ਬਟਾਲਾ ਪ੍ਰੀ ਵੈਡਿੰਗ ਦੀ ਵੀਡੀਓ 'ਚ ਨਜ਼ਰ ਆਏ ਪੁਲਿਸ ਮੁਲਾਜ਼ਮ ਕੀਤੇ ਲਾਈਨ ਹਾਜ਼ਰ
ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਕਰਮਚਾਰੀਆਂ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ ਅਤੇ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ।


Published : February 26, 2026 at 6:25 PM IST
|Updated : February 26, 2026 at 6:34 PM IST
ਗੁਰਦਾਸਪੁਰ: ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਆਮ ਆਦਮੀ ਪਾਰਟੀ ਮਾਰਕੀਟ ਕਮੇਟੀ ਦੇ ਚੇਅਰਮੈਨ ਮਾਣਿਕ ਮਹਿਤਾ ਨੇ ਪੁਲਿਸ ਮੁਲਾਜ਼ਮਾਂ ਨੂੰ ਆਪਣੇ ਪ੍ਰੀ-ਵੈਡਿੰਗ ਸ਼ੂਟ ਵਿੱਚ ਲਿਆ ਹੈ। ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ, ਸਾਬਕਾ ਮੰਤਰੀ ਅਤੇ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਸਵਾਲ ਖੜ੍ਹੇ ਕੀਤੇ ਸਨ।
ਪੁਲਿਸ ਨੇ ਕਾਰਵਾਈ ਦਾ ਦਿੱਤਾ ਭਰੋਸਾ
ਵੀਡੀਓ ਵਿੱਚ ਟ੍ਰੈਫਿਕ ਸਟਾਫ ਅਤੇ ਬਟਾਲਾ ਪੁਲਿਸ ਦੇ ਕੁਝ ਕਰਮਚਾਰੀ ਬਟਾਲਾ ਤੋਂ ਆਮ ਆਦਮੀ ਪਾਰਟੀ ਮਾਰਕੀਟ ਕਮੇਟੀ ਦੇ ਚੇਅਰਮੈਨ ਮਾਣਿਕ ਮਹਿਤਾ ਦੇ ਨਾਲ ਦਿਖਾਈ ਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਵਿਆਹ ਤੋਂ ਪਹਿਲਾਂ ਦੇ ਇੱਕ ਸਮਾਗਮ ਨਾਲ ਸਬੰਧਤ ਸੀ। ਇਸ ਮਾਮਲੇ 'ਤੇ ਬਟਾਲਾ ਪੁਲਿਸ ਦੇ ਪੱਖ ਦੀ ਅਗਵਾਈ ਕਰਦੇ ਹੋਏ, ਡੀਐਸਪੀ ਤਜਿੰਦਰ ਪਾਲ ਸਿੰਘ ਸੰਧੂ ਨੇ ਕਿਹਾ ਕਿ "ਸਬੰਧਤ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵਿਭਾਗ ਦੀ ਇਜਾਜ਼ਤ ਤੋਂ ਬਿਨਾਂ ਇਸ ਨਿੱਜੀ ਵੀਡੀਓ ਵਿੱਚ ਹਿੱਸਾ ਲਿਆ। ਇਸ ਅਨੁਸ਼ਾਸਨਹੀਣਤਾ ਕਾਰਨ ਵੀਡੀਓ ਵਿੱਚ ਸ਼ਾਮਲ ਅਧਿਕਾਰੀਆਂ ਵਿਰੁੱਧ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।"
ਭਾਜਪਾ ਨੇ ਚੁੱਕੇ ਸਵਾਲ
ਮਾਮਲਾ ਸਾਹਮਣੇ ਆਉਂਦੇ ਹੀ ਭਾਜਪਾ ਆਗੂ ਸੁਨੀਲ ਕੁਮਾਰ ਜਾਖੜ ਨੇ ਬਟਾਲਾ ਮਾਰਕੀਟ ਕਮੇਟੀ ਦੇ ਚੇਅਰਮੈਨ ਦੇ ਪ੍ਰੀ-ਵੈਡਿੰਗ ਸ਼ੂਟ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ 'ਜੇਕਰ ਪੁਲਿਸ ਪ੍ਰੀ-ਵੈਡਿੰਗ ਸ਼ੂਟ ਵਿੱਚ ਲੱਗੀ ਹੋਈ ਹੈ ਤਾਂ ਪੰਜਾਬ ਦੀ ਰੱਖਿਆ ਕੌਣ ਕਰੇਗਾ? ਪਹਿਲਾਂ ਹੀ ਪੰਜਾਬ ਦੇ ਹਲਾਤ ਬਦਤਰ ਹੋਏ ਪਏ ਹਨ ਅਤੇ ਟ੍ਰੈਫਿਕ ਪੁਲਿਸ ਦੇ ਇੰਸਪੈਕਟਰ ਵਿਆਹਾਂ ਦੇ ਵੀਡੀਓ ਬਣਾ ਰਹੇ। ਜੇਕਰ ਅਜਹਾ ਹੀ ਹੂੰਦਾ ਰਿਹਾ ਤਾਂ ਲੋਕਾਂ ਦੀ ਸੁਰੱਖਿਆ ਦਾ ਜ਼ਿੰਮਾ ਕਿਸਦੇ ਕੋਲ ਹੈ'।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਵੀ ਮਾਮਲੇ ਸਬੰਧੀ ਸਵਾਲ ਚੁੱਕਦੇ ਕਿਹਾ ਸੀ 'ਆਪ' ਆਗੂਆਂ ਦੇ ਨਿੱਜੀ ਪ੍ਰੋਗਰਾਮਾਂ ਦੀ ਸੁਰੱਖਿਆ, ਪੁਲਿਸ ਮੁਲਾਜ਼ਮਾਂ ਦੀ ਆਪਣੀ ਸੁਰੱਖਿਆ ਨਾਲੋਂ ਜ਼ਿਆਦਾ ਅਹਿਮ ਹੈ ? ਅਕਾਲੀ ਆਗੂ ਨੇ ਮੰਗ ਕੀਤੀ ਕਿ ਜਿਹੜੇ ਪੁਲਸ ਕਰਮਚਾਰੀ ਇਸ ਵੀਡੀਓ ਸ਼ੂਟ ਵਿਚ ਸ਼ਾਮਲ ਹਨ, ਉਨ੍ਹਾਂ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ। ਉਨ੍ਹਾਂ ਪੁੱਛਿਆ ਕਿ ਡੀਜੀਪੀ ਸਾਹਿਬ ਇਹ ਸਪੱਸ਼ਟ ਕਰਨ ਕਿ ਪੁਲਸ ਮੁਲਾਜ਼ਮਾਂ ਨੂੰ ਸੁਰੱਖਿਆ ਡਿਊਟੀ ਦੀ ਬਜਾਏ ਪ੍ਰੀ-ਵੈਡਿੰਗ ਸ਼ੂਟ ਲਈ ਕਿਉਂ ਭੇਜਿਆ ਗਿਆ?

