ਜਗਤਾਰ ਹਵਾਰਾ ਦੀ ਬਿਮਾਰ ਮਾਤਾ ਨੂੰ ਮਿਲਣ ਪਹੁੰਚੇ 'ਆਪ' ਵਿਧਾਇਕ, ਪੈਰੋਲ ਸਬੰਧੀ ਰੱਖੀ ਮੰਗ
ਜਗਤਾਰ ਹਵਾਰਾ ਦੀ ਬਿਮਾਰ ਮਾਤਾ ਨੂੰ ਮਿਲ 'ਆਪ' ਵਿਧਾਇਕ ਨੇ ਉਨ੍ਹਾਂ ਦਾ ਹਾਲ ਜਾਣਿਆ ਹੈ।


Published : August 26, 2026 at 1:39 PM IST
ਸ੍ਰੀ ਫਤਹਿਗੜ੍ਹ ਸਾਹਿਬ: ਆਮ ਆਦਮੀ ਪਾਰਟੀ ਦੇ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਪਿੰਡ ਹਵਾਰਾ ਵਿਖੇ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ ਵਿੱਚ ਮੰਡੋਲੀ ਜੇਲ੍ਹ (ਦਿੱਲੀ) ਵਿੱਚ ਸਜ਼ਾ ਕੱਟ ਰਹੇ ਜਗਤਾਰ ਸਿੰਘ ਹਵਾਰਾ ਦੇ ਘਰ ਪਹੁੰਚ ਕੇ ਉਨ੍ਹਾਂ ਦੀ ਬਜ਼ੁਰਗ ਅਤੇ ਬਿਮਾਰ ਮਾਤਾ ਜੀ ਨਾਲ ਮੁਲਾਕਾਤ ਕੀਤੀ।
'ਡੂੰਘੀ ਸੰਵੇਦਨਾ ਪ੍ਰਗਟਾਈ'
ਮਾਤਾ ਦੀ ਨਾਜ਼ੁਕ ਸਿਹਤ ਨੂੰ ਦੇਖਦਿਆਂ ਵਿਧਾਇਕ ਨੇ ਡੂੰਘੀ ਸੰਵੇਦਨਾ ਪ੍ਰਗਟਾਈ ਅਤੇ ਕਿਹਾ ਕਿ ਇੱਕ ਮਾਂ ਦੀ ਆਪਣੇ ਪੁੱਤਰ ਨੂੰ ਦੇਖਣ ਦੀ ਤੜਪ ਅਤੇ ਇਹ ਦਰਦ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਚਰਨਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਕੇ ਅਤੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਜਗਤਾਰ ਸਿੰਘ ਹਵਾਰਾ ਨੂੰ ਘੱਟੋ-ਘੱਟ 10 ਦਿਨਾਂ ਦੀ ਪੈਰੋਲ ਦੇਣ ਦੀ ਪੁਰਜ਼ੋਰ ਮੰਗ ਰੱਖੀ ਹੈ, ਤਾਂ ਜੋ ਉਹ ਆਪਣੀ ਬੀਮਾਰ ਮਾਂ ਦੀ ਦੇਖਭਾਲ ਕਰ ਸਕਣ।
'ਇਨਸਾਨੀਅਤ ਅਤੇ ਮਨੁੱਖੀ ਅਧਿਕਾਰਾਂ ਦੇ ਨਾਤੇ ਮਿਲੇ ਪੈਰੋਲ'
ਵਿਧਾਇਕ ਡਾਕਚਰ ਚਰਨਜੀਤ ਸਿੰਘ ਨੇ ਕਿਹਾ ਕਿ ਇਨਸਾਨੀਅਤ ਅਤੇ ਮਨੁੱਖੀ ਅਧਿਕਾਰਾਂ ਦੇ ਨਾਤੇ ਜਗਤਾਰ ਸਿੰਘ ਹਵਾਰਾ ਨੂੰ ਤੁਰੰਤ ਪੈਰੋਲ ਦਿੱਤੀ ਜਾਣੀ ਚਾਹੀਦੀ ਹੈ, ਤਾਂ ਜੋ ਇੱਕ ਪੁੱਤਰ ਆਪਣੀ ਮਾਂ ਦੇ ਇਸ ਔਖੇ ਸਮੇਂ ਵਿੱਚ ਉਨ੍ਹਾਂ ਦੇ ਨਾਲ ਖੜ੍ਹ ਸਕੇ। ਉਨ੍ਹਾਂ ਅੱਗੇ ਕਿਹਾ ਕਿ ਮਾਂ ਦੀ ਦੁਆ ਹੀ ਦੁਨੀਆਂ ਦੀ ਸਭ ਤੋਂ ਵੱਡੀ ਦੌਲਤ ਹੁੰਦੀ ਹੈ। ਇਸ ਮੌਕੇ ਵਿਧਾਇਕ ਵੱਲੋਂ ਮਾਤਾ ਜੀ ਦੀ ਤੰਦਰੁਸਤੀ, ਚੰਗੀ ਸਿਹਤ ਅਤੇ ਲੰਮੀ ਉਮਰ ਲਈ ਅਰਦਾਸ ਵੀ ਕੀਤੀ ਗਈ।

