ETV Bharat / state

ਵਿਖਰੇ ਅਕਾਲੀ ਦਲ ਨੂੰ ਇਕੱਠਾ ਹੋਣ ਦਾ ਸੱਦਾ, ਪੰਥਕ ਏਕਤਾ ਨੂੰ ਮਜ਼ਬੂਤ ਕਰਨ ਦਾ ਦਾਅਵਾ

ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਪੰਥਕ ਏਕਤਾ ਲਈ ਸਭ ਨੂੰ ਸੱਦਾ ਦਿੱਤਾ ਗਿਆ ਹੈ ਤਾਂ ਜੋ ਸਿਆਸੀ ਪਿੜ ਵਿੱਚ ਵਾਪਸੀ ਹੋ ਸਕੇ।

PANTHIC PARTY UNITY ESSENTIAL
ਵਿਖਰੇ ਅਕਾਲੀ ਦਲ ਨੂੰ ਇਕੱਠਾ ਹੋਣ ਦਾ ਸੱਦਾ (ETV BHARAT)
author img

By ETV Bharat Punjabi Team

Published : January 3, 2026 at 10:13 AM IST

2 Min Read
Choose ETV Bharat

ਪਟਿਆਲਾ: ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸੀਨੀਅਰ ਨੇਤਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਵਿੱਚ ਪੰਥਕ ਏਕਤਾ ਦੀ ਲੋੜ ਉੱਤੇ ਜ਼ੋਰ ਦਿੱਤਾ। ਇਸ ਦੌਰਾਨ ਉਨ੍ਹਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਨਵੇਂ ਜ਼ਿਲ੍ਹਾ ਪ੍ਰਧਾਨ ਪਟਿਆਲਾ, ਰਣਧੀਰ ਸਿੰਘ ਰੱਖੜਾ ਦੀ ਤਾਜਪੋਸ਼ੀ ਕਰਦਿਆਂ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦਾ ਦਾਅਵਾ ਕੀਤਾ ਗਿਆ।

ਪ੍ਰੇਮ ਸਿੰਘ ਚੰਦੂਮਾਜਰਾ,ਆਗੂ, ਅਕਾਲੀ ਦਲ ਪੁਨਰ-ਸੁਰਜੀਤ (ETV BHARAT)

'ਪੰਥਕ ਪਾਰਟੀਆਂ ਨੂੰ ਇਕੱਠੇ ਹੋਣ ਦਾ ਸੱਦਾ'
ਪ੍ਰੋਫੈਸਰ ਚੰਦੂ ਮਾਜਰਾ ਨੇ ਕਿਹਾ ਕਿ, 'ਪੰਥਕ ਤਾਕਤਾਂ ਵਿੱਚ ਚੱਲ ਰਹੀ ਫੁੱਟ ਦਾ ਲਾਹਾ ਪੰਥ ਵਿਰੋਧੀ ਸ਼ਕਤੀਆਂ ਲੈ ਰਹੀਆਂ ਹਨ। ਅੱਜ ਪੰਥਕ ਏਕਤਾ ਪੰਜਾਬ ਦੀ ਸਭ ਤੋਂ ਵੱਡੀ ਲੋੜ ਹੈ। ਇਸ ਸਬੰਧ ਵਿੱਚ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 2 ਦਸੰਬਰ 2024 ਨੂੰ ਜਾਰੀ ਕੀਤੇ ਗਏ ਹੁਕਮਾਂ ਦੇ ਅਨੁਸਾਰ ਸਾਰੀਆਂ ਪੰਥਕ ਪਾਰਟੀਆਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਤਾਂ ਜੋ ਤਰਨ ਤਾਰਨ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਾਂਗ ਪੰਥਕ ਪਾਰਟੀਆਂ ਨੂੰ ਨੁਕਸਾਨ ਨਾ ਝੱਲਣਾ ਪਵੇ'


'ਅੱਗੇ ਆਉਣ ਦੀ ਅਪੀਲ'
ਪ੍ਰੋਫੈਸਰ ਚੰਦੂ ਮਾਜਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਮੂਹ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇੱਕ ਮੰਚ ’ਤੇ ਆਉਣ ਦਾ ਸੁਨੇਹਾ ਦਿੱਤਾ ਅਤੇ ਇਸ ਦੇ ਨਾਲ-ਨਾਲ ਐਸਜੀਪੀਸੀ ਦੇ ਪ੍ਰਧਾਨ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰਾਂ ਨੂੰ ਵੀ ਇਕਜੁੱਟ ਹੋ ਕੇ ਪੰਥਕ ਮਸਲਿਆਂ ਦੇ ਹੱਲ ਲਈ ਅੱਗੇ ਆਉਣ ਦੀ ਅਪੀਲ ਕੀਤੀ।



ਅੱਜ ਪੰਥ ਲਈ ਬੰਦੀ ਸਿੱਖਾਂ ਦੀ ਰਿਹਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਅਲੋਪ ਹੋਏ ਸਰੂਪਾਂ ਦੇ ਮਾਮਲੇ ਉੱਤੇ ਗੰਭੀਰਤਾ ਨਾਲ ਚਰਚਾ ਕਰਕੇ ਹੱਲ ਕੱਢਣਾ ਬਹੁਤ ਜ਼ਰੂਰੀ ਹੈ ਤਾਂ ਜੋ ਵਿਸ਼ਵ ਭਰ ਵਿੱਚ ਵਸਦੇ ਸਿੱਖਾਂ ਦੇ ਮਨਾਂ ਵਿੱਚ ਪੈਦਾ ਹੋਈਆਂ ਸ਼ੰਕਾਵਾਂ ਨੂੰ ਦੂਰ ਕੀਤਾ ਜਾ ਸਕੇ। ਸਿਰਫ਼ ਵਿਸ਼ਵ ਪੰਥਕ ਕਨਵੈਨਸ਼ਨ ਰਾਹੀਂ ਹੀ ਅਕਾਲੀ ਦਲ ਅਤੇ ਪੰਥ ਵਿੱਚ ਇਕਜੁੱਟਤਾ ਆ ਸਕਦੀ ਹੈ, ਜਿਸ ਤੋਂ ਬਾਅਦ ਪੰਥਕ ਮਸਲਿਆਂ ਦਾ ਢੁੱਕਵਾਂ ਹੱਲ ਸੰਭਵ ਹੋ ਸਕੇਗਾ।-ਪ੍ਰੇਮ ਸਿੰਘ ਚੰਦੂਮਾਜਰਾ, ਆਗੂ, ਅਕਾਲੀ ਦਲ ਪੁਨਰ-ਸੁਰਜੀਤ

'ਸਰਕਾਰ ਉੱਤੇ ਸਵਾਲ'

ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਸੈਸ਼ਨ ਬੁਲਾਏ ਜਾਣ ’ਤੇ ਵੀ ਸਵਾਲ ਖੜੇ ਕੀਤੇ। ਉਨ੍ਹਾਂ ਕਿਹਾ ਕਿ ਮਨਰੇਗਾ ਵਰਗੇ ਅਹਿਮ ਮੁੱਦਿਆਂ ਉੱਤੇ ਪਹਿਲਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੀ ਸਾਂਝੀ ਮੀਟਿੰਗ ਹੋਣੀ ਚਾਹੀਦੀ ਹੈ ਅਤੇ ਉਸ ਤੋਂ ਬਾਅਦ ਇਕੱਠੇ ਹੋ ਕੇ ਗਰੀਬਾਂ ਦੇ ਹੱਕ ਲਈ ਲੜਾਈ ਲੜੀ ਜਾਣੀ ਚਾਹੀਦੀ ਹੈ।