'ਆਪ' ਐਮਐਲਏ ਦੇ ਭਤੀਜੇ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਕਬੱਡੀ ਖਿਡਾਰੀ ਸੀ ਮ੍ਰਿਤਕ
ਜਗਰਾਓਂ ਆਪ ਐਮਐਲਏ ਬੀਬੀ ਸਰਬਜੀਤ ਕੌਰ ਮਾਣੂੰਕੇ ਦੇ ਭਤੀਜੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

Published : January 5, 2026 at 7:53 PM IST
ਲੁਧਿਆਣਾ: ਜਗਰਾਓਂ ਦੇ ਪਿੰਡ ਮਾਣੂਕੇ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ। ਜਦੋਂ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਦੇ ਭਤੀਜੇ ਅਤੇ ਕਬੱਡੀ ਖਿਡਾਰੀ ਗਗਨਦੀਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਕਬੱਡੀ ਖਿਡਾਰੀ ਸੀ ਮ੍ਰਿਤਕ
ਗਗਨਦੀਪ ਸਿੰਘ ਦੇ ਢਿੱਡ ਵਿੱਚ ਇੱਕ ਗੋਲੀ ਲੱਗੀ, ਜਿਸ ਕਾਰਨ ਉਹ ਖੂਨ ਨਾਲ ਲੱਥਪੱਥ ਹੋ ਗਿਆ। ਗੋਲੀਬਾਰੀ ਨੂੰ ਵੇਖ ਕੇ ਬਾਕੀ ਲੋਕ ਮੌਕੇ ਤੋਂ ਭੱਜ ਗਏ। ਘਟਨਾ ਤੋਂ ਬਾਅਦ, ਉਸਦੇ ਭਰਾ ਅਤੇ ਪਿੰਡ ਵਾਸੀਆਂ ਨੇ ਉਸਨੂੰ ਤੁਰੰਤ ਜਗਰਾਓਂ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਇਲਾਜ ਦੌਰਾਨ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ 32 ਸਾਲਾ ਗਗਨਦੀਪ ਸਿੰਘ ਵਜੋਂ ਹੋਈ ਹੈ, ਜੋ ਇੱਕ ਬਾਊਂਸਰ ਅਤੇ ਤਿੰਨ ਬੱਚਿਆਂ (ਦੋ ਧੀਆਂ ਅਤੇ ਇੱਕ ਪੁੱਤਰ) ਦਾ ਪਿਤਾ ਸੀ।
ਪਿੰਡ ਵਿੱਚ 2 ਧੜਿਆਂ ਵਿਚਕਾਰ ਹੋਈ ਲੜਾਈ
ਮ੍ਰਿਤਕ ਦੀ ਪਤਨੀ ਤੇ ਉਸਦੇ ਭਰਾ ਨੇ ਦੱਸਿਆ ਕਿ "ਗਗਨਦੀਪ ਸਿੰਘ ਉਸੇ ਪਿੰਡ ਦੇ ਇੱਕ ਨੌਜਵਾਨ ਕਬੱਡੀ ਖਿਡਾਰੀ ਦੀ ਮਦਦ ਕਰਦਾ ਸੀ। ਉਸਦਾ ਪਿੰਡ ਦੇ ਕੁਝ ਨੌਜਵਾਨਾਂ ਨਾਲ ਇਸ ਮੁੱਦੇ 'ਤੇ ਝਗੜਾ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਦੇਰ ਰਾਤ ਪਿੰਡ ਵਿੱਚ 2 ਗੁੱਟਾਂ ਵਿਚਕਾਰ ਲੜਾਈ ਹੋ ਗਈ, ਜਿਸ ਤੋਂ ਬਾਅਦ ਦੋਵਾਂ ਧਿਰਾਂ ਨੇ ਸੋਮਵਾਰ ਨੂੰ ਪਿੰਡ ਦੀ ਅਨਾਜ ਮੰਡੀ ਵਿੱਚ ਆਹਮੋ-ਸਾਹਮਣੇ ਹੋਣ ਦਾ ਫੈਸਲਾ ਕੀਤਾ। ਜਦੋਂ ਗਗਨਦੀਪ ਸਿੰਘ ਸੋਮਵਾਰ ਦੁਪਹਿਰ 10-12 ਸਾਥੀਆਂ ਨਾਲ ਅਨਾਜ ਮੰਡੀ ਪਹੁੰਚਿਆ ਤਾਂ ਦੂਜੇ ਗੁੱਟ ਦੇ ਲੱਗਭਗ ਚਾਰ ਨੌਜਵਾਨ ਪਹਿਲਾਂ ਹੀ ਉੱਥੇ ਮੌਜੂਦ ਸਨ। ਵੱਡੀ ਭੀੜ ਨੂੰ ਦੇਖ ਕੇ, ਮੁਲਜ਼ਮਾਂ ਨੇ ਆਪਣੇ ਹਥਿਆਰ ਕੱਢੇ ਅਤੇ ਗੋਲੀਆਂ ਚਲਾ ਦਿੱਤੀਆਂ।"
ਕਬੱਡੀ ਖਿਡਾਰੀ ਸੀ ਗਗਨਦੀਪ
ਪਰਿਵਾਰਿਕ ਮੈਂਬਰਾਂ ਨੇ ਦੱਸਿਆ ਜਾ ਰਿਹਾ ਹੈ ਕਿ ਗਗਨਦੀਪ ਸਿੰਘ ਵੀ ਪਹਿਲਾਂ ਕਬੱਡੀ ਖੇਡਦਾ ਸੀ, ਪਰ ਹੁਣ ਬਾਊਂਸਰ ਵਜੋਂ ਕੰਮ ਕਰਦਾ ਸੀ। ਮ੍ਰਿਤਕ ਦੀ ਪਤਨੀ ਨੇ ਪਿੰਡ ਦੇ ਵਸਨੀਕ ਗੁਰਸੇਵਕ ਸਿੰਘ ਅਤੇ ਗੁਰਦੀਪ ਸਿੰਘ ਸਮੇਤ ਕਈ ਲੋਕਾਂ ਉੱਤੇ ਇਲਜ਼ਾਮ ਲਗਾਏ ਹਨ। ਇਸ ਤੋਂ ਬਾਅਦ, ਕਈ ਪੁਲਿਸ ਟੀਮਾਂ ਮੁਲਜ਼ਮਾਂ ਨੂੰ ਫੜਨ ਲਈ ਮਾਣੂਕੇ ਪਿੰਡ ਵਿੱਚ ਛਾਪੇਮਾਰੀ ਕਰ ਰਹੀਆਂ ਹਨ।

1 ਮੁਲਜ਼ਮ ਗ੍ਰਿਫ਼ਤਾਰ, ਬਾਕੀਆਂ ਦੀ ਭਾਲ ਜਾਰੀ
ਐਸਐਚਓ ਕੁਲਦੀਪ ਕੁਮਾਰ ਨੇ ਦੱਸਿਆ ਕਿ "ਪਿੰਡ ਮਾਣੂਕੇ ਵਿੱਚ ਗੋਲੀ ਚੱਲੀ ਹੈ ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਧਿਰਾਂ ਵਿੱਚ ਪੁਰਾਣੀ ਰੰਜਿਸ਼ ਸੀ, ਜਿਸ ਕਾਰਨ ਉਨ੍ਹਾਂ ਵਿਚਕਾਰ ਲੜਾਈ ਹੋਈ। ਹਾਲਾਂਕਿ, ਪੁਲਿਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਸੀ। ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।"
ਪੁਲਿਸ ਦਾ ਕਹਿਣਾ ਹੈ ਕਿ ਸਿਰਫ਼ 4-5 ਗੋਲੀਆਂ ਚਲਾਈਆਂ ਗਈਆਂ ਸਨ, ਜਦੋਂ ਕਿ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਲੱਗਭਗ 10 ਗੋਲੀਆਂ ਚਲਾਈਆਂ ਗਈਆਂ ਸਨ। ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਅਤੇ ਕਿਉਂਕਿ ਬਾਕੀ ਮੁਲਜ਼ਮ ਕਿਸੇ ਹੋਰ ਜ਼ਿਲ੍ਹੇ ਦੇ ਹਨ, ਇਸ ਲਈ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ।

