ਅੰਮ੍ਰਿਤਸਰ ਪਹੁੰਚੇ ADGP ਅਰਪਿਤ ਸ਼ੁਕਲਾ ਨੇ ਗੁਰਦਾਸਪੁਰ ਘਟਨਾ 'ਤੇ ਆਖੀ ਇਹ ਵੱਡੀ ਗੱਲ
ਅਰਪਿਤ ਸ਼ੁਕਲਾ ਨੇ ਕਿਹਾ ਕਿ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਪੰਜਾਬ ਭਰ ਵਿੱਚ ਵਿਸ਼ੇਸ਼ ਅਭਿਆਨ ਜਾਰੀ ਹੈ।


Published : February 23, 2026 at 10:39 PM IST
ਅੰਮ੍ਰਿਤਸਰ: ਗੁਰਦਾਸਪੁਰ ਵਿਖੇ ਵਾਪਰੀ ਘਟਨਾ ਤੋਂ ਬਾਅਦ ਏਡੀਜੀਪੀ ਪੰਜਾਬ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਅੰਮ੍ਰਿਤਸਰ ਥਾਣਾ ਘਰਿੰਡਾ ਵਿਖੇ ਪਹੁੰਚੇ ਅਤੇ ਉੱਥੇ ਉਹਨਾਂ ਨੇ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਬਾਅਦ ਵਿੱਚ ਪੁਲਿਸ ਟੀਮਾਂ ਨਾਲ ਮੀਟਿੰਗ ਕਰਕੇ ਚੱਲ ਰਹੇ ਆਪਰੇਸ਼ਨਾਂ ਦੀ ਸਮੀਖਿਆ ਕੀਤੀ। ਇਸ ਤੋਂ ਪਹਿਲਾਂ ਏਡੀਜੀਪੀ ਵੱਲੋਂ ਤਰਨ ਤਾਰਨ ਇਲਾਕੇ ਦਾ ਵੀ ਦੌਰਾ ਕੀਤਾ ਗਿਆ ਸੀ, ਜਿਥੇ ਉਨ੍ਹਾਂ ਵੱਲੋਂ ਸਮੀਖਿਆ ਕੀਤੀ ਗਈ ਸੀ। ਮੀਟਿੰਗ ਤੋਂ ਬਾਅਦ ਉਹਨਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ।
ਗੈਂਗਸਟਰਾਂ ਅਤੇ ਤਸਕਰਾਂ ਖਿਲਾਫ਼ ਐਕਸ਼ਨ
ਅਰਪਿਤ ਸ਼ੁਕਲਾ ਨੇ ਕਿਹਾ ਕਿ "ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਵੱਡੇ ਸਮਗਲਰਾਂ ਖ਼ਿਲਾਫ਼ ਸੂਬਾ ਪੱਧਰੀ ਵਿਸ਼ੇਸ਼ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਕਈ ਥਾਵਾਂ ‘ਤੇ ਵੱਡੇ ਆਪਰੇਸ਼ਨ ਕੀਤੇ ਜਾ ਰਹੇ ਹਨ। ਬਾਰਡਰ ਇਲਾਕਿਆਂ ਵਿੱਚ ਚੱਲ ਰਹੇ ਆਪਰੇਸ਼ਨਾਂ ਦੀ ਸਮੀਖਿਆ ਕਰਨ ਅਤੇ ਸੰਭਾਵਿਤ ਬੋਟਲਨੈਕ ਦੂਰ ਕਰਨ ਲਈ ਇਹ ਦੌਰਾ ਕੀਤਾ ਗਿਆ ਹੈ, ਤਾਂ ਜੋ ਨਸ਼ਿਆਂ ਅਤੇ ਸਮਗਲਿੰਗ ਖ਼ਿਲਾਫ਼ ਮੁਹਿੰਮ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ।"
ਗੁਰਦਾਸਪੁਰ ਘਟਨਾ 'ਤੇ ਬੋਲੇ ਏਡੀਜੀਪੀ
