ETV Bharat / state

ਰਗੜ੍ਹਿਆ ਗਿਆ “ਸ਼ਰਾਬ ਦਾ ਲੰਗਰ” ਲਗਾਉਣ ਵਾਲਾ, ਪੁਲਿਸ ਦਾ ਵੱਡਾ ਐਕਸ਼ਨ

ਚੰਡੀਗੜ੍ਹ ਵਿੱਚ ਮੁਫ਼ਤ ਸ਼ਰਾਬ ਦਾ ਲੰਗਰ ਲਗਾਉਣ ਦੀ ਵਾਇਰਲ ਵੀਡੀਓ ਮਾਮਲੇ ਵਿੱਚ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ।

liquor langar Chandigarh
ਚੰਡੀਗੜ੍ਹ ਵਿੱਚ ਲਗਾਇਆ ਸ਼ਰਾਬ ਦਾ ਲੰਗਰ (ETV BHARAT)
author img

By ETV Bharat Punjabi Team

Published : May 26, 2026 at 3:30 PM IST

2 Min Read
Choose ETV Bharat

ਚੰਡੀਗੜ੍ਹ: ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਸੈਕਟਰ-9 ਵਿੱਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਸ਼ਰਾਬ ਦੇ ਠੇਕੇ ਦੇ ਬਾਹਰ ਟੈਂਟ ਲਗਾ ਕੇ ਲੋਕਾਂ ਨੂੰ ਮੁਫ਼ਤ ਸ਼ਰਾਬ ਪਿਲਾਈ ਗਈ ਯਾਨੀ ਕਿ ਸ਼ਰਾਬ ਦਾ ਲੰਗਰ ਲਗਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਭਿਆਨਕ ਗਰਮੀ ਵਿੱਚ ਗਾਹਕਾਂ ਨੂੰ ਖਿੱਚਣ ਲਈ ਠੇਕੇਦਾਰ ਨੇ “ਸ਼ਰਾਬ ਦਾ ਲੰਗਰ” ਲਗਾਇਆ ਸੀ। ਇਸ ਦੌਰਾਨ ਲੋਕਾਂ ਨੂੰ ਬਰਫ਼ ਦੇ ਗੋਲਿਆਂ ਵਿੱਚ ਸ਼ਰਾਬ ਪਾ ਕੇ ਦਿੱਤੀ ਜਾ ਰਹੀ ਸੀ।

ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਜਾਣਕਾਰੀ ਦਿੰਦੇ ਹੋਏ (ETV BHARAT)

ਵੀਡੀਓ ਵਾਇਰਲ ਹੋਣ ਤੋਂ ਬਾਅਦ ਮੱਚਿਆ ਹੰਗਾਮਾ

ਮਾਮਲੇ ਨੇ ਉਸ ਵੇਲੇ ਤੂਲ ਫੜ ਲਿਆ ਜਦੋਂ ਇਸਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਵੀਡੀਓ ਵਿੱਚ ਕਈ ਲੋਕ ਸੜਕ ਕਿਨਾਰੇ ਟੈਂਟ ਹੇਠਾਂ ਸ਼ਰਾਬ ਲੈਂਦੇ ਨਜ਼ਰ ਆਏ। ਖਾਸ ਗੱਲ ਇਹ ਰਹੀ ਕਿ ਇਹ ਵੀਡੀਓ ਕਥਿਤ ਤੌਰ ‘ਤੇ ਠੇਕੇ ਦੇ ਮਾਲਕ ਵੱਲੋਂ ਹੀ ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਗਈ ਸੀ। ਵਾਇਰਲ ਹੋਣ ਤੋਂ ਬਾਅਦ ਵੀਡੀਓ ਹਟਾ ਲਈ ਗਈ ਪਰ ਤਦ ਤੱਕ ਮਾਮਲਾ ਪੁਲਿਸ ਦੇ ਧਿਆਨ ਵਿੱਚ ਆ ਚੁੱਕਾ ਸੀ।

ਪੁਲਿਸ ਨੇ ਦਰਜ ਕੀਤਾ ਕੇਸ

ਪੁਲਿਸ ਮੁਤਾਬਿਕ ਸੈਕਟਰ-9 ਮਾਰਕੀਟ ਵਿੱਚ ਖੁੱਲ੍ਹੇਆਮ ਸ਼ਰਾਬ ਪਰੋਸਣਾ ਐਕਸਾਈਜ਼ ਨਿਯਮਾਂ ਅਤੇ ਸਰਕਾਰੀ ਹੁਕਮਾਂ ਦੀ ਉਲੰਘਣਾ ਹੈ। ਮਾਮਲੇ ਵਿੱਚ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਠੇਕੇ ਦੇ ਮਾਲਕ ਦੀ ਪਹਿਚਾਣ ਸੋਨੂ ਸਚਦੇਵਾ ਵਜੋਂ ਹੋਈ ਹੈ, ਜਦਕਿ ਸ਼ਰਾਬ ਪਰੋਸਣ ਵਾਲੇ ਕਰਮਚਾਰੀ ਰਾਜੇਸ਼ ਸਚਦੇਵਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਡਿਪਟੀ ਕਮਿਸ਼ਨਰ ਚੰਡੀਗੜ੍ਹ ਨਿਸ਼ਾਂਤ ਕੁਮਾਰ ਯਾਦਵ ਨੇ ਦੱਸਿਆ ਕਿ ਇਸ ਮਾਮਲੇ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਤੁਰੰਤ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਗਿ੍ਫ਼ਤਾਰੀ ਵੀ ਹੋਈ ਹੈ, ਜਿਸ ਵਿਅਕਤੀ ਕੋਲ ਸ਼ਰਾਬ ਦਾ ਲਾਇਸੰਸ ਸੀ ਉਸਨੂੰ ਐਕਸਾਈਜ਼ ਵਿਭਾਗ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ|

ਕੀ ਹੋ ਸਕਦੀ ਹੈ ਕਾਨੂੰਨੀ ਕਾਰਵਾਈ?

ਐਕਸਾਈਜ਼ ਕਾਨੂੰਨ ਮੁਤਾਬਕ ਜਨਤਕ ਥਾਵਾਂ ‘ਤੇ ਸ਼ਰਾਬ ਪੀਣ, ਪਿਲਾਉਣ ਜਾਂ ਮੁਫ਼ਤ ਵੰਡਣ ‘ਤੇ ਜ਼ੁਰਮਾਨਾ ਅਤੇ ਜੇਲ੍ਹ ਦੋਵੇਂ ਹੋ ਸਕਦੇ ਹਨ। ਆਬਕਾਰੀ ਨੀਤੀ ਅਨੁਸਾਰ ਜੇ ਕੋਈ ਲਾਇਸੈਂਸਧਾਰੀ ਮੁਫ਼ਤ ਸ਼ਰਾਬ ਵੰਡਦਾ ਹੈ ਜਾਂ ਨਿਰਧਾਰਤ ਕੀਮਤ ਤੋਂ ਘੱਟ ‘ਤੇ ਵੇਚਦਾ ਹੈ ਤਾਂ ਉਸਦਾ ਠੇਕਾ ਸੀਲ ਵੀ ਕੀਤਾ ਜਾ ਸਕਦਾ ਹੈ। ਜ਼ੁਰਮਾਨਾ ਰਾਸ਼ੀ ਦੀ ਗੱਲ ਕਰੀਏ ਤਾਂ 1000 ਤੋਂ 10,000 ਤੱਕ ਹੋ ਸਕਦੀ ਹੈ।

ਸੋਸ਼ਲ ਮੀਡੀਆ ‘ਤੇ ਛਿੜੀ ਚਰਚਾ

ਇਸ ਘਟਨਾ ਤੋਂ ਬਾਅਦ ਸ਼ਹਿਰ ਵਿੱਚ ਚਰਚਾ ਤੇਜ਼ ਹੋ ਗਈ ਹੈ। ਸੋਸ਼ਲ ਮੀਡੀਆ ‘ਤੇ ਕੁਝ ਲੋਕ ਇਸਨੂੰ ਪ੍ਰਚਾਰ ਦਾ ਨਵਾਂ ਤਰੀਕਾ ਦੱਸ ਰਹੇ ਹਨ, ਜਦਕਿ ਕਈ ਲੋਕਾਂ ਨੇ ਇਸਨੂੰ ਕਾਨੂੰਨ ਅਤੇ ਸਮਾਜਿਕ ਮਰਿਆਦਾਵਾਂ ਦੇ ਖ਼ਿਲਾਫ਼ ਕਰਾਰ ਦਿੱਤਾ ਹੈ। ਪੁਲਿਸ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।