ਮਸ਼ੇਰ ਸਿੰਘ ਪੱਧਰੀ ਨੇ ਦੱਸਿਆ ਹੈ ਕਿ "ਉਨ੍ਹਾਂ ਨੂੰ ਡੀਸੀ ਦਫ਼ਤਰ ਵਿੱਚ ਹੋਈ ਮੀਟਿੰਗ ਦੌਰਾਨ ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਦਫ਼ਤਰਾਂ ਦੇ ਅੰਦਰ ਅਤੇ ਬਾਹਰ ਬੋਰਡ ਪੰਜਾਬੀ ਵਿੱਚ ਲਗਾਏ ਜਾਣਗੇ। ਲੋਕਾਂ ਨਾਲ ਪੰਜਾਬੀ ਵਿੱਚ ਹੀ ਡੀਲਿੰਗ ਕੀਤੀ ਜਾਵੇਗੀ।" ਸ਼ਮਸ਼ੇਰ ਸਿੰਘ ਪੱਧਰੀ ਨੇ ਕਿਹਾ ਕਿ ਸਾਨੂੰ ਕਿਸੇ ਹੋਰ ਭਾਸ਼ਾ ਨਾਲ ਕੋਈ ਦਿੱਕਤ ਨਹੀਂ ਪਰ ਪੰਜਾਬੀ ਨੂੰ ਉਸ ਦਾ ਹੱਕ ਮਿਲਣਾ ਬਹੁਤ ਜਰੂਰੀ ਹੈ ਕਿਉਂਕਿ ਇਹ ਪੰਜਾਬ ਦੀ ਪਹਿਚਾਣ ਅਤੇ ਮਾਣ ਹੈ।

