ਏਅਰ ਐਂਬੂਲੈਂਸ ਜਹਾਜ਼ ਹਾਦਸਾ: ਅੰਮ੍ਰਿਤਸਰ ਦੇ ਪਾਇਲਟ ਸਵਰਾਜਦੀਪ ਸਿੰਘ ਦੀ ਮੌਤ, ਸਦਮੇ ’ਚ ਪਰਿਵਾਰ
ਰਾਂਚੀ ਤੋਂ ਦਿੱਲੀ ਵੱਲ ਜਾ ਰਿਹਾ ਏਅਰ ਐਂਬੂਲੈਂਸ ਜਹਾਜ਼ ਝਾਰਖੰਡ ਦੇ ਨਜ਼ਦੀਕ ਹੋਇਆ ਕਰੈਸ਼, ਅੰਮ੍ਰਿਤਸਰ ਦੇ ਪਾਇਲਟ ਸਵਰਾਜਦੀਪ ਸਿੰਘ ਸਮੇਤ 7 ਲੋਕਾਂ ਦੀ ਹੋਈ ਮੌਤ।

Published : February 24, 2026 at 4:36 PM IST
ਅੰਮ੍ਰਿਤਸਰ: ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਸਥਿਤ ਗੋਬਿੰਦ ਨਗਰ ਇਲਾਕੇ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਇੱਥੋਂ ਦੇ ਰਹਿਣ ਵਾਲੇ ਪਾਇਲਟ ਸਵਰਾਜਦੀਪ ਸਿੰਘ ਦੀ ਏਅਰ ਐਂਬੂਲੈਂਸ ਜਹਾਜ਼ ਹਾਦਸੇ ਵਿੱਚ ਮੌਤ ਦੀ ਦੁਖਦਾਈ ਖ਼ਬਰ ਸਾਹਮਣੇ ਆਈ। ਦਰਾਅਸਰ ਰਾਂਚੀ ਤੋਂ ਦਿੱਲੀ ਵੱਲ ਜਾ ਰਿਹਾ ਏਅਰ ਐਂਬੂਲੈਂਸ ਜਹਾਜ਼ ਝਾਰਖੰਡ ਦੇ ਨਜ਼ਦੀਕ ਕਰੈਸ਼ ਹੋ ਗਿਆ, ਜਿਸ ਵਿੱਚ ਪਾਇਲਟ ਸਵਰਾਜਦੀਪ ਸਿੰਘ ਸਮੇਤ ਸੱਤ ਹੋਰ ਕਰੂ ਮੈਂਬਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪਰਿਵਾਰ ’ਤੇ ਟੁੱਟਾਂ ਦੁੱਖਾਂ ਦਾ ਪਹਾੜ
ਜਾਣਕਾਰੀ ਅਨੁਸਾਰ ਇਹ ਏਅਰ ਐਂਬੂਲੈਂਸ ਇੱਕ ਮਰੀਜ਼ ਨੂੰ ਲੈ ਕੇ ਰਾਂਚੀ ਤੋਂ ਦਿੱਲੀ ਆ ਰਹੀ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਜਹਾਜ਼ ਵਿੱਚ ਸਵਾਰ ਕਿਸੇ ਵੀ ਵਿਅਕਤੀ ਨੂੰ ਬਚਾਇਆ ਨਹੀਂ ਜਾ ਸਕਿਆ। ਇਸ ਮੌਕੇ ’ਤੇ ਕੌਂਸਲਰ ਇੰਦਰਜੀਤ ਸਿੰਘ ਪੰਡੋਰੀ ਨੇ ਦੱਸਿਆ ਕਿ "ਸਵਰਾਜਦੀਪ ਸਿੰਘ ਨੇ ਲੱਗਭਗ ਡੇਢ ਸਾਲ ਪਹਿਲਾਂ ਹੀ ਪਾਇਲਟ ਵੱਜੋਂ ਆਪਣੀ ਡਿਊਟੀ ਸ਼ੁਰੂ ਕੀਤੀ ਸੀ ਅਤੇ 2 ਸਾਲ ਪਹਿਲਾਂ ਹੀ ਉਸਦਾ ਵਿਆਹ ਹੋਇਆ ਸੀ, ਜਿਸ ਦਾ ਇੱਕ ਪੁੱਤਰ ਹੈ। ਹਾਦਸੇ ਦੀ ਖ਼ਬਰ ਮਿਲਦੇ ਹੀ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਸਵਰਾਜਦੀਪ ਸਿੰਘ ਬਹੁਤ ਹੀ ਨੇਕ ਦਿਲ ਅਤੇ ਮਿਲਣਸਾਰ ਨੌਜਵਾਨ ਸੀ।"

