ਅਵਾਰਾ ਕੁੱਤਿਆਂ ਦਾ ਸ਼ਿਕਾਰ ਹੋਇਆ ਮਾਸੂਮ ਬੱਚਾ, ਇਲਾਜ ਦੌਰਾਨ ਹੋਈ ਮੌਤ
ਸੁਲਤਾਨਪੁਰ ਲੋਧੀ ਵਿਖੇ ਆਵਾਰਾ ਕੁੱਤਿਆਂ ਨੇ ਹਮਲਾ ਕਰਕੇ ਮਾਸੂਮ ਬੱਚੇ ਨੂੰ ਬੁਰੀ ਤਰ੍ਹਾਂ ਨੋਚ ਖਾਧਾ। ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ।

Published : February 27, 2026 at 9:35 PM IST
ਸੁਲਤਾਨਪੁਰ ਲੋਧੀ (ਕਪੂਰਥਲਾ): ਪੰਜਾਬ ’ਚ ਅਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਹੈ, ਜਿੱਥੇ 6 ਤੋਂ 7 ਆਵਾਰਾ ਕੁੱਤਿਆਂ ਨੇ ਹਮਲਾ ਕਰਕੇ ਇੱਕ 8 ਸਾਲਾ ਮਾਸੂਮ ਬੱਚੇ ਨੂੰ ਬੁਰੀ ਤਰ੍ਹਾਂ ਨੋਚ ਖਾਧਾ। ਹਮਲੇ ਦਾ ਸ਼ਿਕਾਰ ਬੱਚੇ ਨੂੰ ਮਾਪਿਆਂ ਨੇ ਗੰਭੀਰ ਹਾਲਤ ਵਿੱਚ ਪਹਿਲਾਂ ਸਿਵਲ ਹਸਪਤਾਲ ਦਾਖਲ ਕਰਵਾਇਆ ਸੀ, ਜਿੱਥੋਂ ਡਾਕਟਰਾਂ ਨੇ ਹਾਲਤ ਵੇਖਦਿਆਂ ਜਲੰਧਰ ਰੈਫਰ ਕਰ ਦਿੱਤਾ ਸੀ ਪਰ ਉੱਥੇ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।
'ਖੇਤਾਂ ਵਿੱਚ ਅਵਾਰਾ ਕੁੱਤਿਆਂ ਨੇ ਕੀਤਾ ਹਮਲਾ'
ਮ੍ਰਿਤਕ ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ "ਬੱਚਾ ਖੇਤਾਂ ਵਿੱਚ ਆਪਣੇ ਪਿਤਾ ਨੂੰ ਰੋਟੀ ਦੇਣ ਲਈ ਗਿਆ ਸੀ। ਆਪਣੇ ਪਿਤਾ ਨੂੰ ਖਾਣਾ ਦੇਣ ਤੋਂ ਬਾਅਦ, ਉਹ ਅਰਾਮ ਕਰਨ ਲਈ ਨੇੜਲੇ ਕਿਸੇ ਹੋਰ ਖੇਤ ਵਿੱਚ ਚਲਾ ਗਿਆ। ਇਸ ਦੌਰਾਨ ਅਵਾਰਾ ਕੁੱਤਿਆਂ ਦੇ ਝੁੰਡ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਬੁਰੀ ਤਰ੍ਹਾਂ ਨੋਚ ਦਿੱਤਾ।"
'ਡਾਕਟਰਾਂ ਨੇ ਐਲਾਨਿਆ ਮ੍ਰਿਤਕ'
ਉੱਤਰ ਪ੍ਰਦੇਸ਼ ਦੇ ਬਹਿਰਾਇਚ ਦੇ ਰਹਿਣ ਵਾਲੇ ਮ੍ਰਿਤਕ ਬੱਚੇ ਦੇ ਪਿਤਾ ਮੁਨੇਜ਼ਰ ਨੇ ਦੱਸਿਆ ਕਿ ਉਹ ਖੇਤਾਂ ਵਿੱਚ ਕੰਮ ਕਰ ਰਿਹਾ ਸੀ। ਦੁਪਹਿਰ ਵੇਲੇ ਉਸ ਦਾ ਪੁੱਤਰ ਉਸ ਨੂੰ ਖਾਣਾ ਦੇਣ ਆਇਆ। ਜਿਸ ਤੋਂ ਬਾਅਦ ਪੁੱਤਰ ਦੂਰ ਹੋਰ ਖੇਤ ਵਿੱਚ ਚਲਾ ਗਿਆ, ਜਿੱਥੇ 6 ਤੋਂ 7 ਕੁੱਤਿਆਂ ਦੇ ਝੁੰਡ ਨੇ ਉਸ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਕੁੱਤਿਆਂ ਨੇ ਉਸ ਨੂੰ ਬੁਰੀ ਤਰ੍ਹਾਂ ਵੱਢ ਲਿਆ। ਆਪਣੇ ਪੁੱਤਰ ਦੀਆਂ ਚੀਕਾਂ ਸੁਣ ਕੇ, ਪਿਤਾ ਨੇ ਭੱਜ ਕੇ ਬੱਚੇ ਵੂੰ ਕੁੱਤਿਆਂ ਕੋਲੋਂ ਛੁਡਵਾਇਆ ਅਤੇ ਗੰਭੀਰ ਹਾਲਤ 'ਚ ਇਲਾਜ ਲਈ ਜਲੰਧਰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇੱਕ ਬੱਚੇ ਨੂੰ ਅਵਾਰਾ ਕੁੱਤਿਆਂ ਦੁਆਰਾ ਵੱਢਣ ਅਤੇ ਬੁਰੀ ਤਰ੍ਹਾਂ ਜ਼ਖਮੀ ਕਰਨ ਦਾ ਕੇਸ ਆਇਆ ਸੀ। ਅਵਾਰਾ ਕੁੱਤਿਆਂ ਨੇ ਬੱਚੇ ਨੂੰ ਬੁਰੀ ਤਰ੍ਹਾਂ ਨੋਚ ਖਾਧਾ ਸੀ, ਬੱਚੇ ਦੀ ਹਾਲਤ ਬਹੁਤ ਗੰਭੀਰ ਸੀ। ਉਸਦੇ ਪੱਟ, ਲੱਤਾਂ, ਬਾਹਾਂ ਅਤੇ ਹੱਥਾਂ 'ਤੇ ਬੁਰੀ ਤਰ੍ਹਾਂ ਨੋਚੇ ਜਾਣ ਦੇ ਗੰਭੀਰ ਨਿਸ਼ਾਨ ਸਨ। ਜਿਸ ਤੋਂ ਬਾਅਦ ਬੱਚੇ ਨੂੰ ਜਲੰਧਰ ਸਿਵਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।-ਡਾਕਟਰ ਅਕਾਸ਼ਦੀਪ ਸ਼ਰਮਾ
ਹੁਣ ਕਿਸਦੀ ਹੋਵੇਗੀ ਜ਼ਿੰਮੇਵਾਰੀ ?
- ਪੰਜਾਬ ਮਿਊਂਸੀਪਲ ਐਕਟ, 1911 ਅਨੁਸਾਰ ਖਤਰਨਾਕ ਜਾਨਵਰਾਂ ‘ਤੇ ਕਾਬੂ ਅਤੇ ਜਨਤਾ ਦੀ ਸੁਰੱਖਿਆ ਯਕੀਨੀ ਬਣਾਉਣਾ ਸਥਾਨਕ ਬਾਡੀ ਦੀ ਡਿਊਟੀ ਹੈ।
- ਜਾਨਵਰਾਂ ਦੇ ਜਨਮ ਨਿਯੰਤਰਣ ਨਿਯਮ, 2001 ਮੁਤਾਬਕ ਆਵਾਰਾ ਕੁੱਤਿਆਂ ਦੀ ਨਸਬੰਦੀ, ਟੀਕਾਕਰਨ ਅਤੇ ਜੇਕਰ ਕੁੱਤਾ ਖ਼ਤਰਨਾਕ ਹੋਵੇ ਤਾਂ ਉਸ ਨੂੰ ਅਲੱਗ ਕਰਨਾ ਲਾਜ਼ਮੀ ਹੈ।
- ਇਸਦੇ ਨਾਲ ਹੀ ਜਾਨਵਰਾਂ ਪ੍ਰਤੀ ਬੇਰਹਿਮੀ ਰੋਕਥਾਮ ਐਕਟ, 1960 ਜਾਨਵਰਾਂ ਦੀ ਰੱਖਿਆ ਦੀ ਗੱਲ ਕਰਦਾ ਹੈ ਪਰ ਮਨੁੱਖੀ ਜ਼ਿੰਦਗੀ ਦੀ ਸੁਰੱਖਿਆ ਸਭ ਤੋਂ ਪਹਿਲੀ ਤਰਜੀਹ ਹੈ।
ਸੁਪਰੀਮ ਕੋਰਟ ਦੇ ਨਿਰਦੇਸ਼
ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਆਰਟੀਕਲ 21 ਅਧੀਨ ਜੀਵਨ ਅਤੇ ਸੁਰੱਖਿਆ ਹਰ ਨਾਗਰਿਕ ਦਾ ਮੂਲ ਅਧਿਕਾਰ ਹੈ। ਅਦਾਲਤਾਂ ਨੇ ਇਹ ਵੀ ਕਿਹਾ ਹੈ ਕਿ ਜੇ ਕਿਸੇ ਖੇਤਰ ਵਿੱਚ ਪ੍ਰਸ਼ਾਸਨਿਕ ਲਾਪਰਵਾਹੀ ਕਾਰਨ ਆਵਾਰਾ ਕੁੱਤਿਆਂ ਦੇ ਹਮਲੇ ਨਾਲ ਗੰਭੀਰ ਸੱਟ ਜਾਂ ਮੌਤ ਹੁੰਦੀ ਹੈ ਤਾਂ ਸਬੰਧਤ ਸਥਾਨਕ ਪ੍ਰਸ਼ਾਸਨ ਅਤੇ ਰਾਜ ਸਰਕਾਰ ਦੀ ਜ਼ਿੰਮੇਵਾਰੀ ਤੈਅ ਹੋ ਸਕਦੀ ਹੈ ਅਤੇ ਮੁਆਵਜ਼ਾ ਦਿੱਤਾ ਜਾ ਸਕਦਾ ਹੈ।

