ਮਹਿਲਾ ਪੁਲਿਸ ਪਤਨੀ ਤੋਂ ਤੰਗ ਹੋਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ, ਮ੍ਰਿਤਕ ਦੇ ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ
ਫਿਰੋਜ਼ਪੁਰ ਵਿੱਚ ਮਹਿਲਾ ਪੁਲਿਸ ਪਤਨੀ ਤੋਂ ਪਰੇਸ਼ਾਨ ਹੋ ਕੇ ਇੱਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

Published : February 28, 2026 at 9:24 PM IST
ਫਿਰੋਜ਼ਪੁਰ: ਜ਼ਿਲ੍ਹਾ ਫਿਰੋਜ਼ਪੁਰ ਵਿੱਚ ਮਹਿਲਾ ਪੁਲਿਸ ਪਤਨੀ ਤੋਂ ਪਰੇਸ਼ਾਨ ਹੋ ਕੇ ਇੱਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖੁਦਕੁਸ਼ੀ ਬਾਰੇ ਜਦੋਂ ਹੀ ਨੌਜਵਾਨ ਦੇ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਿੱਥੇ ਉਸ ਦੀ ਤਬੀਅਤ ਜਿਆਦਾ ਵਿਗੜਦੀ ਦੇਖ ਲੁਧਿਆਣਾ ਡੀਐਮਸੀ ਵਿਖੇ ਰੈਫਰ ਕੀਤਾ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਜਾਣਕਾਰੀ ਦੇ ਅਨੁਸਾਰ ਫਿਰੋਜ਼ਪੁਰ ਦੇ ਪਿੰਡ ਮੀਰਾ ਸ਼ਾਹ ਨੂਰ ਦਾ ਰਹਿਣ ਵਾਲਾ ਗਗਨਦੀਪ ਸਿੰਘ ਜੋ ਕਿ ਵਿਜੀਲੈਂਸ ਵਿਭਾਗ ਵਿੱਚ ਤੈਨਾਤ ਮਨਦੀਪ ਕੌਰ ਦਾ ਘਰ ਵਾਲਾ ਸੀ। ਪਤੀ ਪਤਨੀ ਵਿੱਚ ਅਕਸਰ ਪਰਿਵਾਰਕ ਕਲੇਸ਼ ਰਹਿੰਦਾ ਸੀ ਅਤੇ ਲਗਾਤਾਰ ਸਹੁਰੇ ਪਰਿਵਾਰ ਵੱਲੋਂ ਦਬਾਅ ਪਾਏ ਜਾਣ 'ਤੇ ਗਗਨਦੀਪ ਨੇ ਇਹ ਖੌਫਨਾਕ ਕਦਮ ਚੁੱਕਿਆ।
ਨੌਜਵਾਨ ਦਾ ਪੋਸਟਮਾਰਟਮ
ਮੈਡੀਕਲ ਅਫਸਰ ਡਾਕਟਰ ਪ੍ਰੀਤੀ ਗਰਗ ਨੇ ਦੱਸਿਆ ਕਿ ਉਨ੍ਹਾਂ ਕੋਲ ਇੱਕ ਗਗਨਦੀਪ ਨਾਮ ਦਾ ਮਰੀਜ਼ ਆਇਆ ਸੀ ਜੋ ਕਿ ਫਿਰੋਜ਼ਪੁਰ ਦੇ ਪਿੰਡ ਮੀਰਾ ਸ਼ਾਹ ਨੂਰ ਦਾ ਰਹਿਣ ਵਾਲਾ ਸੀ। ਉਸ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ ਕੀਤੀ ਗਈ ਸੀ। ਹਾਲਤ ਜਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਲੁਧਿਆਣਾ ਡੀਐਮਸੀ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਸੀ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਡਾਕਟਰ ਪ੍ਰੀਤੀ ਗਰਗ ਨੇ ਦੱਸਿਆ ਕਿ ਉਸ ਤੋਂ ਬਾਅਦ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਹੁਣ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਪੋਸਟਮਾਰਟਮ ਲਈ ਲਿਆਂਦਾ ਗਿਆ ਹੈ।

ਉੱਥੇ ਹੀ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ "ਉਨ੍ਹਾਂ ਦੀ ਨੂੰਹ ਜੋ ਕਿ ਇੱਕ ਮਹਿਲਾ ਕਾਂਸਟੇਬਲ ਹੈ। ਉਸ ਵੱਲੋਂ ਆਪਣੇ ਪਿਤਾ ਅਤੇ ਹੋਰ ਲੋਕਾਂ ਨੂੰ ਨਾਲ ਲਿਆ ਕੇ ਅਕਸਰ ਹੀ ਉਨ੍ਹਾਂ ਦੇ ਬੇਟੇ ਨਾਲ ਕੁੱਟਮਾਰ ਕੀਤੀ ਜਾਂਦੀ ਸੀ। ਇੱਥੋਂ ਤੱਕ ਕਿ ਲਗਾਤਾਰ ਉਸਨੂੰ ਧਮਕੀਆਂ ਦੇ ਰਹੇ ਸਨ। ਜਿਸ ਤੋਂ ਉਨ੍ਹਾਂ ਦੇ ਪੁੱਤਰ ਨੇ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਹੈ। ਇਸ ਦੇ ਨਾਲ ਹੀ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਕਾਂਸਟੇਬਲ ਪਤਨੀ ਅਤੇ ਸਹੁਰੇ ਪਰਿਵਾਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।"
ਪਤਨੀ ਤੇ ਸਹੁਰਾ ਪਰਿਵਾਰ ਉੱਤੇ ਮਾਮਲਾ ਦਰਜ
ਪੁਲਿਸ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ "ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਪਤਨੀ ਅਤੇ ਉਸਦੇ ਸਹੁਰੇ ਪਰਿਵਾਰ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਦੇ ਪੁੱਤਰ ਨਾਲ ਪਤਨੀ ਅਤੇ ਸਹੁਰੇ ਪਰਿਵਾਰ ਵੱਲੋਂ ਕੁੱਟਮਾਰ ਕੀਤੀ ਜਾਂਦੀ ਸੀ ਜਿਸ ਕਾਰਨ ਉਨ੍ਹਾਂ ਦੇ ਪੁੱਤਰ ਨੇ ਅੱਜ ਖੁਦਕੁਸ਼ੀ ਕਰ ਲਈ ਹੈ। ਇਸ ਵਿੱਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਕਾਂਸਟੇਬਲ ਮਹਿਲਾ ਪਤਨੀ ਅਤੇ ਉਸ ਦੇ ਨਾਲ ਹੋਰ ਪਰਿਵਾਰਿਕ ਮੈਂਬਰਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।"