ਮਾਂ-ਪਿਓ ਲਈ ਵੱਡਾ ਦਰਦ
ਸਥਾਨਕ ਵਾਸੀ ਕਰਨਵੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਘਟਨਾ ਬੇਹੱਦ ਦੁਖਦਾਈ ਹੈ। ਨੌਜਵਾਨ ਪੁੱਤਰ ਦਾ ਇਸ ਤਰ੍ਹਾਂ ਦੁਨੀਆ ਤੋਂ ਚਲੇ ਜਾਣਾ ਮਾਂ-ਪਿਓ ਲਈ ਨਾ ਸਹਿਣਯੋਗ ਦਰਦ ਹੁੰਦਾ ਹੈ। ਹਾਦਸੇ ਤੋਂ ਕੁਝ ਘੰਟੇ ਪਹਿਲਾਂ ਸਵਰਾਜਦੀਪ ਸਿੰਘ ਨੇ ਘਰ ਫੋਨ ਕਰਕੇ ਕਿਹਾ ਸੀ ਕਿ ਉਹ ਰਾਂਚੀ ਤੋਂ ਦਿੱਲੀ ਜਾ ਰਹੇ ਹਨ ਅਤੇ ਪਹੁੰਚ ਕੇ ਦੁਬਾਰਾ ਫੋਨ ਕਰਨਗੇ। ਪਰ ਜਦੋਂ 2 ਘੰਟਿਆਂ ਬਾਅਦ ਪਰਿਵਾਰ ਨੇ ਸੰਪਰਕ ਕੀਤਾ ਤਾਂ ਫੋਨ ਨਹੀਂ ਲੱਗਿਆ। ਬਾਅਦ ਵਿੱਚ ਮੀਡੀਆ ਰਾਹੀਂ ਜਹਾਜ਼ ਕਰੈਸ਼ ਦੀ ਖ਼ਬਰ ਮਿਲੀ ਅਤੇ ਕੰਪਨੀ ਵੱਲੋਂ ਈ-ਮੇਲ ਰਾਹੀਂ ਮੌਤ ਦੀ ਪੁਸ਼ਟੀ ਕੀਤੀ ਗਈ।
ਮੁਹੱਲੇ ਅਤੇ ਸ਼ਹਿਰ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਾਰ-ਵਾਰ ਹੋ ਰਹੇ ਜਹਾਜ਼ੀ ਹਾਦਸਿਆਂ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਜਹਾਜ਼ੀ ਸੁਰੱਖਿਆ ਮਿਆਰਾਂ ਦੀ ਪੂਰੀ ਜਾਂਚ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਦਰਦਨਾਕ ਘਟਨਾਵਾਂ ਤੋਂ ਬਚਿਆ ਜਾ ਸਕੇ। ਇਸ ਵੇਲੇ ਪੂਰਾ ਇਲਾਕਾ ਸੋਗ ਵਿੱਚ ਡੁੱਬਿਆ ਹੋਇਆ ਹੈ ਅਤੇ ਹਰ ਅੱਖ ਨਮੀ ਨਾਲ ਭਰੀ ਹੋਈ ਹੈ।

ਰਾਂਚੀ ਵਿਖੇ ਵਾਪਰਿਆ ਹਾਦਸਾ
ਝਾਰਖੰਡ ਦੇ ਚਤਰਾ ਜ਼ਿਲ੍ਹੇ ਵਿੱਚ ਸੋਮਵਾਰ ਰਾਤ ਇੱਕ ਭਿਆਨਕ ਹਵਾਈ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਏਅਰ ਐਂਬੂਲੈਂਸ ਦੇ ਕਰੈਸ਼ ਹੋਣ ਕਾਰਨ ਸਵਾਰ ਸਾਰੇ 7 ਲੋਕਾਂ ਦੀ ਮੌਤ ਹੋ ਗਈ। ਇਹ ਜਹਾਜ਼ ਰਾਂਚੀ ਤੋਂ ਇੱਕ ਮਰੀਜ਼ ਨੂੰ ਲੈ ਕੇ ਨਵੀਂ ਦਿੱਲੀ ਜਾ ਰਿਹਾ ਸੀ।
ਹਾਦਸੇ ਦਾ ਵੇਰਵਾ
ਰੈੱਡਬਰਡ ਏਅਰਵੇਜ਼ (Redbird Airways) ਦੁਆਰਾ ਸੰਚਾਲਿਤ Beechcraft C90 (ਟੇਲ ਨੰਬਰ VT-AJV) ਜਹਾਜ਼ ਨੇ ਰਾਂਚੀ ਦੇ ਬਿਰਸਾ ਮੁੰਡਾ ਹਵਾਈ ਅੱਡੇ ਤੋਂ ਸ਼ਾਮ 7:11 ਵਜੇ ਉਡਾਣ ਭਰੀ ਸੀ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA) ਅਨੁਸਾਰ: ਜਹਾਜ਼ ਦਾ ਰਾਤ 7:34 ਵਜੇ ਕੋਲਕਾਤਾ ਏਅਰ ਟ੍ਰੈਫਿਕ ਕੰਟਰੋਲ ਨਾਲੋਂ ਸੰਪਰਕ ਟੁੱਟ ਗਿਆ। ਇਹ ਹਾਦਸਾ ਵਾਰਾਣਸੀ ਤੋਂ ਲਗਭਗ 100 ਨੌਟੀਕਲ ਮੀਲ ਦੱਖਣ-ਪੂਰਬ ਵਿੱਚ, ਚਤਰਾ ਦੇ ਸਿਮਰੀਆ ਨੇੜੇ ਜੰਗਲਾਂ ਵਿੱਚ ਵਾਪਰਿਆ। ਹਾਦਸੇ ਦੀ ਖ਼ਬਰ ਰਾਤ ਕਰੀਬ 10:20 ਵਜੇ ਮਿਲੀ।
ਕੌਣ-ਕੌਣ ਸਨ ਸਵਾਰ?
ਇਸ ਮੰਦਭਾਗੀ ਘਟਨਾ ਵਿੱਚ ਜਹਾਜ਼ ਵਿੱਚ ਸਵਾਰ ਸਾਰੇ 7 ਵਿਅਕਤੀਆਂ ਦੀ ਜਾਨ ਚਲੀ ਗਈ ਹੈ, ਜਿਨ੍ਹਾਂ ਵਿੱਚ ਸ਼ਾਮਲ ਸਨ:
ਪਾਇਲਟ ਅਤੇ ਕੋ-ਪਾਇਲਟ
ਮਰੀਜ਼
ਮਰੀਜ਼ ਦੇ ਪਰਿਵਾਰਕ ਮੈਂਬਰ ਅਤੇ ਮੈਡੀਕਲ ਸਟਾਫ

