ETV Bharat / state

‘ਪੰਜਾਬ ਵਿੱਚ ਪੋਟਾਸ਼ ਪਿੱਛੋਂ ਹੁਣ ਕੁਦਰਤੀ ਗੈਸ ਅਤੇ ਤੇਲ ਭੰਡਾਰਾਂ ਦੀਆਂ ਵੱਡੀਆਂ ਸੰਭਾਵਨਾਵਾਂ’

ਮੀਟਿੰਗ ਦੌਰਾਨ ਸੂਬੇ ਵਿੱਚ ਹਾਈਡ੍ਰੋਕਾਰਬਨ ਸਰੋਤਾਂ ਦੀ ਖੋਜ ਸਬੰਧੀ ਸੰਭਾਵਨਾਵਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਵਿਸਥਾਰਿਤ ਪੇਸ਼ਕਾਰੀ ਦਿੱਤੀ ਗਈ।

Punjab has huge potential for natural gas and oil reserves:
ਕੁਦਰਤੀ ਗੈਸ ਅਤੇ ਤੇਲ ਭੰਡਾਰਾਂ ਦੀਆਂ ਵੱਡੀਆਂ ਸੰਭਾਵਨਾਵਾਂ (DPRO PUNJAB)
author img

By ETV Bharat Punjabi Team

Published : April 28, 2026 at 11:40 AM IST

3 Min Read
Choose ETV Bharat

ਚੰਡੀਗੜ੍ਹ: ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਪੋਟਾਸ਼ ਦੀ ਖੋਜ ਉਪਰੰਤ ਹੁਣ ਪੰਜਾਬ ਵਿੱਚ ਕੁਦਰਤੀ ਗੈਸ ਅਤੇ ਤੇਲ ਭੰਡਾਰਾਂ ਦੀਆਂ ਵੱਡੀਆਂ ਸੰਭਾਵਨਾਵਾਂ ਹਨ ਅਤੇ ਸੂਬਾ ਸਰਕਾਰ ਵੱਲੋਂ ਇਸ ਪਾਸੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ। ਇਹ ਗੱਲ ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਨੇ ਭਾਰਤ ਸਰਕਾਰ ਦੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਅਧੀਨ ਡਾਇਰੈਕਟਰ ਜਨਰਲ ਆਫ਼ ਹਾਈਡ੍ਰੋਕਾਰਬਨ (ਡੀ.ਜੀ.ਐਚ) ਅਤੇ ਆਇਲ ਇੰਡੀਆ ਲਿਮਟਿਡ (OIL) ਦੇ ਉੱਚ ਅਧਿਕਾਰੀਆਂ ਨਾਲ ਮਗਸੀਪਾ ਵਿਖੇ ਮੁਲਾਕਾਤ ਕਰਨ ਅਤੇ ਪ੍ਰਸਤਾਵਿਤ ਸਰਵੇਖਣ ਨੂੰ ਮੁਕੰਮਲ ਕਰਨ ਸਬੰਧੀ ਸਹਾਇਤਾ ਦੀ ਮੰਗ ਕਰਨ ਉਪਰੰਤ ਆਖੀ।

ਅਜੈ ਕੁਮਾਰ ਸ਼ਰਮਾ (H.O.D.N.D.R.D.G.H) ਦੀ ਅਗਵਾਈ ਵਾਲੀ ਇਸ ਟੀਮ ਵਿੱਚ ਸੁਰੇਂਦਰ ਕੁਮਾਰ ਦਾਸ (D.G.M.D.G.H) ਅਨੂਪ ਕੁਮਾਰ (ਕਾਰਜਕਾਰੀ ਡਾਇਰੈਕਟਰ, ਓ.ਆਈ.ਐਲ) ਰਤਨੇਸ਼ ਪਾਂਡੇ (ਸੁਪਰਿੰਟੈਂਡਿੰਗ ਭੂ ਅਤੇ ਭੌਤਿਕ ਵਿਗਿਆਨੀ, ਓ.ਆਈ.ਐਲ) ਦੁਰਗੇਸ਼ ਦੀਪ ਮਿਸ਼ਰਾ (ਪਾਰਟੀ ਚੀਫ਼, ਏਸ਼ੀਅਨ ਐਨਰਜੀ ਸਰਵਿਸਿਜ਼) ਅਤੇ ਚਮਨ ਸਿੰਘ (ਸਲਾਹਕਾਰ, ਸਿਸਮਿਕ ਓਪਰੇਸ਼ਨ, ਏਸ਼ੀਅਨ ਐਨਰਜੀ ਸਰਵਿਸਿਜ਼) ਸ਼ਾਮਲ ਹੋਏ।

