ਦਿਨ-ਦਿਹਾੜੇ ਬੱਸ ਅੱਡੇ 'ਤੇ ਘੇਰ ਸਕੇ ਭਰਾਵਾਂ ਨੇ ਮਾਰਤਾ ਮੁੰਡਾ, ਮੱਚ ਗਿਆ ਚੀਕ ਚਿਹਾੜਾ !
ਦਿਨ-ਦਿਹਾੜੇ ਇੱਕ ਮੁੰਡੇ ਦਾ ਕਤਲ ਕਰ ਦਿੱਤਾ ਹੈ। ਬੱਸ ਅੱਡੇ 'ਤੇ ਘੇਰ ਕਿਰਚਾ ਮਾਰ-ਮਾਰ ਉਸਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ।


Published : August 30, 2026 at 7:51 PM IST
ਤਰਨਤਾਰਨ: ਪੰਜਾਬ ਵਿੱਚ ਕਤਲ ਦੀ ਇੱਕ ਵੱਡੀ ਵਾਰਦਾਤ ਹੋਈ ਹੈ। ਸ਼ਰੇਆਮ ਇੱਕ ਨੌਜਵਾਨ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਹੈ। ਕਿਰਚਾਂ ਮਾਰ-ਮਾਰ ਨੌਜਵਾਨ ਦਾ ਕਤਲ ਕੀਤਾ ਗਿਆ ਹੈ। ਮ੍ਰਿਤਕ ਦੀ ਪਛਾਣ ਜਗਜੀਤ ਸਿੰਘ (22) ਵਾਸੀ ਕੱਦਗਿੱਲ ਦੇ ਤੌਰ 'ਤੇ ਕੀਤੀ ਗਈ ਹੈ।
ਇੱਕ ਮਹੀਨਾ ਪਹਿਲਾਂ ਕਰਵਾਇਆ ਸੀ ਪ੍ਰੇਮ ਵਿਆਹ
ਜਗਜੀਤ ਸਿੰਘ ਜੀਤ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ "ਇੱਕ ਮਹੀਨਾ ਪਹਿਲਾਂ ਉਸ ਦੇ ਲੜਕੇ ਨੇ ਮੁਲਜਮ ਜਸਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਦੀ ਭੈਣ ਨਾਲ ਵਿਆਹ ਕਰਵਾਇਆ ਸੀ। ਇਸ ਵਿਆਹ ਤੋਂ ਬਾਅਦ ਕਦੇ ਵੀ ਮੁਲਜ਼ਮਾਂ ਨੇ ਗੁੱਸਾ-ਨਰਾਜ਼ਗੀ ਜ਼ਾਹਰ ਨਹੀਂ ਸੀ ਕੀਤੀ। ਇੱਥੋਂ ਤੱਕ ਕਿ ਲੜਕੀ ਦੀ ਮਾਤਾ ਅੱਜ ਵੀ ਲੜਕੀ ਨੂੰ ਮਿਲਣ ਸਾਡੇ ਘਰ ਆਈ ਸੀ। ਜਿਸ ਕਰਕੇ ਉਸਦਾ ਲੜਕਾ ਜਗਜੀਤ ਸਿੰਘ ਆਮ ਵਾਂਗ ਹੀ ਆਪਣਾ ਕੰਮ ਕਾਜ ਕਰ ਰਿਹਾ ਸੀ। ਮੁਲਜਮਾਂ ਨੇ ਉਸਦੀ ਸੂਹ ਲੱਗਾ ਕੇ ਉਸ ਨੂੰ ਬੱਸ ਅੱਡੇ ਉੱਪਰ ਘੇਰ ਲਿਆ ਅਤੇ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।"
"ਮੇਰੇ ਪੁੱਤ ਨੇ ਮਹੀਨਾ ਕੁ ਪਹਿਲਾਂ ਇੱਕ ਲੜਕੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਅੱਜ ਉਸਦਾ ਦੋ ਮੁੰਡਿਆਂ ਨੇ ਸ਼ਰੇਆਮ ਕਤਲ ਕਰ ਦਿੱਤਾ। ਪਹਿਲਾਂ ਮੇਰਾ ਪੁੱਤ ਆਪਣੇ ਨਾਨਕੇ ਰਹਿ ਰਿਹਾ ਸੀ। ਅੱਜ ਇਹ ਕੰਮ ਹੋ ਗਿਆ।"-ਮ੍ਰਿਤਕ ਦਾ ਪਿਤਾ
ਪੁਲਿਸ ਨੇ ਇੱਕ ਮੁਲਜ਼ਮ ਕੀਤਾ ਗ੍ਰਿਫਤਾਰ
ਇਸ ਸਬੰਧੀ ਡੀਐਸਪੀ (ਹੈਡਕੁਆਰਟਰ) ਜਸਪਾਲ ਸਿੰਘ ਨੇ ਦੱਸਿਆ ਕਿ "ਮ੍ਰਿਤਕ ਜਗਜੀਤ ਸਿੰਘ ਨੇ ਕਰੀਬ ਇੱਕ ਮਹੀਨਾ ਪਹਿਲਾਂ ਇੱਕ ਲੜਕੀ ਨਾਲ ਵਿਆਹ ਕਰਵਾ ਲਿਆ ਸੀ। ਦੋਵਾਂ ਦੇ ਇਸ ਵਿਆਹ ਨਾਲ ਲੜਕੀ ਦਾ ਪਰਿਵਾਰ ਸਹਿਮਤ ਨਹੀਂ ਸੀ ਹੋ ਰਿਹਾ। ਇਸਦੇ ਚੱਲਦੇ ਹੀ ਲੜਕੀ ਦੇ ਭਰਾ ਜਸਪ੍ਰੀਤ ਸਿੰਘ ਜੱਸਾ ਅਤੇ ਹਰਪ੍ਰੀਤ ਸਿੰਘ ਹੈਪੀ ਵੱਲੋਂ ਅੱਜ ਜਗਜੀਤ ਸਿੰਘ ਨੂੰ ਤਰਨ ਤਾਰਨ ਦੇ ਬੱਸ ਅੱਡੇ ਦੇ ਬਾਹਰ-ਵਾਰ ਘੇਰ ਲਿਆ ਅਤੇ ਉਸਦਾ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ। ਮੁਲਜ਼ਮਾਂ ਵੱਲੋਂ ਕਿਰਚਾਂ ਦੇ ਕਈ ਵਾਰ ਮ੍ਰਿਤਕ ਦੇ ਸਿਰ ਅਤੇ ਮੂੰਹ 'ਤੇ ਕੀਤੇ ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।"
ਮਾਮਲਾ ਦਰਜ, ਦੂਜੇ ਮੁਲਜ਼ਮ ਦੀ ਭਾਲ ਜਾਰੀ
ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਦੇ ਐਸਐਚਓ ਪਰਮਜੀਤ ਸਿੰਘ ਵਿਰਦੀ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਸਬੰਧੀ ਥਾਣਾ ਸਿਟੀ ਦੀ ਪੁਲਿਸ ਵੱਲੋਂ ਬੀਐਨਐਸ ਦੀ ਦਫਾ 103, 3 (5) ਅਧੀਨ ਇੱਕ ਕੇਸ ਦਰਜ ਕੀਤਾ ਹੈ। ਡੀਐਸਪੀ ਜਸਪਾਲ ਸਿੰਘ ਨੇ ਦੱਸਿਆ ਕਿ ਇੱਕ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਦੂਸਰੇ ਦੀ ਭਾਲ ਕੀਤੀ ਜਾ ਰਹੀ ਹੈ।