ਇਸ ਦੇ ਨਾਲ ਹੀ ਜਦੋਂ ਪੱਤਰਕਾਰਾਂ ਵੱਲੋਂ ਗੁਰਦਾਸਪੁਰ ਘਟਨਾ ਬਾਰੇ ਉਹਨਾਂ ਤੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ "ਪੁਲਿਸ ਇਸ ਮਾਮਲੇ 'ਚ ਪੂਰੀ ਸਖਤੀ ਦੇ ਨਾਲ ਕਾਰਵਾਈ ਕਰ ਰਹੀ ਹੈ। ਕਿਸੇ ਵੀ ਪੁਲਿਸ ਅਧਿਕਾਰੀ ਜਾਂ ਪੁਲਿਸ ਮੁਲਾਜ਼ਮ ਦਾ ਮੋਰਾਲ ਨਾ ਡਾਊਨ ਹੋਵੇ, ਇਸ ਕਰਕੇ ਉਹ ਖੁਦ ਸੜਕਾਂ 'ਤੇ ਉੱਤਰ ਕੇ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕਰ ਰਹੇ ਹਨ। ਇਹ ਜੋ ਹਾਦਸਾ ਹੋਇਆ ਇਸ ਨੂੰ ਆਈਐਸਆਈ ਜਾਂ ਹੋਰ ਕਿਸੇ ਗੈਂਗ ਨਾਲ ਜੋੜ ਕੇ ਹੀ ਨਹੀਂ ਅਸੀਂ ਦੇਖ ਰਹੇ, ਸਗੋਂ ਉਸ ਨੂੰ ਹਰ ਇੱਕ ਪੱਖ ਤੋਂ ਜਾਂਚ ਕਰ ਰਹੇ ਹਾਂ ਅਤੇ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਇਹ ਹਾਦਸਾ ਕਿਵੇਂ ਹੋਇਆ ਅਤੇ ਉਸ ਦੀ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਪੁਲਿਸ ਵੱਲੋਂ ਜ਼ਰੂਰ ਕੀਤੀ ਜਾਵੇਗੀ।"

ਸਰਹੱਦ 'ਤੇ ਸੁਰੱਖਿਆ ਪ੍ਰਬੰਧ
ਉਹਨਾਂ ਦੱਸਿਆ ਕਿ ਪੰਜਾਬ ਦੇ ਸੱਤ ਜ਼ਿਲ੍ਹੇ ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਹਨ। ਫਾਜ਼ਿਲਕਾ ਤੋਂ ਲੈ ਕੇ ਪਠਾਨਕੋਟ ਤੱਕ ਸੁਰੱਖਿਆ ਦੇ ਵਾਧੂ ਪ੍ਰਬੰਧ ਕੀਤੇ ਗਏ ਹਨ। ਬਾਰਡਰ 'ਤੇ ਹਥਿਆਰ ਅਤੇ ਨਾਰਕੋਟਿਕਸ ਸਮਗਲਿੰਗ ਨੂੰ ਰੋਕਣ ਲਈ ਮਨੁੱਖੀ ਨਫ਼ਰੀ ਵਧਾਈ ਗਈ ਹੈ ਅਤੇ ਸੈਕਿੰਡ ਲਾਈਨ ਆਫ਼ ਡਿਫੈਂਸ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ।
CCTV ਅਤੇ ਐਂਟੀ-ਡਰੋਨ ਸਿਸਟਮ
ਅਰਪਿਤ ਸ਼ੁਕਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 40 ਕਰੋੜ ਰੁਪਏ ਦੀ ਰਕਮ ਮਨਜ਼ੂਰ ਕੀਤੀ ਗਈ ਹੈ, ਜਿਸ ਨਾਲ ਬਾਰਡਰ ਪੱਟੀ ‘ਚ CCTV ਕੈਮਰੇ ਲਗਾਏ ਜਾ ਰਹੇ ਹਨ, ਤਾਂ ਜੋ 24 ਘੰਟੇ ਨਿਗਰਾਨੀ ਯਕੀਨੀ ਬਣਾਈ ਜਾ ਸਕੇ। ਇਸ ਦੇ ਨਾਲ ਹੀ ਐਂਟੀ-ਡਰੋਨ ਸਿਸਟਮ ਵੀ ਸੰਵੇਦਨਸ਼ੀਲ ਇਲਾਕਿਆਂ ‘ਚ ਤਾਇਨਾਤ ਕੀਤੇ ਗਏ ਹਨ ਅਤੇ ਆਉਣ ਵਾਲੇ ਸਮੇਂ ‘ਚ ਹੋਰ ਸਿਸਟਮ ਲਗਾਏ ਜਾਣਗੇ।

ਪੁਲਿਸ ਤੇ ਬੀਐਸਐਫ 'ਚ ਤਾਲਮੇਲ
