ਟਰੈਕਟਰ ਥੱਲੇ ਆਉਣ ਨਾਲ ਮਾਸੂਮ ਦੀ ਮੌਤ, ਮਾਮੇ ਸਾਹਮਣੇ ਭਾਣਜੇ ਨੇ ਤੋੜਿਆ ਦਮ
ਮ੍ਰਿਤਕ ਬੱਚੇ ਦੀ ਪਛਾਣ ਗਗਨਦੀਪ ਸਿੰਘ ਵਜੋਂ ਹੋਈ ਹੈ, ਜੋ ਮਾਂ ਦੇ ਨਾਲ ਆਪਣੇ ਨਾਨਕੇ ਘਰ ਰਹਿ ਰਿਹਾ ਸੀ।


Published : August 30, 2026 at 12:43 PM IST
ਮੋਗਾ: ਕਸਬਾ ਧਰਮਕੋਟ ਅਧੀਨ ਪੈਂਦੇ ਪਿੰਡ ਰੇੜਮਾ ਵਿੱਚ ਸ਼ੁੱਕਰਵਾਰ ਨੂੰ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ। ਇਸ ਦਰਦਨਾਕ ਹਾਦਸੇ ਵਿੱਚ ਟਰੈਕਟਰ ਦੀ ਲਪੇਟ ਵਿੱਚ ਆਉਣ ਕਾਰਨ ਸਿਰਫ਼ ਤਿੰਨ ਸਾਲਾ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਗਗਨਦੀਪ ਸਿੰਘ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ ਅਤੇ ਪਿੰਡ ਵਿੱਚ ਵੀ ਮਾਹੌਲ ਗਮਗੀਨ ਬਣ ਗਿਆ।
ਮਾਂ ਦੇ ਨਾਲ ਆਪਣੇ ਨਾਨਕੇ ਘਰ ਰਹਿ ਰਿਹਾ ਸੀ ਗਗਨਦੀਪ ਸਿੰਘ
ਜਾਣਕਾਰੀ ਮੁਤਾਬਕ ਗਗਨਦੀਪ ਸਿੰਘ ਆਪਣੀ ਮਾਂ ਦੇ ਨਾਲ ਆਪਣੇ ਨਾਨਕੇ ਘਰ ਰਹਿ ਰਿਹਾ ਸੀ। ਸ਼ੁੱਕਰਵਾਰ ਨੂੰ ਉਸ ਦਾ ਮਾਮਾ ਟਰੈਕਟਰ ਸਟਾਰਟ ਕਰਕੇ ਖੇਤਾਂ ਵੱਲ ਜਾਣ ਦੀ ਤਿਆਰੀ ਕਰ ਰਿਹਾ ਸੀ। ਇਸੇ ਦੌਰਾਨ ਗਗਨਦੀਪ ਆਪਣੀ ਮਾਸੂਮੀਅਤ ਵਿੱਚ ਪਿੱਛੋਂ ਦੌੜਦਾ ਹੋਇਆ ਟਰੈਕਟਰ ਕੋਲ ਪਹੁੰਚ ਗਿਆ। ਪਰਿਵਾਰ ਵੱਲੋਂ ਦੱਸਿਆ ਗਿਆ ਕਿ "ਟਰੈਕਟਰ ਚਲਾ ਰਹੇ ਮਾਮੇ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਿਆ ਕਿ ਬੱਚਾ ਉਸ ਦੇ ਪਿੱਛੇ ਆ ਰਿਹਾ ਹੈ। ਜਦੋਂ ਮਾਮੇ ਨੇ ਟਰੈਕਟਰ ਪਿੱਛੇ ਕੀਤਾ ਤਾਂ ਗਗਨਦੀਪ ਅਚਾਨਕ ਟਰੈਕਟਰ ਦੀ ਲਪੇਟ ਵਿੱਚ ਆ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।"
ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਹਾਦਸੇ ਦੀ ਖ਼ਬਰ ਮਿਲਦੇ ਹੀ ਥਾਣਾ ਧਰਮਕੋਟ ਦੀ ਪੁਲਿਸ ਹਰਕਤ ਵਿੱਚ ਆਈ। ਥਾਣਾ ਧਰਮਕੋਟ ਦੇ ਐੱਸਐੱਚਓ ਜਤਿੰਦਰ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਘਟਨਾ ਸਬੰਧੀ ਜਾਣਕਾਰੀ ਇਕੱਠੀ ਕੀਤੀ। ਪੁਲਿਸ ਨੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੋਗਾ ਦੇ ਸਿਵਲ ਹਸਪਤਾਲ ਭੇਜ ਦਿੱਤਾ, ਜਿੱਥੇ ਪੋਸਟਮਾਰਟਮ ਦੀ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਧਰਮਕੋਟ ਦੇ ਐੱਸਐੱਚਓ ਇੰਸਪੈਕਟਰ ਜਤਿੰਦਰ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ "ਪਿੰਡ ਰੇੜਮਾ ਵਿੱਚ ਤਿੰਨ ਸਾਲਾ ਗਗਨਦੀਪ ਸਿੰਘ ਦੀ ਟਰੈਕਟਰ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋਈ ਹੈ। ਬੱਚੇ ਦੀ ਲਾਸ਼ ਮੋਗਾ ਦੇ ਸਿਵਲ ਹਸਪਤਾਲ ਵਿਖੇ ਰੱਖੀ ਗਈ ਹੈ।"
ਪੁਲਿਸ ਮੁਤਾਬਕ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਾਦਸੇ ਨੇ ਇੱਕ ਵਾਰ ਫਿਰ ਛੋਟੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ। ਖੇਤੀਬਾੜੀ ਨਾਲ ਜੁੜੇ ਵਾਹਨਾਂ ਦੇ ਆਲੇ-ਦੁਆਲੇ ਛੋਟੇ ਬੱਚਿਆਂ ਦੀ ਮੌਜੂਦਗੀ ਬੇਹੱਦ ਖ਼ਤਰਨਾਕ ਹੋ ਸਕਦੀ ਹੈ। ਤਿੰਨ ਸਾਲਾ ਗਗਨਦੀਪ ਦੀ ਇਸ ਦਰਦਨਾਕ ਮੌਤ ਨੇ ਪਰਿਵਾਰ ਨੂੰ ਗਹਿਰਾ ਸਦਮਾ ਦਿੱਤਾ ਹੈ।
ਬਾਈਟ ,SHO ਜਤਿੰਦਰ ਸਿੰਘ Conclusion:

