ETV Bharat / state

ਦੇਰ ਰਾਤ ਤੇਜ਼ ਰਫ਼ਤਾਰ ਕਾਰ ਦਾ ਕਹਿਰ, ਵੱਡਾ ਹਾਦਸਾ ਟਲਿਆ

ਕਾਰ ਵਿੱਚ ਸਵਾਰ ਚਾਰ ਨੌਜਵਾਨ ਹਿਰਾਸਤ ਵਿੱਚ, ਓਵਰਸਪੀਡ ਹਾਦਸੇ ਦੀ ਮੁੱਖ ਵਜ੍ਹਾ ਬਣੀ।

Amritsar Car Accident
ਤੇਜ਼ ਰਫ਼ਤਾਰ ਦਾ ਕਹਿਰ (Etv Bharat)
author img

By ETV Bharat Punjabi Team

Published : February 24, 2026 at 10:03 AM IST

2 Min Read
Choose ETV Bharat

ਅੰਮ੍ਰਿਤਸਰ: ਸ਼ਹਿਰ ਦੇ ਚਾਟੀਵਿੰਡ ਪੁਲ ਤੋਂ ਤਾਰਾਂ ਵਾਲੇ ਪੁੱਲ ਦੇ ਰੋਡ ਉੱਤੇ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਨਹਿਰ ਦੇ ਕਿਨਾਰੇ ਪਲਟ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਪਹਿਲਾਂ ਇੱਕ ਦੋ ਪਹੀਆ ਵਾਹਨ ਨਾਲ ਟਕਰਾਈ ਅਤੇ ਫਿਰ ਕਈ ਵਾਰ ਘੁੰਮਦੀ ਹੋਈ ਪਲਟ ਗਈ। ਗਨੀਮਤ ਇਹ ਰਹੀ ਕਿ ਕਾਰ ਨਹਿਰ ਵਿੱਚ ਨਹੀਂ ਡਿੱਗੀ, ਨਹੀਂ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ।

ਅੰਮ੍ਰਿਤਸਰ ਕਾਰ ਹਾਦਸਾ (Etv Bharat)

ਸਕੂਟੀ ਸਵਾਰ ਨੂੰ ਮਾਰੀ ਟੱਕਰ

ਹਾਦਸੇ ਵੇਲੇ ਕਾਰ ਵਿੱਚ ਚਾਰ ਨੌਜਵਾਨ ਸਵਾਰ ਸਨ। ਟੱਕਰ ਦੇ ਕਾਰਨ ਮੋਟਰਸਾਈਕਲ ਸਵਾਰ ਮਨਦੀਪ ਸਿੰਘ ਲੱਗਭਗ 20 ਫੁੱਟ ਦੂਰ ਜਾ ਡਿੱਗਿਆ। ਮਨਦੀਪ ਸਿੰਘ ਨੇ ਦੱਸਿਆ ਕਿ "ਉਹ ਆਪਣੀ ਐਕਟਿਵਾ 'ਤੇ ਜਾ ਰਿਹਾ ਸੀ ਕਿ ਅਚਾਨਕ ਪਿੱਛੋਂ ਬਹੁਤ ਜ਼ੋਰ ਦੀ ਆਵਾਜ਼ ਆਈ। ਉਸ ਨੇ ਹੈਂਡਲ ਮਜ਼ਬੂਤੀ ਨਾਲ ਫੜਿਆ ਪਰ ਕਾਰ ਦੀ ਟੱਕਰ ਇੰਨੀ ਤੇਜ਼ ਸੀ ਕਿ ਉਹ ਹਵਾ ਵਿੱਚ ਉੱਡ ਗਿਆ। ਉਸ ਦਾ ਕਹਿਣਾ ਹੈ ਕਿ ਪੱਗ ਪਹਿਨੀ ਹੋਣ ਕਾਰਨ ਹੀ ਉਸ ਦੀ ਜਾਨ ਬਚੀ, ਹਾਲਾਂਕਿ ਸਿਰ ਅਤੇ ਸਰੀਰ ’ਤੇ ਗੰਭੀਰ ਸੱਟਾਂ ਜ਼ਰੂਰ ਆਈਆਂ ਹਨ।"

ਤੇਜ਼ ਰਫ਼ਤਾਰ ਕਾਰਨ ਵਾਪਰਿਆ ਹਾਦਸਾ

ਕਾਰ ਵਿੱਚ ਸਵਾਰ ਨੌਜਵਾਨਾਂ ਨੇ ਦਾਅਵਾ ਕੀਤਾ ਕਿ ਗੱਡੀ ਦੀ ਰਫ਼ਤਾਰ ਸਿਰਫ਼ 60 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਸੀ, ਪਰ ਮੌਕੇ ’ਤੇ ਮੌਜੂਦ ਲੋਕਾਂ ਅਤੇ ਹਾਦਸੇ ਦੀ ਸਥਿਤੀ ਦੇਖ ਕੇ ਓਵਰਸਪੀਡ ਹੋਣ ਦੇ ਸ਼ੱਕ ਹੋਰ ਵਧ ਗਏ ਹਨ। ਹਾਦਸੇ ਤੋਂ ਬਾਅਦ ਲੋਕਾਂ ਵਿੱਚ ਗੁੱਸਾ ਵੀ ਵੇਖਣ ਨੂੰ ਮਿਲਿਆ ਅਤੇ ਨੌਜਵਾਨਾਂ 'ਤੇ ਨਸ਼ੇ ਵਿੱਚ ਹੋਣ ਦੇ ਦੋਸ਼ ਵੀ ਲੱਗੇ।

ਕਾਨੂੰਨ ਅਨੁਸਾਰ ਸਖ਼ਤ ਕਾਰਵਾਈ

ਉਥੇ ਹੀ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਮੋਹਿਤ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ "ਉਨ੍ਹਾਂ ਨੂੰ ਸੁਲਤਾਨਪੁਰ ਰੋਡ 'ਤੇ ਹਾਦਸੇ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਵਿੱਚ ਲਿਆ ਅਤੇ ਕਾਰ ਵਿੱਚ ਸਵਾਰ ਚਾਰਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਰ ਚਾਲਕ ਦਾ ਮੈਡੀਕਲ ਟੈਸਟ ਵੀ ਕਰਵਾਇਆ ਜਾਵੇਗਾ। ਦੋਸ਼ੀ ਪਾਏ ਜਾਣ ’ਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।"