ਉਹਨਾਂ ਕਿਹਾ ਕਿ ਕਿਸੇ ਵੀ ਵੱਡੀ ਵਾਰਦਾਤ ਦੀ ਜਾਂਚ ਬਹੁਤ ਡੂੰਘਾਈ ਨਾਲ ਕੀਤੀ ਜਾ ਰਹੀ ਹੈ। ਸੀਨੀਅਰ ਅਧਿਕਾਰੀ ਮੌਕੇ ‘ਤੇ ਕੈਂਪ ਕਰਕੇ ਹਰ ਐਂਗਲ ਤੋਂ ਜਾਂਚ ਕਰ ਰਹੇ ਹਨ ਅਤੇ ਜਿਵੇਂ ਹੀ ਤੱਥ ਸਾਹਮਣੇ ਆਉਣਗੇ, ਉਹ ਮੀਡੀਆ ਨਾਲ ਸਾਂਝੇ ਕੀਤੇ ਜਾਣਗੇ। ਪੁਲਿਸ ਮੁਲਾਜ਼ਮਾਂ ਦਾ ਮੋਰਾਲ ਉੱਚਾ ਹੈ ਅਤੇ ਪੰਜਾਬ ਪੁਲਿਸ ਇੱਕ ਦਲੇਰ ਤੇ ਜਾਬਾਜ਼ ਫੋਰਸ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਅਤੇ ਬਾਰਡਰ ਸੁਰੱਖਿਆ ਫੋਰਸ ਦਰਮਿਆਨ ਪੂਰਾ ਤਾਲਮੇਲ ਹੈ ਅਤੇ ਸੈਂਟਰਲ ਤੇ ਸਟੇਟ ਏਜੰਸੀਆਂ ਮਿਲ ਕੇ ਅੰਤਰਰਾਸ਼ਟਰੀ ਸਰਹੱਦ ਦੀ ਪੂਰੀ ਮੁਸਤੈਦੀ ਨਾਲ ਰਾਖੀ ਕਰ ਰਹੀਆਂ ਹਨ।
ਰੈੱਡ ਅਲਰਟ 'ਤੇ ਸਰਹੱਦੀ ਜ਼ਿਲ੍ਹੇ
ਇਸ ਤੋਂ ਪਹਿਲਾਂ ਪੰਜਾਬ ਪੁਲਿਸ ਵਲੋਂ ਗੈਂਗਸਟਰਾਂ ਅਤੇ ਨਸ਼ੇ ਦੇ ਤਸਕਰਾਂ ਵਿਰੁੱਧ ਵਿੱਢੀ ਖਾਸ ਮੁਹਿੰਮ ਦੀ ਸਮੀਖਿਆ ਕਰਨ ਲਈ ਸਪੈਸ਼ਲ ਡੀ.ਜੀ.ਪੀ. ਅਰਪਿਤ ਸ਼ੁਕਲਾ ਵਲੋਂ ਸਰਹੱਦੀ ਏਰੀਏ ਤਰਨਤਾਰਨ ਦਾ ਦੌਰਾ ਕੀਤਾ ਗਿਆ। ਥਾਣਾ ਖਾਲੜਾ ਨੇੜਿਓਂ ਲੰਘਦੀ ਅੱਪਰ ਬਾਰੀ ਦੁਆਬ ਨਹਿਰ 'ਤੇ ਲੱਗੇ ਪੁਲਿਸ ਨਾਕੇ 'ਤੇ ਪੱਤਰਕਾਰਾਂ ਨਾਲ ਰੂਬਰੂ ਹੁੰਦਿਆਂ ਡੀ.ਜੀ.ਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਪੰਜਾਬ ਪੁਲਿਸ ਵਲੋਂ ਗੈਂਗਸਟਰਾਂ ਅਤੇ ਨਸ਼ੇ ਦੇ ਤਸਕਰਾਂ ਵਿਰੁੱਧ ਖਾਸ ਮੁਹਿੰਮ ਆਰੰਭੀ ਗਈ ਹੈ ਅਤੇ ਇਸੇ ਮੁਹਿੰਮ ਦੇ ਤਹਿਤ ਸਾਡੀ ਕਾਰਵਾਈ ਸਮੁੱਚੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਚੱਲ ਰਹੀ ਹੈ ਅਤੇ ਖਾਸ ਤੌਰ 'ਤੇ ਸਰਹੱਦੀ ਖੇਤਰ ਵਿਚ ਰੈਡ ਅਲਰਟ ਐਲਾਨਿਆ ਗਿਆ ਹੈ, ਤਾਂ ਜੇ ਸਰਹੱਦ ਪਾਰੋਂ ਡਰੋਨਾਂ ਰਾਹੀਂ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਿਆ ਜਾ ਸਕੇ ਅਤੇ ਗੈਂਗਸਟਰਾਂ ਅਤੇ ਨਸ਼ੇ ਦੇ ਤਸਕਰਾਂ ਦੀ ਗਤੀਵਿਧੀਆਂ 'ਤੇ ਲਗਾਮ ਲਗਾਈ ਜਾ ਸਕੇ। ਵੱਖ-ਵੱਖ ਜ਼ਿਲ੍ਹਿਆਂ ਅੰਦਰ ਚੱਲ ਰਹੇ ਆਪਰੇਸ਼ਨਾਂ ਦੀ ਸਮੀਖਿਆ ਕਰਨ ਲਈ ਉਨ੍ਹਾਂ ਵਲੋਂ ਦੌਰਾ ਕੀਤਾ ਗਿਆ ਹੈ। ਸਰਹੱਦੀ ਏਰੀਏ ਨਾਲ ਲੱਗਦੇ ਸੱਤ ਜ਼ਿਲ੍ਹਿਆਂ ਵਿਚ ਬੀ.ਐੱਸ.ਐੱਫ ਨਾਲ ਤਾਲਮੇਲ ਕਰਕੇ ਸੈਕਿੰਡ ਡਿਫੈਂਸ ਲਾਈਨ ਮਜ਼ਬੂਤ ਕੀਤੀ ਜਾ ਰਹੀ ਹੈ ਅਤੇ ਸਰਹੱਦੀ ਖੇਤਰ ਦੇ ਥਾਣਿਆਂ ਅੰਦਰ ਨਫਰੀ ਵਧਾਈ ਜਾ ਰਹੀ।

