ਜੇਲ੍ਹ ਤੋਂ ਬਾਹਰ ਆਉਣ 'ਤੇ ਵਿਧਾਇਕ ਪਠਾਣਮਾਜਰਾ ਦਾ ਸਵਾਗਤ, ਕਿਹਾ- ਲੋਕਾਂ ਨੇ ਮੁੜ ਜਤਾਇਆ ਭਰੋਸਾ
ਕਰੀਬ ਚਾਰ ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਆਪਣੇ ਘਰ ਪਹੁੰਚੇ, ਜਿੱਥੇ ਸਮਰਥਕਾਂ ਵੱਲੋਂ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ ਗਿਆ।

Published : June 1, 2026 at 4:43 PM IST
ਪਟਿਆਲਾ/ਸਨੌਰ : ਕਰੀਬ ਚਾਰ ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਸਨੌਰ ਤੋਂ 'ਆਪ' ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਆਪਣੇ ਘਰ ਪਹੁੰਚੇ, ਜਿੱਥੇ ਸਮਰਥਕਾਂ ਵੱਲੋਂ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ ਗਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਠਾਣਮਾਜਰਾ ਨੇ ਕਿਹਾ ਕਿ ਲੋਕਾਂ ਨੇ ਇੱਕ ਵਾਰ ਫਿਰ ਉਨ੍ਹਾਂ ‘ਤੇ ਵਿਸ਼ਵਾਸ ਜਤਾਇਆ ਹੈ ਅਤੇ ਉਹ ਪਹਿਲਾਂ ਵਾਂਗ ਹੀ ਹਲਕੇ ਦੇ ਵਿਕਾਸ ਲਈ ਵਚਨਬੱਧ ਹਨ।
ਗਲਤਫ਼ਹਿਮੀਆਂ ਹੁਣ ਦੂਰ ਹੋ ਚੁੱਕੀਆਂ
ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਜੇਲ੍ਹ ਵਿੱਚ ਰਹਿਣ ਦੌਰਾਨ ਉਨ੍ਹਾਂ ਖ਼ਿਲਾਫ਼ ਲਗਾਏ ਗਏ ਕਈ ਇਲਜ਼ਾਮਾਂ ਦੀ ਸੱਚਾਈ ਲੋਕਾਂ ਸਾਹਮਣੇ ਆ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਬਾਰੇ ਫੈਲਾਈਆਂ ਗਈਆਂ ਕਈ ਗਲਤਫ਼ਹਿਮੀਆਂ ਹੁਣ ਦੂਰ ਹੋ ਚੁੱਕੀਆਂ ਹਨ ਅਤੇ ਲੋਕਾਂ ਨੂੰ ਅਸਲ ਹਾਲਾਤਾਂ ਦਾ ਪਤਾ ਲੱਗ ਗਿਆ ਹੈ।
ਵਿਧਾਇਕ ਨੇ ਮੌਜੂਦਾ ਹਲਕਾ ਇੰਚਾਰਜ ਅਤੇ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਨੌਰ ਹਲਕੇ ਵਿੱਚ ਵਿਕਾਸ ਕਾਰਜਾਂ ਦੀ ਰਫ਼ਤਾਰ ਬਹੁਤ ਹੌਲੀ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ "ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਯੋਜਨਾਵਾਂ ਉਨ੍ਹਾਂ ਦੇ ਵਿਧਾਇਕ ਰਹਿੰਦਿਆਂ ਮਨਜ਼ੂਰ ਕਰਵਾਈਆਂ ਗਈਆਂ ਸਨ।"
ਮਾਨਸੂਨ ਤੋਂ ਪਹਿਲਾਂ ਵੱਡੇ ਪੱਧਰ ‘ਤੇ ਸਫ਼ਾਈ ਦੀ ਲੋੜ