ਮੀਟਿੰਗ ਦੌਰਾਨ ਸੂਬੇ ਵਿੱਚ ਹਾਈਡ੍ਰੋਕਾਰਬਨ ਸਰੋਤਾਂ ਦੀ ਖੋਜ ਸਬੰਧੀ ਸੰਭਾਵਨਾਵਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਵਿਸਥਾਰਿਤ ਪੇਸ਼ਕਾਰੀ ਦਿੱਤੀ ਗਈ। ਅਧਿਕਾਰੀਆਂ ਨੇ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ ਕਿ ਭਾਰਤ ਸਰਕਾਰ ਦੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਨਿਰਦੇਸ਼ਾਂ ਆਇਲ ਇੰਡੀਆ ਲਿਮਟਿਡ ਵੱਲੋਂ ਕੁਦਰਤੀ ਤੇਲ ਅਤੇ ਗੈਸ ਭੰਡਾਰਾਂ ਦੀ ਖੋਜ ਕਰਨ ਲਈ ਇੱਕ 2ਡੀ ਸਿਸਮਿਕ ਸਰਵੇਖਣ ਕੀਤਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ 'ਭਾਰਤ ਸਰਕਾਰ ਦੀ ਉੱਚ-ਪੱਧਰੀ ਵਿਗਿਆਨਕ ਸਲਾਹਕਾਰ ਖੋਜ ਕਮੇਟੀ ਵੱਲੋਂ ਦੇਸ਼ ਭਰ ਦੇ ਉਨ੍ਹਾਂ ਅਣ-ਪਛਾਤੇ ਖੇਤਰਾਂ ਵਿੱਚ ਵਿਆਪਕ ਸਰਵੇਖਣ ਦੀ ਸਿਫਾਰਸ਼ ਕੀਤੀ ਗਈ ਹੈ, ਜਿੱਥੇ ਖਣਿਜਾਂ ਅਤੇ ਪੈਟਰੋਲੀਅਮ ਭੰਡਾਰਾਂ ਸਬੰਧੀ ਹਾਲੇ ਤੱਕ ਕੋਈ ਖੋਜ ਨਹੀਂ ਕੀਤੀ ਗਈ।'

'ਪੰਜਾਬ ਸਰਕਾਰ ਦਾ 'ਮਿਸ਼ਨ ਅਨਵੇਸ਼ਨ'