ਕੌਣ ਹੈ ਜਗਤਾਰ ਸਿੰਘ ਹਵਾਰਾ ?
ਜਗਤਾਰ ਸਿੰਘ ਹਵਾਰਾ ਦਾ ਜਨਮ ਸ੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਅਧੀਨ ਪੈਂਦੀ ਖਮਾਣੋ ਤਹਿਸੀਲ ਦੇ ਪਿੰਡ ਹਵਾਰਾ ਕਲਾ 'ਚ 16 ਮਈ 1973 'ਚ ਹੋਇਆ। ਉਨ੍ਹਾਂ ਦਾ ਇੱਕ ਭਰਾ ਅਵਤਾਰ ਸਿੰਘ ਹੈ। ਹਵਾਰਾ ਦੇ ਪਿਤਾ ਸ਼ੇਰ ਸਿੰਘ ਦੀ ਮੌਤ ਹੋ ਚੁੱਕੀ ਹੈ ਤੇ ਉਨ੍ਹਾਂ ਦੀ ਮਾਤਾ ਨਰਿੰਦਰ ਕੌਰ ਦੀ ਉਮਰ 80 ਸਾਲ ਤੋਂ ਜ਼ਿਆਦਾ ਹੈ। 31 ਅਗਸਤ 1995 ਨੂੰ ਉਸ ਸਮੇਂ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੀ ਪੰਜਾਬ ਅਤੇ ਹਰਿਆਣਾ ਸਕੱਤਰੇਤ ਅੱਗੇ ਇੱਕ ਬੰਬ ਧਮਾਕੇ ਦੇ ਵਿੱਚ ਮੌਤ ਹੋ ਗਈ ਸੀ। ਜਿਸ ਵਿੱਚ ਪੰਜਾਬ ਪੁਲਿਸ ਦੇ ਕਾਂਸਟੇਬਲ ਸਮੇਤ 17 ਲੋਕਾਂ ਦੀ ਮੌਤ ਹੋਈ ਸੀ। ਦਿਲਾਵਰ ਸਿੰਘ ਵੱਲੋਂ ਮਨੁੱਖੀ ਬੰਬ ਬਣ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਸੀ। ਇਸ ਕੇਸ ਦੇ ਵਿੱਚ ਜਗਤਾਰ ਸਿੰਘ ਹਵਾਰਾ ਅਤੇ ਬਲਵੰਤ ਸਿੰਘ ਰਾਜੋਆਣਾ ਨੂੰ ਸਾਜ਼ਿਸ਼ ਲਈ ਮੌਤ ਦੀ ਸਜ਼ਾ ਸੁਣਾਈ ਗਈ ਸੀ।

ਫਾਂਸੀ ਨੂੰ ਲੈਕੇ ਅਦਾਲਤ 'ਚ ਅਪੀਲ
ਜਗਤਾਰ ਸਿੰਘ ਹਵਾਰਾ ਨੇ ਇਸ ਸਜ਼ਾ ਦੇ ਖਿਲਾਫ਼ ਅਪੀਲ ਪਾਈ ਸੀ, ਜਦਕਿ ਬਲਵੰਤ ਸਿੰਘ ਰਾਜੋਆਣਾ ਨੇ ਅਪੀਲ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਫਿਲਹਾਲ ਜਗਤਾਰ ਸਿੰਘ ਹਵਾਰਾ ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਬੰਦ ਹਨ।