ਪਠਾਣਮਾਜਰਾ ਨੇ ਟਾਂਗਰੀ ਦਰਿਆ, ਮਾਰਕੰਡਾ ਦਰਿਆ ਅਤੇ ਹੋਰ ਬਰਸਾਤੀ ਨਾਲਿਆਂ ਦੀ ਸਫ਼ਾਈ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਮਾਨਸੂਨ ਤੋਂ ਪਹਿਲਾਂ ਵੱਡੇ ਪੱਧਰ ‘ਤੇ ਸਫ਼ਾਈ ਦੀ ਲੋੜ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਮੇਂ ਸਿਰ ਕੰਮ ਨਾ ਹੋਇਆ ਤਾਂ ਹਲਕੇ ਨੂੰ ਮੁੜ ਹੜ੍ਹਾਂ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਕੇਵਲ ਦੋ ਕਰੋੜ ਰੁਪਏ ਕਾਫ਼ੀ ਨਹੀਂ ਹਨ, ਸਗੋਂ ਸੈਂਕੜਿਆਂ ਕਰੋੜ ਰੁਪਏ ਦੀ ਲੋੜ ਹੈ।
ਵਿਧਾਇਕ ਨੇ ਹਲਕੇ ਵਿੱਚ ਪ੍ਰਸਤਾਵਿਤ ਓਪਨ ਯੂਨੀਵਰਸਿਟੀ, ਐੱਸਟੀਪੀ (ਸੀਵਰੇਜ ਟ੍ਰੀਟਮੈਂਟ ਪਲਾਂਟ) ਅਤੇ ਹੋਰ ਵਿਕਾਸ ਪ੍ਰੋਜੈਕਟਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਯੋਜਨਾਵਾਂ ਲਈ ਫੰਡ ਪਹਿਲਾਂ ਹੀ ਮਨਜ਼ੂਰ ਹੋ ਚੁੱਕੇ ਹਨ, ਪਰ ਜ਼ਮੀਨੀ ਪੱਧਰ ‘ਤੇ ਕੰਮ ਸ਼ੁਰੂ ਨਹੀਂ ਹੋਇਆ।
ਪਾਰਟੀ ਛੱਡਣ ਦੀਆਂ ਚਰਚਾਵਾਂ ‘ਤੇ ਪ੍ਰਤੀਕਿਰਿਆ
ਆਮ ਆਦਮੀ ਪਾਰਟੀ ਛੱਡਣ ਦੀਆਂ ਚਰਚਾਵਾਂ ‘ਤੇ ਪ੍ਰਤੀਕਿਰਿਆ ਦਿੰਦਿਆਂ ਪਠਾਣਮਾਜਰਾ ਨੇ ਕਿਹਾ ਕਿ "ਫਿਲਹਾਲ ਉਹ ਆਮ ਆਦਮੀ ਪਾਰਟੀ ਵਿੱਚ ਹਨ ਅਤੇ ਪਾਰਟੀ ਵਿੱਚ ਹੀ ਰਹਿਣਗੇ।" ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ਵਿੱਚ ਹਲਕੇ ਦੇ ਹਿੱਤਾਂ ਅਤੇ ਲੋਕਾਂ ਦੀ ਭਾਵਨਾ ਦੇ ਅਨੁਸਾਰ ਅਗਲਾ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜਨੀਤੀ ਦਾ ਮੁੱਖ ਮਕਸਦ ਲੋਕਾਂ ਦਾ ਵਿਕਾਸ ਹੋਣਾ ਚਾਹੀਦਾ ਹੈ। ਵਿਰੋਧੀਆਂ ਨੂੰ ਸੰਦੇਸ਼ ਦਿੰਦਿਆਂ ਉਨ੍ਹਾਂ ਕਿਹਾ ਕਿ ਨਿੱਜੀ ਰਾਜਨੀਤੀ ਛੱਡ ਕੇ ਹਲਕੇ ਦੇ ਪਾਣੀ, ਸਿੱਖਿਆ ਅਤੇ ਬੁਨਿਆਦੀ ਢਾਂਚੇ ਵਰਗੇ ਮੁੱਦਿਆਂ ‘ਤੇ ਧਿਆਨ ਦੇਣਾ ਚਾਹੀਦਾ ਹੈ।
ਵਿਧਾਇਕ ਨੇ ਦਾਅਵਾ ਕੀਤਾ ਕਿ ਆਪਣੇ ਰਾਜਨੀਤਿਕ ਜੀਵਨ ਦੌਰਾਨ ਉਨ੍ਹਾਂ ਕਦੇ ਵੀ ਕਿਸੇ ਅਧਿਕਾਰੀ ਜਾਂ ਠੇਕੇਦਾਰ ਤੋਂ ਕਮਿਸ਼ਨ ਨਹੀਂ ਮੰਗਿਆ ਅਤੇ ਜੇਕਰ ਕੋਈ ਅਜਿਹਾ ਇਲਜ਼ਾਮ ਸਾਬਤ ਕਰ ਦੇਵੇ ਤਾਂ ਉਹ ਜਵਾਬ ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਸਨੌਰ ਹਲਕੇ ਦੇ ਵਿਕਾਸ ਲਈ ਉਹ ਅੱਗੇ ਵੀ ਹਰ ਸੰਭਵ ਯਤਨ ਕਰਦੇ ਰਹਿਣਗੇ।

