ਭਾਜਪਾ ਵਫਦ ਦੀ ਗਵਰਨਰ ਨਾਲ ਮੁਲਾਕਾਤ ‘ਤੇ ‘ਆਪ’ ਦਾ ਤਿੱਖਾ ਤੰਜ, ਜਾਣੋ ਕੀ ਕਿਹਾ...
ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਭਾਜਪਾ ਆਗੂਆਂ ‘ਤੇ ਨਿਸ਼ਾਨਾ ਸਾਧਿਆ ਹੈ।

Published : May 3, 2026 at 9:54 PM IST
ਅੰਮ੍ਰਿਤਸਰ: ਭਾਜਪਾ ਦੇ ਵਫਦ ਵੱਲੋਂ ਪੰਜਾਬ ਦੇ ਗਵਰਨਰ ਨਾਲ ਕੀਤੀ ਗਈ ਹਾਲੀਆ ਮੁਲਾਕਾਤ ਨੂੰ ਲੈ ਕੇ ਸਿਆਸੀ ਮਾਹੌਲ ਗਰਮ ਹੋ ਗਿਆ ਹੈ। ਇਸ ਮਾਮਲੇ ‘ਤੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਭਾਜਪਾ ਆਗੂਆਂ ‘ਤੇ ਨਿਸ਼ਾਨਾ ਸਾਧਿਆ ਹੈ। ਧਾਲੀਵਾਲ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਜਾਣਬੁੱਝ ਕੇ ਆਮ ਆਦਮੀ ਪਾਰਟੀ ਅਤੇ ਉਸ ਦੇ ਆਗੂਆਂ ਦੀ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਜੋ ਕਿ ਬਿਲਕੁਲ ਗਲਤ ਅਤੇ ਨਿੰਦਣਯੋਗ ਹੈ।
"ਦੇਸ਼ ਦੇ ਖੇਤੀਬਾੜੀ ਮੰਤਰੀ ਰਹੇ ਹਨ ਜਾਖੜ ਦੇ ਪਿਤਾ"
ਉਨ੍ਹਾਂ ਖਾਸ ਤੌਰ ‘ਤੇ ਭਾਜਪਾ ਦੇ ਆਗੂ ਸੁਨੀਲ ਜਾਖੜ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਇੱਕ ਅਜਿਹੇ ਪਰਿਵਾਰ ਨਾਲ ਸਬੰਧਿਤ ਹਨ, ਜਿਸ ਦਾ ਰਾਜਨੀਤਕ ਪਿਛੋਕੜ ਮਜ਼ਬੂਤ ਰਿਹਾ ਹੈ। ਜਾਖੜ ਦੇ ਪਿਤਾ ਦੇਸ਼ ਦੇ ਖੇਤੀਬਾੜੀ ਮੰਤਰੀ ਰਹੇ ਹਨ ਅਤੇ ਸੁਨੀਲ ਜਾਖੜ ਖੁਦ ਵੀ ਸੰਸਦ ਮੈਂਬਰ ਰਹਿ ਚੁੱਕੇ ਹਨ। ਧਾਲੀਵਾਲ ਨੇ ਸਵਾਲ ਕੀਤਾ ਕਿ ਉਹ ਲੋਕ ਪੰਜਾਬ ਲਈ ਆਪਣੇ ਯੋਗਦਾਨ ਬਾਰੇ ਲੋਕਾਂ ਨੂੰ ਦੱਸਣ ਕਿ ਹੁਣ ਤੱਕ ਉਨ੍ਹਾਂ ਨੇ ਕੀ ਕੁਝ ਕੀਤਾ ਹੈ।
ਧਾਲੀਵਾਲ ਨੇ ਇਤਿਹਾਸਕ ਸੰਦਰਭ ਦਿੰਦਿਆਂ ਕਿਹਾ ਕਿ "ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਸੀ, ਉਸ ਸਮੇਂ ਸੁਨੀਲ ਜਾਖੜ ਦਾ ਪਰਿਵਾਰ ਨਹਿਰੂ ਪਰਿਵਾਰ ਦੇ ਨਾਲ ਖੜ੍ਹਾ ਸੀ। ਪੰਜਾਬ ਦੇ ਲੋਕ ਇਸ ਗੱਲ ਨੂੰ ਨਹੀਂ ਭੁੱਲੇ ਅਤੇ ਅੱਜ ਵੀ ਇਹ ਮਾਮਲੇ ਸਿਆਸਤ ਵਿੱਚ ਉੱਠਦੇ ਰਹਿੰਦੇ ਹਨ।"
"ਵਿਰੋਧੀ ਪਾਰਟੀਆਂ ਇਸ ਕਾਨੂੰਨ ਤੋਂ ਘਬਰਾਈਆਂ ਹੋਈਆਂ ਹਨ"
ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੀਤੇ ਜਾ ਰਹੇ ਕੰਮਾਂ ਦੀ ਵੀ ਸ਼ਲਾਘਾ ਕੀਤੀ। ਧਾਲੀਵਾਲ ਨੇ ਕਿਹਾ ਕਿ "ਮਾਨ ਸਰਕਾਰ ਨੇ ਸੂਬੇ ਵਿੱਚ ਵਿਕਾਸ ਦੇ ਕਈ ਮਹੱਤਵਪੂਰਨ ਕੰਮ ਕੀਤੇ ਹਨ ਅਤੇ ਬੇਅਦਬੀ ਮਾਮਲਿਆਂ ਨੂੰ ਲੈ ਕੇ ਬਣਾਇਆ ਗਿਆ ਕਾਨੂੰਨ ਵੀ ਲੋਕਾਂ ਦੀ ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਫੈਸਲਾ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਵਿਰੋਧੀ ਪਾਰਟੀਆਂ ਇਸ ਕਾਨੂੰਨ ਤੋਂ ਘਬਰਾਈਆਂ ਹੋਈਆਂ ਹਨ।" ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਬਾਰੇ ਗੱਲ ਕਰਦਿਆਂ ਧਾਲੀਵਾਲ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਪਹਿਲਾਂ ਵੀ ਆਪਣੇ ਹਲਕੇ ਤੋਂ ਕਈ ਵਾਰ ਹਾਰ ਚੁੱਕੇ ਹਨ ਅਤੇ ਅਗਲੀ ਵਾਰ ਵੀ ਅਬੋਹਰ ਤੋਂ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ।
"ਪੰਜਾਬ ਦੇ ਲੋਕਾਂ ਨੇ ਸੰਦੀਪ ਪਾਠਕ ਨੂੰ ਰਾਜ ਸਭਾ ਵਿੱਚ ਭੇਜਿਆ ਸੀ"
ਸੰਦੀਪ ਪਾਠਕ ਖਿਲਾਫ ਦਰਜ ਐਫਆਈਆਰ ਦੇ ਮਾਮਲੇ ‘ਤੇ ਧਾਲੀਵਾਲ ਨੇ ਕਿਹਾ ਕਿ "ਜੇਕਰ ਕੋਈ ਵੀ ਵਿਅਕਤੀ ਗਲਤ ਕੰਮ ਕਰਦਾ ਹੈ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸੰਦੀਪ ਪਾਠਕ ਨੂੰ ਰਾਜ ਸਭਾ ਵਿੱਚ ਭੇਜਿਆ ਸੀ ਅਤੇ ਉਨ੍ਹਾਂ ਨੂੰ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨਾ ਚਾਹੀਦਾ ਹੈ।"

