ਜੇਲ੍ਹ 'ਚੋਂ ਰਿਹਾਅ ਹੋਏ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਬੋਲੇ- ਆਪਣੇ ਹਲਕੇ ਲਈ ਹਰ ਕੁਰਬਾਨੀ ਪ੍ਰਵਾਨ
ਆਮ ਆਦਮੀ ਪਾਰਟੀ ਦੇ ਵਿਧਾਇਕ ਪਠਾਣਮਾਜਰਾ ਜ਼ਮਾਨਤ ਮਿਲਣ ਤੋਂ ਬਾਅਦ ਜੇਲ੍ਹ 'ਚੋਂ ਬਾਹਰ ਆ ਗਏ ਹਨ।

Published : May 31, 2026 at 5:36 PM IST
ਬਠਿੰਡਾ: ਪਟਿਆਲਾ ਦੇ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਬਠਿੰਡਾ ਕੇਂਦਰੀ ਜੇਲ੍ਹ ਤੋਂ ਬਾਹਰ ਆ ਗਏ ਹਨ। ਦੱਸ ਦਈਏ ਕਿ ਬੀਤੇ ਦਿਨ ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲੀ ਸੀ। ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਲੈਣ ਲਈ ਵੱਡੀ ਗਿਣਤੀ ਵਿੱਚ ਸਮਰਥਕ ਬਠਿੰਡਾ ਦੀ ਕੇਂਦਰੀ ਜੇਲ੍ਹ ਬਾਹਰ ਪਹੁੰਚੇ। ਇਸ ਮੌਕੇ ਰਿਹਾਈ ਤੋਂ ਬਾਅਦ ਸਮਰਥਕਾਂ ਵੱਲੋਂ ਲੱਡੂ ਵੰਡੇ ਗਏ। ਦੱਸ ਦਈਏ ਕਿ ਪਠਾਣਮਾਜਰਾ ਨੂੰ ਅਪ੍ਰੈਲ 2026 ਵਿੱਚ ਪਟਿਆਲਾ ਜੇਲ੍ਹ ਤੋਂ ਸੁਰੱਖਿਆ ਕਾਰਨਾਂ ਕਰਕੇ ਬਠਿੰਡਾ ਕੇਂਦਰੀ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਸੀ।
'ਸੂਬਾ ਸਰਕਾਰ ਨੂੰ ਸਾਲ ਵਿੱਚ ਮੇਰੇ ਖਿਲਾਫ ਇੱਕ ਵੀ ਗਵਾਹ ਨਹੀਂ ਲੱਭਿਆ'
ਕੇਦਰੀ ਜੇਲ੍ਹ ਬਠਿੰਡਾ ਤੋਂ ਰਿਹਾਅ ਹੋਣ ਤੋਂ ਬਾਅਦ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ "ਮੇਰੇ ਉੱਪਰ ਫਰਜ਼ੀ ਕੇਸ ਦਰਜ ਕੀਤੇ ਗਏ ਪਰ ਸੂਬਾ ਸਰਕਾਰ ਭ੍ਰਿਸ਼ਟਾਚਾਰ ਦਾ ਇੱਕ ਵੀ ਮਾਮਲਾ ਸਾਬਤ ਨਹੀਂ ਕਰ ਸਕੀ। ਇਨ੍ਹਾਂ ਨੂੰ ਇੱਕ ਸਾਲ ਵਿੱਚ 2 ਗਵਾਹ ਨਹੀਂ ਲੱਭੇ, ਜੋ ਮੇਰੇ ਖਿਲਾਫ ਗਵਾਹੀ ਦੇ ਸਕਦੇ। ਮੈਂ ਆਪਣੇ ਹਲਕੇ ਦੇ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਸੀ, ਜਿਸ ਕਾਰਨ ਮੈਨੂੰ ਜੇਲ੍ਹ ਜਾਣਾ ਪਿਆ। ਮੇਰੇ ਨਾਲ ਇਸ ਸਮੇਂ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਨੇ ਸੰਪਰਕ ਕੀਤਾ। ਪਰ ਫਿਲਹਾਲ ਮੈਂ ਕਿਸੇ ਵੀ ਸਿਆਸੀ ਪਾਰਟੀ ਵਿੱਚ ਸ਼ਾਮਲ ਨਹੀਂ ਹੋਵਾਂਗਾ, ਆਪਣੇ ਹਲਕੇ ਦੇ ਲੋਕਾਂ ਨਾਲ ਵਿਚਾਰ ਚਰਚਾ ਕਰਕੇ ਅਗਲੀ ਰਣਨੀਤੀ ਤੈਅ ਕਰਾਂਗਾ।"