ਅਜੈ ਸ਼ਰਮਾ ਨੇ ਦੱਸਿਆ ਕਿ ਮੰਤਰਾਲੇ ਨੇ ਪੰਜਾਬ ਦੇ ਜ਼ਿਲ੍ਹਾ ਮੁਕਤਸਰ ਸਾਹਿਬ, ਬਠਿੰਡਾ, ਫ਼ਰੀਦਕੋਟ, ਮੋਗਾ, ਜਲੰਧਰ ਅਤੇ ਕਪੂਰਥਲਾ ਸਣੇ ਰਾਜਸਥਾਨ ਵਿੱਚ ਬਾੜਮੇਰ, ਸੰਚੋਰ, ਜੈਸਲਮੇਰ ਅਤੇ ਬੀਕਾਨੇਰ-ਨਾਗੌਰ ਪੱਤਣਾਂ ਦੇ ਨਾਲ-ਨਾਲ ਗੰਗਾ ਪੱਤਣ ਅਤੇ ਨਾਲ ਲੱਗਦੇ ਪੰਜਾਬ ਦੇ ਖੇਤਰਾਂ ਵਿੱਚ ਸਰਵੇਖਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਉਪ-ਪੱਤਣ (ਸਬ-ਬੇਸਿਨ) ਵਿੱਚ ਲਗਭਗ 169 ਲਾਈਨ ਕਿਲੋਮੀਟਰ ਨੂੰ ਕਵਰ ਕਰਦਿਆਂ ਵੱਡੇ ਪੱਧਰ 'ਤੇ 2ਡੀ ਸਿਸਮਿਕ ਸਰਵੇਖਣ ਕੀਤਾ ਜਾਵੇਗਾ ਅਤੇ ਇਸ ਪਹਿਲਕਦਮੀ ਨੂੰ "ਮਿਸ਼ਨ ਅਨਵੇਸ਼ਨ" ਦਾ ਨਾਮ ਦਿੱਤਾ ਗਿਆ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਪਹਿਲਾ ਸਰਵੇਖਣ ਵਿਗਿਆਨਕ ਅਤੇ ਖੋਜ ਪ੍ਰਕਿਰਤੀ 'ਤੇ ਆਧਾਰਤ ਹੈ ਅਤੇ ਇਸ ਦਾ ਉਦੇਸ਼ ਸਟੀਕ ਭੂ-ਵਿਗਿਆਨਕ ਡੇਟਾ ਤਿਆਰ ਕਰਨਾ ਹੋਵੇਗਾ। ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ 'ਇਹ ਪਹਿਲਕਦਮੀ ਸੂਬੇ ਵਿੱਚ ਤੇਲ ਤੇ ਗੈਸ ਪਦਾਰਥਾਂ ਦਾ ਪਤਾ ਲਾਉਣ ਲਈ ਨਾ ਸਿਰਫ਼ ਖੋਜ ਗਤੀਵਿਧੀਆਂ ਨੂੰ ਤੇਜ਼ ਕਰੇਗੀ, ਸਗੋਂ ਇੱਕ ਵਿਆਪਕ ਭੂ-ਵਿਗਿਆਨਕ ਡੇਟਾ ਬੈਂਕ ਬਣਾਉਣ ਵਿੱਚ ਵੀ ਮਦਦ ਕਰੇਗੀ ਜਿਸ ਨਾਲ ਭਾਰਤ ਦੀ ਵਿਦੇਸ਼ੀ ਊਰਜਾ ਸਰੋਤਾਂ 'ਤੇ ਨਿਰਭਰਤਾ ਘਟੇਗੀ ਅਤੇ ਪੰਜਾਬ ਸਮੇਤ ਬਾਕੀ ਸੂਬਿਆਂ ਲਈ ਆਰਥਿਕ ਵਿਕਾਸ ਦੇ ਨਵੇਂ ਰਾਹ ਖੁੱਲ੍ਹਣਗੇ।'

ਕੁਦਰਤੀ ਸਰੋਤਾਂ ਦੀ ਵਰਤੋਂ

ਕੈਬਨਿਟ ਮੰਤਰੀ ਨੇ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਦੇ ਵਿਕਾਸ ਲਈ ਸਰਵੇਖਣ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਸੂਬੇ ਦੇ ਸਮੁੱਚੇ ਵਿਕਾਸ ਅਤੇ ਖੁਸ਼ਹਾਲੀ ਲਈ ਕੁਦਰਤੀ ਸਰੋਤਾਂ ਦੀ ਵਰਤੋਂ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ 'ਅਜਿਹੇ ਉਪਰਾਲੇ ਨਾ ਸਿਰਫ਼ ਊਰਜਾ ਖੇਤਰ ਨੂੰ ਮਜ਼ਬੂਤ ਕਰਨਗੇ, ਸਗੋਂ ਪੰਜਾਬ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੇ ਨਾਲ-ਨਾਲ ਉਦਯੋਗਿਕ ਵਿਕਾਸ ਨੂੰ ਵੀ ਹੁਲਾਰਾ ਦੇਣਗੇ। ਮੀਟਿੰਗ ਦੌਰਾਨ ਖਣਨ ਅਤੇ ਭੂ-ਵਿਗਿਆਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਜਸਪ੍ਰੀਤ ਤਲਵਾੜ, ਡਾਇਰੈਕਟਰ ਖਣਨ ਅਭਿਜੀਤ ਕਪਲਿਸ਼, ਮੁੱਖ ਇੰਜੀਨੀਅਰ (ਖਣਨ ਅਤੇ ਡਰੇਨੇਜ) ਹਰਦੀਪ ਸਿੰਘ ਮੈਂਦੀਰੱਤਾ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।'