ਦਿੱਲੀ NCR 'ਚ H1N1 ਦਾ ਕਹਿਰ, ਪੰਜਾਬ ਸਿਹਤ ਮਹਿਕਮਾ ਵੀ ਚੌਕਸ, ਲੋਕਾਂ ਨੂੰ ਦਿੱਤੀ ਇਹ ਸਲਾਹ
ਦਿੱਲੀ ਐਨਸੀਆਰ ਦੇ ਵਿੱਚ h1n1 ਦੇ ਕੇਸ ਵਧਣ ਤੋਂ ਬਾਅਦ ਪੰਜਾਬ ਸਿਹਤ ਮਹਿਕਮਾ ਵੀ ਚੌਕਸ। ਲੋਕਾਂ ਨੂੰ ਵਿਭਾਗ ਵੱਲੋਂ ਸੁਚੇਤ ਕੀਤਾ ਜਾ ਰਿਹਾ ਹੈ।


Published : August 28, 2026 at 8:35 PM IST
ਲੁਧਿਆਣਾ: ਦੇਸ਼ ਦੇ ਵਿੱਚ ਸਵਾਈਨ ਫਲੂ ਦੇ ਕੇਸ ’ਤੇ ਤੇਜ਼ੀ ਨਾਲ ਵਧੇ ਹਨ ਜਿਸ ਕਰਕੇ ਇਸ ਦਾ ਅਸਰ ਉੱਤਰ ਭਾਰਤ ਦੇ ਵਿੱਚ ਵੀ ਵਿਖਾਈ ਦੇ ਰਿਹਾ ਹੈ। ਦਿੱਲੀ ਐਨਸੀਆਰ ਦੇ ਵਿੱਚ 3000 ਤੋਂ ਵੱਧ ਕੇਸ ਆ ਚੁੱਕੇ ਹਨ ਜਿਸ ਦੇ ਕਰਕੇ ਪੰਜਾਬ ਦੇ ਵਿੱਚ ਵੀ ਸਿਹਤ ਮਹਿਕਮੇ ਵੱਲੋਂ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਸਬੰਧੀ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਡਾਕਟਰਾਂ ਦੇ ਨਾਲ ਲੁਧਿਆਣਾ ਦੀ ਸਿਵਲ ਸਰਜਨ ਦੀ ਬੈਠਕ ਹੋਈ ਜਿਸ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਇਸ 'ਤੇ ਚਿੰਤਾ ਵੀ ਜ਼ਾਹਰ ਕੀਤੀ ਗਈ ਅਤੇ ਨਾਲ ਹੀ ਲੋਕਾਂ ਨੂੰ ਵੀ ਸੁਚੇਤ ਰਹਿਣ ਲਈ ਕਿਹਾ ਗਿਆ।
ਸਿਹਤ ਮਹਿਕਮੇ ਵਿੱਚ ਮੱਚਿਆ ਹੜਕੰਪ !
ਲੁਧਿਆਣਾ ਦੀ ਸਿਵਲ ਸਰਜਨ ਨੇ ਦੱਸਿਆ ਕਿ "ਜਨਵਰੀ ਤੋਂ ਲੈ ਕੇ ਅਗਸਤ ਮਹੀਨੇ ਤੱਕ 35 ਕੇਸ ਲੁਧਿਆਣਾ ਦੇ ਵਿੱਚ ਐਚ1ਐਨ1 ਫਲੂ ਦੇ ਆ ਚੁੱਕੇ ਹਨ। ਇਕੱਲੇ ਅਗਸਤ ਮਹੀਨੇ ਦੇ ਵਿੱਚ ਹੀ 20 ਕੇਸ ਰਿਪੋਰਟ ਹੋਏ ਹਨ ਕਿਉਂਕਿ ਇਹ ਮੌਸਮ ਵਾਇਰਸ ਫੈਲਣ ਲਈ ਢੁਕਵਾਂ ਹੁੰਦਾ ਹੈ। ਹਵਾ ਦੇ ਵਿੱਚ ਨਵੀਂ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਅਗਸਤ ਮਹੀਨੇ ਵਿੱਚ ਜ਼ਿਆਦਾ ਕੇਸ ਆਉਂਦੇ ਹਨ। ਵੈਸੇ ਤਾਂ ਇਸ ਦੇ ਵਿੱਚ ਆਮ ਹੀ ਲੱਛਣ ਹਨ ਬੁਖਾਰ ਹੋਣਾ ਸਿਰ ਦਰਦ ਹੋਣਾ ਆਦਿ ਸ਼ਾਮਲ ਹੈ। ਡੀਐਮਸੀ ਅਤੇ ਸਿਵਲ ਹਸਪਤਾਲਾਂ ਦੇ ਵਿੱਚ ਵੀ ਇਸ ਦੀ ਸੈਂਪਲਿੰਗ ਹੋ ਰਹੀ ਹੈ। ਲੁਧਿਆਣਾ ਸਿਵਲ ਹਸਪਤਾਲ ਵਿੱਚ ਵੀ ਆਈਸੋਲੇਸ਼ਨ ਵਾਰਡ ਦਾ ਪ੍ਰਬੰਧ ਕੀਤਾ ਗਿਆ। ਸਿਹਤ ਮਹਿਕਮੇ ਵੱਲੋਂ ਪਹਿਲਾਂ ਹੀ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।"
"ਘਬਰਾਉਣ ਦੀ ਲੋੜ ਨਹੀਂ ਪਰ ਜਾਗਰੂਕ ਹੋਣ ਦੀ ਲੋੜ ਜ਼ਰੂਰ ਹੈ। ਜਿਸ ਤਰ੍ਹਾਂ ਲੋਕਾਂ ਨੇ ਕਰੋਨਾ ਦੇ ਸਮੇਂ ਨਿਯਮਾਂ ਪਾਲਣਾ ਕੀਤੀ ਸੀ ਮਾਸਕ ਲਗਾਉਂਦੇ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਦੇ ਸਨ। ਸਵਾਈਨ ਫਲੂ ਦੇ ਵਿੱਚ ਵੀ ਅਜਿਹੇ ਹੀ ਜ਼ਰੂਰੀ ਇਤਿਹਾਤ ਵਰਤਣ ਦੀ ਲੋੜ ਪੈਂਦੀ। ਫਿਲਹਾਲ ਜਿਹੜੇ ਵੀ ਕੇਸ ਆਏ ਹਨ ਉਨ੍ਹਾਂ ਵਿੱਚ ਕੋਈ ਗੰਭੀਰ ਨਹੀਂ ਹੈ ਨਾ ਹੀ ਕਿਸੇ ਦੀ ਮੌਤ ਹੋਈ ਹੈ। ਕਿਉਂਕਿ ਇਹ ਵਾਇਰਸ ਅਜਿਹੇ ਮੌਸਮ ਦੇ ਵਿੱਚ ਕਾਫੀ ਵੱਧਦਾ ਹੈ ਇਸ ਕਰਕੇ ਕੇਸ ਕਾਫੀ ਹੁਣ ਵਧੇ ਹਨ ਪਰ ਸਿਹਤ ਮਹਿਕਮਾ ਅਜਿਹੇ ਹਲਾਤਾਂ ਦੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।"-ਡਾਕਟਰ ਰਮਨਦੀਪ ਕੌਰ,ਸਿਵਲ ਸਰਜਨ ਲੁਧਿਆਣਾ
ਸਿਵਲ ਸਰਜਨ ਦੀ ਲੋਕਾਂ ਨੂੰ ਸਲਾਹ
ਸਿਵਲ ਸਰਜਨ ਲੁਧਿਆਣਾ ਦੇ ਦੱਸਿਆ ਕਿ "ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਜ਼ਿਆਦਾ ਭੀੜ ਵਾਲੇ ਇਲਾਕਿਆਂ ਦੇ ਵਿੱਚ ਜਾਣ ਤੋਂ ਗੁਰੇਜ਼ ਕਰਨ। ਜੇਕਰ ਜਾਣਾ ਜ਼ਰੂਰੀ ਹੈ ਤਾਂ ਮਾਸਕ ਦਾ ਇਸਤੇਮਾਲ ਕਰਨਾ। ਇਹ ਗੱਲ ਜ਼ਰੂਰ ਲੋਕ ਧਿਆਨ ਵਿੱਚ ਰੱਖਣ ਕਿ ਬਿਨਾਂ ਡਾਕਟਰ ਦੀ ਸਲਾਹ ਤੋਂ ਕਿਸੇ ਤਰ੍ਹਾਂ ਦੀ ਮੈਡੀਸਨ ਨਾ ਲੈਣ। ਜਦੋਂ ਵਾਇਰਸ ਹੁੰਦਾ ਹੈ ਤਾਂ ਉਸ ਦੇ ਵਿੱਚ ਕੁਝ ਨਾ ਕੁਝ ਨਵੀਆਂ ਤਬਦੀਲੀਆਂ ਜ਼ਰੂਰ ਹੁੰਦੀਆਂ ਨੇ। ਇਸ ਕਰਕੇ ਡਾਕਟਰ ਦੀ ਸਲਾਹ ਦੇ ਨਾਲ ਹੀ ਦਵਾਈਆਂ ਲੈਣੀਆਂ ਚਾਹੀਦੀਆਂ ਹਨ। ਆਪਣੇ ਆਪ ਐਂਟੀਬਾਇਟਿਕ ਦਵਾਈ ਨਹੀਂ ਲੈਣੀ ਚਾਹੀਦੀ।"