ਇਸਦੇ ਨਾਲ ਹੀ ਉਹਨਾਂ ਕਿਹਾ ਕਿ ਫਿਲਹਾਲ ਉਹ ਬਾਬਾ ਬੁੱਢਾ ਜੀ ਦੇ ਦਰਸ਼ਨਾਂ ਲਈ ਜਾ ਰਹੇ ਹਨ। ਫਿਰ ਆਪਣੇ ਹਲਕੇ ਦੇ ਲੋਕਾਂ ਨਾਲ ਵਿਚਾਰ ਚਰਚਾ ਕਰਨਗੇ। ਇਸ ਮੌਕੇ ਉਨ੍ਹਾਂ ਨੇ ਸੂਬਾ ਅਤੇ ਦਿੱਲੀ ਦੀ ਲੀਡਰਸ਼ਿਪ 'ਤੇ ਸਵਾਲ ਚੁੱਕੇ ਅਤੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਉਣ ਦੇ ਬਾਵਜੂਦ ਸੂਬਾ ਸਰਕਾਰ ਉਹਨਾਂ 'ਤੇ ਭ੍ਰਿਸ਼ਟਾਚਾਰ ਦਾ ਇੱਕ ਵੀ ਮਾਮਲਾ ਸਾਬਤ ਕਰਨ ਵਿੱਚ ਨਾਕਾਮਯਾਬ ਰਹੀ ਹੈ।
"ਜੇਕਰ ਮੇਰੀ ਕੋਈ ਗਲਤੀ ਹੁੰਦੀ ਮੈਨੂੰ ਸੀਐਮ ਹਾਊਸ ਬੁਲਾ ਕੇ ਕਹਿੰਦੇ ਕਿ ਤੂੰ ਇਹ ਗਲਤੀ ਕੀਤੀ ਹੈ, ਉਸ ਦੀ ਮਾਫੀ ਵੀ ਹੋ ਸਕਦੀ ਸੀ। ਪਰ ਜਦੋਂ ਕੋਈ ਗਲਤੀ ਕੀਤੀ ਹੀ ਨਹੀਂ, ਬੱਸ ਮੈਨੂੰ ਟਾਰਗੇਟ ਕੀਤਾ ਗਿਆ। ਮੈਂ ਬਾਬੇ ਬੁੱਢੇ ਨੂੰ ਮੰਨਦਾਂ ਹਾਂ, ਮੈਂ ਅੱਜ ਵੀ ਕਹਿੰਦਾ ਹਾਂ ਕਿ ਮੇਰੇ ਉੱਤੇ ਜੋ ਵੀ ਇਲਜ਼ਾਮ ਲਗਾਏ ਸਭ ਝੂਠ ਸੀ। ਮੈਂ ਜਿਹੜੀ ਵੀ ਪਾਰਟੀ ਨਾਲ ਰਿਹਾ ਹਾਂ ਉਸ ਨਾਲ ਇਮਾਨਦਾਰ ਰਿਹਾ ਹਾਂ। ਫਿਰ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਆਮ ਆਦਮੀ ਪਾਰਟੀ, ਪਰ ਮੈਨੂੰ ਉਸ ਚੀਜ਼ ਦੀ ਸਜ਼ਾ ਮਿਲੀ ਜੋ ਮੈਂ ਕੀਤੀ ਨਹੀਂ। ਮੈਂ ਇਨ੍ਹਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਨੂੰ ਮੇਰੇ ਤੋਂ ਕਿਸ ਚੀਜ਼ ਦਾ ਡਰ ਹੈ ਜੋ ਮੈਨੂੰ ਕਦੇ ਨਜ਼ਾਇਜ ਮਾਇਨਿੰਗ ਕਦੇ ਬਲਾਤਕਾਰ ਦਾ ਪਰਚਾ ਪਾ ਕੇ ਅੰਦਰ ਦਿੰਦੇ ਹੋ।"- ਹਰਮੀਤ ਸਿੰਘ ਪਠਾਣਮਾਜਰਾ, ਆਪ ਵਿਧਾਇਕ
ਪਠਾਣਮਾਜਰਾ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਉਨ੍ਹਾਂ ਦੇ ਹਲਕੇ ਦੇ ਵਿਕਾਸ ਅਤੇ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਗੰਭੀਰਤਾ ਨਾਲ ਕੰਮ ਕਰਦੀ ਹੈ, ਤਾਂ ਉਹ ਇਸ ਖੇਤਰ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਰਾਜਨੀਤੀ ਸਿਰਫ਼ ਅਹੁਦੇ ਜਾਂ ਪਾਰਟੀ ਦਾ ਮਾਮਲਾ ਨਹੀਂ ਹੈ, ਸਗੋਂ ਲੋਕਾਂ ਦੀ ਸੇਵਾ ਕਰਨ ਦਾ ਇੱਕ ਸਾਧਨ ਹੈ।
ਇਹ ਸੀ ਸਾਰਾ ਮਾਮਲਾ
