ETV Bharat / state

ਜਿੱਤ ਦੇ ਜਸ਼ਨ 'ਚ ਕੱਢੇ ਤਾਬੜਤੋੜ ਫਾਇਰ, ਅਣਪਛਾਤੇ ’ਤੇ ਕੇਸ ਦਰਜ, ਵੀਡੀਓ ਹੋਈ ਸੀ ਵਾਇਰਲ

ਬਰਨਾਲਾ ਵਿੱਚ 'ਆਪ' ਦੇ ਜੇਤੂ ਉਮੀਦਵਾਰ ਦੇ ਸਮਰਥਕ ਵੱਲੋਂ ਜੇਤੂ ਮਾਰਚ ਕੱਢਣ ਦੌਰਾਨ ਫਾਇਰਿੰਗ ਦੇ ਮਾਮਲੇ ਵਿੱਚ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ

Firing while celebrating victory in Barnala
ਬਰਨਾਲਾ ਵਿਖੇ ਜਿੱਤ ਦੇ ਜਸ਼ਨ ਮਨਾਉਂਦੇ ਕੱਢੇ ਹਵਾਈ ਫਾਇਰ (ETV BHARAT)
author img

By ETV Bharat Punjabi Team

Published : June 1, 2026 at 11:00 PM IST

2 Min Read
Choose ETV Bharat

ਬਰਨਾਲਾ: ਜ਼ਿਲ੍ਹੇ ਵਿੱਚ ਨਗਰ ਨਿਗਮ ਚੋਣਾਂ ਦੇ ਨਤੀਜੇ ਉਪਰੰਤ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉੱਡਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰ ਦੇ ਸਮਰਥਕ ਵੱਲੋਂ ਪਿਸਤੌਲ ਕੱਢ ਕੇ ਸ਼ਰੇਆਮ ਹਵਾਈ ਫਾਇਰਿੰਗ ਕੀਤੀ ਗਈ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈ ਹੈ।

ਬਰਨਾਲਾ ਵਿਖੇ ਜਿੱਤ ਦੇ ਜਸ਼ਨ ਮਨਾਉਂਦੇ ਕੱਢੇ ਹਵਾਈ ਫਾਇਰ (ETV BHARAT)

ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰ ਦੇ ਸਮਰਥਕ ਵੱਲੋਂ ਫਾਇਰਿੰਗ

ਇਹ ਫਾਇਰਿੰਗ ਉਸ ਵੇਲੇ ਹੋਈ, ਜਦੋਂ ਸ਼ਹਿਰ ਦੇ ਬਿਲਕੁਲ ਵਿਚਕਾਰ ਸਥਿਤ ਵਾਰਡ ਨੰਬਰ 33 ਦੀ ਜੇਤੂ 'ਆਪ' ਉਮੀਦਵਾਰ ਆਪਣੇ ਸੈਂਕੜੇ ਸਮਰਥਕਾਂ ਨਾਲ ਜੇਤੂ ਮਾਰਚ ਕੱਢ ਰਹੀ ਸੀ। ਇਸੇ ਦੌਰਾਨ ਭੀੜ ਵਿੱਚ ਸ਼ਾਮਲ ਇੱਕ ਸ਼ਖ਼ਸ ਨੇ ਅਚਾਨਕ ਪਿਸਤੌਲ ਕੱਢੀ ਅਤੇ ਹਵਾਈ ਫਾਇਰ ਕਰ ਦਿੱਤੇ। ਜਿਸ ਥਾਂ ਇਹ ਫਾਇਰਿੰਗ ਹੋਈ, ਉੱਥੇ ਸੈਂਕੜੇ ਲੋਕ ਮੌਜੂਦ ਸਨ ਅਤੇ ਅਣਗਹਿਲੀ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।

ਵਿਰੋਧੀਆਂ ਨੇ ਸਾਧੇ ਤਿੱਖੇ ਨਿਸ਼ਾਨੇ

ਇਸ ਮਾਮਲੇ ਨੂੰ ਲੈ ਕੇ ਸਿਆਸਤ ਵੀ ਪੂਰੀ ਤਰ੍ਹਾਂ ਗਰਮਾ ਗਈ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਆਗੂਆਂ ਨੇ ਸੱਤਾਧਾਰੀ ਧਿਰ 'ਤੇ ਤਿੱਖੇ ਨਿਸ਼ਾਨੇ ਸਾਧਦਿਆਂ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਕਿਹਾ ਕਿ ਇਸ ਤਰ੍ਹਾਂ ਸ਼ਰੇਆਮ ਫਾਇਰਿੰਗ ਕਰਨੀ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਜੇਕਰ ਇਹੀ ਗੁਨਾਹ ਕਿਸੇ ਵਿਰੋਧੀ ਪਾਰਟੀ ਦੇ ਸਮਰਥਕ ਨੇ ਕੀਤਾ ਹੁੰਦਾ, ਤਾਂ ਪੁਲਿਸ ਹੁਣ ਤੱਕ ਉਸਨੂੰ ਗ੍ਰਿਫ਼ਤਾਰ ਕਰ ਚੁੱਕੀ ਹੁੰਦੀ।

ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਮਾਮਲਾ ਕੀਤਾ ਦਰਜ

ਦੂਜੇ ਪਾਸੇ, ਚੌਤਰਫ਼ਾ ਬਣੇ ਦਬਾਅ ਤੋਂ ਬਾਅਦ ਬਰਨਾਲਾ ਪੁਲਿਸ ਨੇ ਇਸ ਮਾਮਲੇ ਵਿੱਚ ਮੁਕੱਦਮਾ ਤਾਂ ਦਰਜ ਕਰ ਲਿਆ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਫਾਇਰਿੰਗ ਕਰਨ ਵਾਲਾ ਵਿਅਕਤੀ ਵੀਡੀਓ ਵਿੱਚ ਸ਼ਰੇਆਮ ਦਿਖਾਈ ਦੇਣ ਦੇ ਬਾਵਜੂਦ ਇਹ ਕੇਸ ਅਣਪਛਾਤੇ ਵਿਅਕਤੀ ਵਿਰੁੱਧ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਇਸ ਵਿਅਕਤੀ ਸਬੰਧੀ ਅਣਜਾਣਤਾ ਪ੍ਰਗਟ ਕਰ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਰਨਾਲਾ ਦੇ ਡੀ ਐੱਸ ਪੀ ਸਤਵੀਰ ਸਿੰਘ ਨੇ ਦੱਸਿਆ ਕਿ "ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਵਾਰਦਾਤ ਅਸਲ ਵਿੱਚ ਕਿਸ ਜਗ੍ਹਾ ਵਾਪਰੀ ਅਤੇ ਫਾਇਰਿੰਗ ਕਰਨ ਵਾਲਾ ਵਿਅਕਤੀ ਕੌਣ ਹੈ, ਇਸ ਬਾਰੇ ਅਜੇ ਪੁਖ਼ਤਾ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਫਿਲਹਾਲ ਅਣਪਛਾਤੇ ਖ਼ਿਲਾਫ਼ ਪਰਚਾ ਦਰਜ ਕਰਕੇ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਅਤੇ ਵੀਡੀਓ ਦੇ ਆਧਾਰ 'ਤੇ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਜਲਦ ਹੀ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ।"