ETV Bharat / state

ਮਾਤਾ ਕੌਸ਼ਲਿਆ ਹਸਪਤਾਲ ਦੀ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਮੀਟਰ ਰੀਡਰ ਯੂਨੀਅਨ ਦੇ 9 ਨੁਮਾਇੰਦੇ, ਸੰਘਰਸ਼ ਹੋਇਆ ਤੇਜ਼

ਕਈ ਮੁਲਾਜ਼ਮ ਪਿਛਲੇ 3 ਤੋਂ 15 ਸਾਲਾਂ ਤੋਂ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੇ ਹਨ, ਪਰ ਅਜੇ ਤੱਕ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਗਿਆ।

9 representatives of the meter reader union climbed onto the water tank of Mata Kaushalya Hospital in Patiala
ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਮੀਟਰ ਰੀਡਰ ਯੂਨੀਅਨ ਦੇ 9 ਨੁਮਾਇੰਦੇ (Etv Bharat)
author img

By ETV Bharat Punjabi Team

Published : July 1, 2026 at 6:30 PM IST

2 Min Read
Choose ETV Bharat

ਪਟਿਆਲਾ: ਪਿਛਲੇ ਕਈ ਦਿਨਾਂ ਤੋਂ ਪਾਵਰਕਾਮ ਦੇ ਮੁੱਖ ਦਫ਼ਤਰ ਦੇ ਬਾਹਰ ਧਰਨਾ-ਪ੍ਰਦਰਸ਼ਨ ਕਰ ਰਹੀ ਮੀਟਰ ਰੀਡਰ ਯੂਨੀਅਨ ਦੇ 9 ਨੁਮਾਇੰਦਿਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਤੇਜ਼ ਕਰਦਿਆਂ ਮਾਤਾ ਕੌਸ਼ਲਿਆ ਹਸਪਤਾਲ ਦੀ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ ਪ੍ਰਦਰਸ਼ਨ ਕੀਤਾ।

ਮੀਟਰ ਰੀਡਰ ਯੂਨੀਅਨ ਦੇ ਨੁਮਾਇੰਦੇ ਜਾਣਕਾਰੀ ਦਿੰਦੇ ਹੋਏ (Etv Bharat)

9 ਸਾਥੀ ਰੋਸ ਵਜੋਂ ਟੈਂਕੀ 'ਤੇ ਚੜ੍ਹੇ

ਪਾਵਰਕਾਮ ਆਊਟਸੋਰਸ ਮੀਟਰ ਰੀਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਵੈਦ ਨੇ ਦੱਸਿਆ ਕਿ "ਮੰਗਲਵਾਰ ਸ਼ਾਮ ਕਰੀਬ 4 ਵਜੇ ਯੂਨੀਅਨ ਦੇ 9 ਸਾਥੀ ਰੋਸ ਵਜੋਂ ਟੈਂਕੀ 'ਤੇ ਚੜ੍ਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੁੱਖ ਮੰਗ ਹੈ ਕਿ ਪੰਜਾਬ ਸਰਕਾਰ ਵੱਲੋਂ ਆਊਟਸੋਰਸ ਮੁਲਾਜ਼ਮਾਂ ਲਈ ਬਣਾਈ ਗਈ ਨੀਤੀ ਦਾ ਨੋਟੀਫਿਕੇਸ਼ਨ ਅਤੇ ਸਰਕੂਲਰ ਜਲਦ ਜਾਰੀ ਕੀਤਾ ਜਾਵੇ ਅਤੇ ਮੀਟਰ ਰੀਡਰਾਂ ਨੂੰ ਵਿਭਾਗ ਵਿੱਚ ਮਰਜ ਕਰਕੇ ਪੱਕੀ ਨਿਯੁਕਤੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕਈ ਮੁਲਾਜ਼ਮ ਪਿਛਲੇ 3 ਤੋਂ 15 ਸਾਲਾਂ ਤੋਂ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੇ ਹਨ, ਪਰ ਅਜੇ ਤੱਕ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਗਿਆ।"

ਪ੍ਰਸ਼ਾਸਨ ਨੇ 30 ਜੂਨ ਦਾ ਦਿੱਤਾ ਸੀ ਸਮਾਂ

ਲਖਵਿੰਦਰ ਸਿੰਘ ਵੈਦ ਨੇ ਇਲਜ਼ਾਮ ਲਗਾਇਆ ਕਿ ਪ੍ਰਸ਼ਾਸਨ ਨੇ ਪਹਿਲਾਂ 30 ਜੂਨ ਤੱਕ ਉਨ੍ਹਾਂ ਦੀਆਂ ਮੰਗਾਂ 'ਤੇ ਸਕਾਰਾਤਮਕ ਫ਼ੈਸਲਾ ਕਰਨ ਦਾ ਭਰੋਸਾ ਦਿੱਤਾ ਸੀ, ਪਰ ਨਿਰਧਾਰਤ ਸਮੇਂ ਤੱਕ ਕੋਈ ਠੋਸ ਫ਼ੈਸਲਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਾਲ 2022 ਵਿੱਚ ਸਰਕਾਰ ਵੱਲੋਂ ਮੀਟਰ ਰੀਡਰਾਂ ਨੂੰ ਪਹਿਲ ਦੇ ਆਧਾਰ 'ਤੇ ਪੱਕਾ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਅਤੇ ਵਿਭਾਗ ਵੱਲੋਂ ਲਿਖਤੀ ਪੱਤਰ ਵੀ ਜਾਰੀ ਕੀਤੇ ਗਏ ਸਨ ਕਿ ਜਦੋਂ ਵੀ ਨੀਤੀ ਲਾਗੂ ਹੋਵੇਗੀ, ਮੁਲਾਜ਼ਮਾਂ ਨੂੰ ਵਿਭਾਗ ਵਿੱਚ ਮਰਜ ਕੀਤਾ ਜਾਵੇਗਾ। ਇਸ ਦੇ ਬਾਵਜੂਦ ਅਜੇ ਤੱਕ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ।

ਪ੍ਰਦਰਸ਼ਨਕਾਰੀ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਆਪਣੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਹਨ, ਪਰ ਨਾ ਤਾਂ ਪ੍ਰਸ਼ਾਸਨ ਅਤੇ ਨਾ ਹੀ ਸਰਕਾਰ ਉਨ੍ਹਾਂ ਦੀ ਸੁਣਵਾਈ ਕਰ ਰਹੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਵਾਰ-ਵਾਰ ਮੰਗਾਂ ਉਠਾਉਣ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ।

ਪੁਲਿਸ ਪ੍ਰਸ਼ਾਸਨ ਮੌਕੇ ਉੱਤੇ ਮੌਜੂਦ

ਇਸ ਦੌਰਾਨ ਡੀਐਸਪੀ ਸਿਟੀ-1 ਸੰਜੀਵ ਸਿੰਘਲਾ ਨੇ ਕਿਹਾ ਕਿ "ਮੀਟਰ ਰੀਡਰ ਯੂਨੀਅਨ ਦੀਆਂ ਮੰਗਾਂ ਸਬੰਧੀ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਸਰਕਾਰ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਵਾਈ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਵੱਲੋਂ ਮਾਮਲੇ ਦਾ ਜਲਦੀ ਹੱਲ ਕੱਢਣ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਗੱਲਬਾਤ ਰਾਹੀਂ ਯੂਨੀਅਨ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਕੋਸ਼ਿਸ਼ ਜਾਰੀ ਹੈ।"