ਦੱਸ ਦਈਏ ਕਿ ਪਟਿਆਲਾ ਸਿਵਲ ਲਾਈਨ ਥਾਣੇ 'ਚ ਹਰਮੀਤ ਸਿੰਘ ਪਠਾਣਮਾਜਰਾ ਖਿਲਾਫ਼ ਬਲਾਤਕਾਰ, ਧੋਖਾਧੜੀ ਅਤੇ ਆਪਰਾਧਿਕ ਧਮਕੀ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ 2 ਸਤੰਬਰ ਨੂੰ ਹਰਿਆਣਾ ਦੇ ਕਰਨਾਲ ਵਿੱਚ ਪਠਾਣਮਾਜਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿੱਥੇ ਪੁਲਿਸ ਮੁਤਾਬਕ ਉਹ ਫਾਇਰਿੰਗ ਅਤੇ ਪਥਰਾਅ ਕਰਦਿਆਂ ਪੁਲਿਸ ਹਿਰਾਸਤ ਤੋਂ ਫ਼ਰਾਰ ਹੋ ਗਏ ਸਨ। ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਵੀ ਹੋਇਆ ਸੀ। ਜਿਸ ਤੋਂ ਬਾਅਦ ਇਹ ਮਾਮਲਾ ਅਦਾਲਤ ਤੱਕ ਪਹੁੰਚਿਆ। ਉਨ੍ਹਾਂ ਨੇ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ, ਪਰ ਅਦਾਲਤ ਨੇ ਇਸ ਨੂੰ ਰੱਦ ਕਰ ਦਿੱਤਾ। ਦਸੰਬਰ 2025 ਵਿੱਚ ਪਟਿਆਲਾ ਅਦਾਲਤ ਨੇ ਉਸ ਨੂੰ ਭਗੌੜਾ ਘੋਸ਼ਿਤ ਕਰ ਦਿੱਤਾ। ਇਸ ਤੋਂ ਬਾਅਦ, ਖ਼ਬਰਾਂ ਆਈਆਂ ਕਿ ਉਹ ਆਸਟ੍ਰੇਲੀਆ ਭੱਜ ਗਏ ਹਨ ਅਤੇ ਉੱਥੋਂ ਇੰਟਰਵਿਊ ਵੀ ਦਿੰਦੇ ਰਹੇ ਹਨ। ਜਿਸ ਤੋਂ ਬਾਅਦ ਅਦਾਲਤ ਨੇ ਇੱਕ ਲੁੱਕਆਊਟ ਨੋਟਿਸ ਜਾਰੀ ਕੀਤਾ ਸੀ। ਜਿਸ ਦੇ ਚੱਲਦੇ ਉਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਹੁਣ ਇੱਕ ਵੱਡੀ ਕਾਮਯਾਬੀ ਪਟਿਆਲਾ ਪੁਲਿਸ ਹੱਥ ਲੱਗੀ ਹੈ।
ਕੌਣ ਹਨ ਆਪ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ?
ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਪਟਿਆਲਾ ਦੇ ਹਲਕਾ ਸਨੌਰ ਤੋਂ ਵਿਧਾਇਕ ਹਨ। ਪਠਾਣਮਾਜਰਾ ਨੇ 2022 ਦੀਆਂ ਵਿਧਾਨਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਨੂੰ 49,122 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਹਰਮੀਤ ਸਿੰਘ ਪਠਾਣਮਾਜਰਾ ਦਾ ਪਟਿਆਲਾ ਅਤੇ ਇਸ ਦੇ ਆਲੇ-ਦੁਆਲੇ ਬਹੁਤ ਪ੍ਰਭਾਵ ਹੈ। ਸਨੌਰ ਅਤੇ ਆਸ ਪਾਸ ਦੇ ਪੇਂਡੂ ਖੇਤਰਾਂ ਵਿੱਚ ਜ਼ਮੀਨੀ ਪੱਧਰ 'ਤੇ ਉਨ੍ਹਾਂ ਦੀ ਪਕੜ ਬਹੁਤ ਮਜ਼ਬੂਤ ਮੰਨੀ ਜਾਂਦੀ ਹੈ। ਹਰਮੀਤ ਸਿੰਘ ਪਠਾਣਮਾਜਰਾ ਦਾ ਸਿਆਸੀ ਸਫ਼ਰ ਵਿਵਾਦਪੂਰਨ ਰਿਹਾ ਹੈ। 1994 ਵਿੱਚ ਅਕਾਲੀ ਦਲ ਨਾਲ ਸ਼ੁਰੂਆਤ ਕਰਨ ਵਾਲੇ ਪਠਾਣਮਾਜਰਾ ਕਈ ਪਾਰਟੀਆਂ ਵਿੱਚ ਰਹੇ ਹਨ, ਜਿਨ੍ਹਾਂ ਵਿੱਚ ਮਨਪ੍ਰੀਤ ਬਾਦਲ ਦੀ ਪਾਰਟੀ, ਕਾਂਗਰਸ ਅਤੇ ਪੰਜਾਬ ਏਕਤਾ ਪਾਰਟੀ ਸ਼ਾਮਲ ਹੈ। ਹਰਮੀਤ ਸਿੰਘ ਪਠਾਣਮਾਜਰਾ 2020 ਵਿੱਚ 'ਆਪ' ਵਿੱਚ ਸ਼ਾਮਲ ਹੋ ਗਏ ਸਨ।
ਇਹ ਵੀ ਪੜ੍ਹੋ:

